ਵਿਸਾਖੀ ਮੌਕੇ ਹੋਏ ਅੰਮ੍ਰਿਤ ਸੰਚਾਰ 'ਚ ਪੰਜ ਪਿਆਰਿਆਂ ਤੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ
ਨਕੋਦਰ (ਪਾਲੀ)-ਅਜੋਕੇ ਸਮੇਂ ਵਿਚ ਸਿੱਖ ਘਰਾਣਿਆਂ ਦੇ ਨੌਜਵਾਨਾਂ ਦਾ ਸਿੱਖੀ ਸਰੂਪ ਤੋਂ ਬੇਮੁੱਖ ਹੋਣਾ ਅਤੇ ਨਸ਼ਿਆਂ ਦੀ ਦਲਦਲ ਵਿਚ ਫਸਣਾ ਸਿੱਖ ਮਾਪਿਆਂ ਲਈ ਇਕ ਘੋਰ ਚਿੰਤਾ ਦਾ ਵਿਸ਼ਾ ਹੈ। ਪਰ ਫਿਰ ਵੀ ਕਿਤੇ-ਕਿਤੇ ਇਹੋ ਜਿਹਾ ਕ੍ਰਿਸ਼ਮਾ ਵਾਪਰ ਜਾਂਦਾ ਹੈ ਜੋ ਨਿਰਾਸ਼ ਸਿੱਖ ਸੰਗਤ ਦੇ ਹਿਰਦਿਆਂ ਨੂੰ ਧੀਰਜ ਅਤੇ ਹੌਸਲਾ ਬਖਸ਼ ਦਿੰਦਾ ਹੈ। ਇਸੇ ਤਰ੍ਹਾਂ ਦੀ ਇਕ ਉਦਾਹਰਣ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਨੌਜਵਾਨ ਫਿਲਮ ਕਲਾਕਾਰ ਕੇ.ਐੱਸ. ਮੱਖਣ ਸਿੰਘ ਸਜ ਗਏ ਤੇ ਉਨ੍ਹਾਂ ਨਵਾਂ ਨਾਨਕਸਰ ਠਾਠ ਬੁਲੰਦਪੁਰੀ ਵਿਖੇ ਵਿਸਾਖੀ ਮੌਕੇ ਹੋਏ ਅੰਮ੍ਰਿਤ ਸੰਚਾਰ 'ਚ ਪੰਜ ਪਿਆਰਿਆਂ ਤੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕ ਲਿਆ।
ਗਾਇਕ ਕੇ. ਐੱਸ. ਮੱਖਣ ਦੇ ਜੀਵਨ ਵਿਚ ਇਹ ਪਲਟਾ ਸੰਤ ਬਾਬਾ ਬਲਦੇਵ ਸਿੰਘ ਜੀ ਦੀ ਪ੍ਰੇਰਨਾ ਸਦਕਾ ਆਇਆ। ਮੱਖਣ ਅੰਮ੍ਰਿਤ ਛਕ ਤੇ ਸਿੰਘ ਸਜ ਜਿਵੇਂ ਹੀ ਪੰਡਾਲ ਵਿਚ ਚਿੱਟਾ ਕੁੜਤਾ-ਪਜ਼ਾਮਾ ਤੇ ਸਿਰ 'ਤੇ ਦਸਤਾਰ ਸਜਾ ਕੇ ਪਹੁੰਚੇ ਤਾਂ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਝਲਕ ਰਹੀ ਸੀ ਅਤੇ ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਨਜ਼ਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਗਾਇਕ ਕੇ. ਐੱਸ. ਮੱਖਣ ਦੀ ਪਤਨੀ ਅਤੇ ਦੋ ਬੱਚੇ ਪਹਿਲਾਂ ਹੀ ਅੰਮ੍ਰਿਤਧਾਰੀ ਹਨ। ਅੱਜ ਇਸ ਘਟਨਾ ਦੀ ਇਲਾਕੇ ਵਿਚ ਕਾਫੀ ਚਰਚਾ ਰਹੀ।