jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 20 April 2013

ਕੀ ਸੰਕੇਤ ਦੇ ਰਿਹੈ ਵਿੱਦਿਅਕ ਅਦਾਰਿਆਂ ਨੂੰ ਫਿਲਮਾਂ ਦੀ ਮਸ਼ਹੂਰੀ ਲਈ ਵਰਤਣ ਦਾ ‘ਫੰਡਾ’?

www.sabblok.blogspot.com
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਬੀਤੇ ਕੁਝ ਕੁ ਸਾਲਾਂ ਤੋਂ ਪੰਜਾਬੀ ਗਾਇਕੀ ਸਿਰਫ ਤੇ ਸਿਰਫ ਸਕੂਲਾਂ ਕਾਲਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਜਾਪਦੀ ਹੈ। ਕੋਈ ਵੀ ਗੀਤ ਹੋਵੇ ਜਾਂ ਗੀਤ ਦਾ ਫਿਲਮਾਂਕਣ ਹੋਵੇ, ਉਸ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਕਾਲਜ਼ ਦਾ ਜ਼ਿਕਰ ਜਾਂ ਕੋਈ ਨਾ ਕੋਈ ਦ੍ਰਿਸ਼ ਧੱਕੇ ਨਾਲ ‘ਘਸੋੜ’ ਦਿੱਤਾ ਜਾਂਦਾ ਹੈ ਤਾਂ ਜੋ ਸਕੂਲਾਂ ਕਾਲਜ਼ਾਂ ਵਿੱਚ ਪੜ੍ਹਦੀ ਨੌਜ਼ਵਾਨੀ ਨੂੰ ਚਮਲਾਇਆ ਜਾ ਸਕੇ। ਬੜੇ ਦਿਨਾਂ ਤੋਂ ਇਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਆ ਰਹੀਆਂ ਹਨ ਕਿ ਫਲਾਣੀ ਫਿਲਮ ਦੇ ਕਲਾਕਾਰ ਫਲਾਣੇ ਕੁੜੀਆਂ ਦੇ ਕਾਲਜ਼ ਵਿੱਚ ਫਿਲਮ ਦੀ ਪ੍ਰੋਮੋਸ਼ਨ ਲਈ ਗਏ। ਹਾਸੋਹੀਣਾ ਜਿਹਾ ਵੀ ਲੱਗ ਰਿਹਾ ਹੈ ਤੇ ਚਿੰਤਾ ਦਾ ਵਿਸ਼ਾ ਵੀ ਲੱਗ ਰਿਹਾ ਹੈ। ਹਾਸੋਹੀਣਾ ਇਸ ਕਰਕੇ ਕਿ ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਵੀ ਉਹਨਾਂ ਹੀ ਗੱਲਾਂ ‘ਤੇ ਵਧੇਰੇ ਖੁਸ਼ ਹੁੰਦੈ ਜਿਹੜੀਆਂ ਉਸਦੇ ਵਿਰੋਧ ‘ਚ ਵੀ ਜਾਂਦੀਆਂ ਹੋਣ ਤੇ ਚਿੰਤਾ ਇਸ ਗੱਲ ਦੀ ਕਿ ਜੇ ਪੜ੍ਹੇਲਿਖੇ ਹੀ ਇਸ ਤਰ੍ਹਾਂ ਦੀਆਂ ਘੁੰਮਣ ਘੇਰੀਆਂ ‘ਚ ਉਲਝੇ ਫਿਰਦੇ ਹਨ ਤਾਂ ਮੇਰੇ ਵਰਗੇ ਦੇਸੀ ਦਾ ਕੀ ਵੱਟੀਦੈ ਇਸ ਮੇਲੇ ‘ਚ? ਇੱਕ ਫਿਲਮ ਨੇ ਮਨੁੱਖਤਾ ਦੀ ਭਲਾਈ ਨਾਲ ਜੁੜੇ ਕਿੱਤੇ ਦੀ ਇੱਕ ਸੰਵਾਦ ਰਾਹੀਂ ਹੀ ਐਨੀ ਕੁ ਮਿੱਟੀ ਪੁੱਟੀ ਕਿ ਉਹ ਸੰਵਾਦ ਸਾਡੇ ਜਿਹਨ ਵਿੱਚ ਪਲ ਰਿਹਾ ਕਮੀਨਾਪਨ ਬਣ ਕੇ ਬਾਹਰ ਆ ਗਿਆ। ਸੰਵਾਦ ਲਿਖਣ, ਬੋਲਣ, ਫਿਲਮ ਬਨਾਉਣ ਤੇ ਦੇਖਣ ਵਾਲੇ ਲੋਕ ਵੀ ਡੁੰਨਵੱਟੇ ਬਣੇ ਸੁਣ ਗਏ ਇਹ ਭੁੱਲ ਕੇ ਕਿ ਇਹਨਾਂ ਕਲਾਕਾਰਾਂ ਤੋਂ ਲੈ ਕੇ ਆਮ ਦਰਸ਼ਕਾਂ ਨੂੰ ਵੀ ਦੁਨੀਆ ਦਿਖਾਉਣ ‘ਚ ਨਰਸਾਂ ਦਾ ਅਹਿਮ ਰੋਲ ਹੁੰਦੈ। ਫਿਰ ਕਿਸੇ ਨੂੰ ਕੀ ਰੋਸਾ ਜਦੋਂ ਉਸੇ ਫਿਲਮ ਦੀ ਪ੍ਰੋਮੋਸ਼ਨ ਜਾਣੀਕਿ ਮਸ਼ਹੂਰੀ ਹੀ ਜਿਆਦਾਤਰ ਨਰਸਿੰਗ ਕਾਲਜ਼ਾਂ ‘ਚ ਕੀਤੀ ਗਈ। ਇਸ ਤੋਂ ਵੱਧ ਬੇਸ਼ਰਮੀ ਦੀ ਗੱਲ ਕੀ ਹੋਵੇਗੀ ਕਿ ਜਿਹੜੇ ਕਿੱਤੇ ਦੀ ਮਿੱਟੀ ਪੁੱਟੀ ਉਸੇ ਕਿੱਤੇ ਨਾਲ ਸੰਬੰਧਤ ਕਾਲਜਾਂ ਦੇ ਵਿਹੜਿਆਂ ਵਿੱਚ ਹੀ ਧੁੱਪ ਵਾਲੀਆਂ ਐਨਕਾਂ ਲਾਈ ਫਿਰਦੇ ਅਖੌਤੀ ਕਲਾਕਾਰਾਂ ਤੋਂ ਨਰਸ ਵਿਦਿਆਰਥਣਾਂ ‘ਆਟੋਗ੍ਰਾਫ਼’ ਲੈਂਦੀਆਂ ਅਖਬਾਰਾਂ ਨੇ ਦਿਖਾਈਆਂ ਸਨ। ਇਸ ਤੋਂ ਇਲਾਵਾ ਇੱਕ ਫਿਲਮ ਬਾਰੇ ਕਾਫੀ ‘ਰੌਲਾ’ ਪਾਇਆ ਗਿਆ ਜਿਸ ਵਿੱਚ ਪੰਜਾਬ ਦੇ ਚੋਟੀ ਦੇ ਹਾਸਰਸ ਕਲਾਕਾਰ ਜੋ ਖੁਦ ਵੀ ਅਧਿਆਪਨ ਕਿੱਤੇ ਨਾਲ ਜੁੜਿਆ ਹੋਇਆ ਹੈ। ਉਸ ਵਿੱਚ ਤਾਂ ਇੱਕ ਪ੍ਰੋਫੈਸਰ ਨੂੰ ਆਪਣੀ ਸਹਿ-ਅਧਿਆਪਕਾ ਨਾਲ ਕਲਾਸ ਰੂਮ ਦੇ ਪਿਛਲੇ ਬੈਚਾਂ ਪਿੱਛੇ ਲੁਕ ਕੇ ਚੁੰਝਾਂ ਲੜਾਉਂਦੇ ਦਿਖਾਇਆ ਗਿਆ ਹੈ। ਇਸ ਫਿਲਮ ਰਾਹੀਂ ਵੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ‘ਆਦਰਸ਼’ ਸਬਕ ਦਿੱਤਾ ਗਿਆ ਸੀ ਕਿ ਕਾਲਜਾਂ ਵਿੱਚ ਤਾਂ ਪੜ੍ਹਾਉਣ ਵਾਲੇ ਵੀ ਮਾਣ ਨਹੀਂ ਫਿਰ ਤੁਹਾਡੀਆਂ ਧੀਆਂ ਜਾਂ ਪੁੱਤ ਤਾਂ ਉਹਨਾਂ ਨਾਲੋਂ ਵੀ ਚਾਰ ਰੱਤੀਆਂ ਵਧਕੇ ਆਸ਼ਕੀ ਕਰਦੇ ਹੋਣਗੇ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਆਪਣੇ ਕਾਲਜਾਂ ਵਿੱਚ ਆਪਣੇ ਹੀ ਮੂੰਹਾਂ ‘ਤੇ ਭਿਉਂ ਭਿਉਂ ਕੇ ਚਪੇੜਾਂ ਮਾਰਨ ਆਏ ਇਹਨਾਂ ਕਲਾਕਾਰਾਂ ਨੂੰ ਕਿਸੇ ਵਿਦਿਆਰਥੀ ਜਾਂ ਅਧਿਆਪਕ ਨੇ ਇਹ ਸਵਾਲ ਹੀ ਨਹੀਂ ਕੀਤਾ ਕਿ ਉਕਤ ਫਿਲਮਾਂ ਉਹਨਾਂ ਦਾ ਸਸਤਾ ਮਨੋਰੰਜਨ ਕਰਨ ਲਈ ਹਨ ਜਾਂ ਉਹਨਾਂ ਦੀ ਸਮਾਜਿਕ ਆਜਾਦੀ ਦੇ ਪੈਰਾਂ ਵਿੱਚ ਬੇੜੀਆਂ ਪਾਉਣ ਲਈ ਹਨ?
ਸਤੰਬਰ ਮਹੀਨੇ ਦੇ ਆਖਰੀ ਦਿਨ ਅਤੇ ਅਕਤੂਬਰ ਦੇ ਪਹਿਲੇ ਦੂਜੇ ਹਫ਼ਤੇ ਵੱਖ ਵੱਖ ਯੁਨੀਵਰਸਿਟੀਆਂ ਦੇ ਯੁਵਕ ਮੇਲਿਆਂ ਦਾ ਬਾਹਵਾ ਜ਼ੋਰ ਹੁੰਦੈ। ਇਸ ਵਰ੍ਹੇ ਦੇ ਇਹਨਾਂ ਯੁਵਕ ਮੇਲਿਆਂ ਨੂੰ ਜੇਕਰ ਫਿਲਮ ਮਸ਼ਹੂਰੀ ਮੇਲੇ ਕਹਿ ਲਿਆ ਜਾਵੇ ਤਾਂ ਅਤਿਕਤਨੀ ਨਹੀਂ ਹੋਵੇਗੀ। ਲਗਭਗ ਰਿਲੀਜ਼ ਹੋਣ ਜਾ ਰਹੀ ਫਿਲਮ ਦੀ ਮਸ਼ਹੂਰੀ ਲਈ ਇਹਨਾਂ ਮੇਲਿਆਂ ਦੇ ਅਸਲ ਮਕਸਦ ਦੀ ਬਲੀ ਦਿੱਤੀ ਜਾ ਰਹੀ ਜਾਪਦੀ ਹੈ। ਕਿਉਂਕਿ ਯੁਵਕਾਂ ਨੂੰ ਲੋਕ ਕਲਾਵਾਂ ‘ਚ, ਲਲਿਤ ਕਲਾਵਾਂ ਜਾਂ ਪੜ੍ਹਾਈ ਨਾਲ ਜੋੜਨ ਵਾਲੇ ਇਹਨਾਂ ਮੇਲਿਆਂ ਵਿੱਚ ਪ੍ਰਚਾਰ ਹੀ ਉਹਨਾਂ ਫਿਲਮਾਂ ਦਾ ਕੀਤਾ ਜਾ ਰਿਹਾ ਹੈ ਜਿਹਨਾਂ ਵਿੱਚ ਕਾਲਜ਼ਾਂ ਦੇ ਦ੍ਰਿਸ਼ ਹੀ ਇਸ ਕਰਕੇ ਲਏ ਹੁੰਦੇ ਹਨ ਕਿ ਕਾਲਜੀਏਟ ‘ਮੰਡੀਰ’ ਨੂੰ ਫਿਲਮ ਵੱਲ ਰੁਚਿਤ ਕੀਤਾ ਜਾ ਸਕੇ। ਪਿਛਲੇ ਕੁਝ ਕੁ ਸਾਲਾਂ ਵੱਲ ਪਿੱਛਲਝਾਤੀ ਮਾਰੀਏ ਤਾਂ ਯੁਵਕ ਮੇਲੇ ਲੋਕ ਕਲਾਵਾਂ ਨੂੰ ਨਿਖਾਰਨ ਅਤੇ ਵਿਦਿਆਰਥੀਆਂ ਨੂੰ ਨਰੋਈ ਸੇਧ ਦੇਣ ਦਾ ਰੋਲ ਅਦਾ ਕਰਦੇ ਸਨ। ਕਾਲਜ਼ਾਂ ਵਿੱਚ ਵੀ ਵੱਖ ਵੱਖ ਖੇਤਰਾਂ ‘ਚ ਨਾਮਣਾ ਖੱਟ ਚੁੱਕੀਆਂ ਪ੍ਰਤਿਭਾਸ਼ੀਲ ਹਸਤੀਆਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਜਾਂਦਾ ਸੀ ਤਾਂ ਜੋ ਉਸ ਹਸਤੀ ਤੋਂ ਪ੍ਰਭਾਵਿਤ ਹੋ ਕੇ ਵਿਦਿਆਰਥੀ ਕੁਝ ਨਾ ਕੁਝ ਵੱਖਰਾ ਕਰਨ ਦੀ ਠਾਣ ਸਕਣ ਪਰ ਅੱਜਕੱਲ੍ਹ ਕਾਲਜ਼ ਪਰਬੰਧਕ ਵੀ ਆਪਣੇ ਫਰਜ਼ਾਂ ਅਤੇ ਮਕਸਦ ਤੋਂ ਭਟਕ ਗਏ ਮਹਿਸੂਸ ਹੋ ਰਹੇ ਹਨ। ਟੈਲੀਵਿਜ਼ਨ ਚੈੱਨਲਾਂ ਵੱਲੋਂ ਸੰਗੀਤ ਦੇ ਨਾਂ ‘ਤੇ ਧੜਾਧੜ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਉਸ ਪ੍ਰੋਗ੍ਰਾਮ ਲਈ ਪ੍ਰਤੀਯੋਗੀ ਲੱਭਣ ਲਈ ਕਾਲਜਾਂ ਵੱਲ ਨੂੰ ਸੂਟਾਂ ਵੱਟ ਲਈਆਂ ਜਾਂਦੀਆਂ ਹਨ। ਇਉਂ ਮਹਿਸੂਸ ਹੁੰਦੈ ਜਿਵੇਂ ਇਹ ਅਖੌਤੀ ਸੰਗੀਤ ਪ੍ਰੇਮੀ ਪੂਰੇ ਪੰਜਾਬ ਨੂੰ ‘ਤਾਨਸੈਨ’ ਬਣਾ ਕੇ ਹੀ ਦਮ ਲੈਣਗੇ। ਕਲਾ ਨੂੰ ਨਿਖਾਰਨਾ ਤੇ ਕਲਾ ਦਾ ਮੁੱਲ ਪਾਉਣਾ ਬੁਰੀ ਗੱਲ ਨਹੀਂ ਪਰ ਕਲਾ ਦੇ ਨਾਂ ‘ਤੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਵਿੱਦਿਆ ਦੇ ਮੰਦਰ ਮੰਨੇ ਜਾਂਦੇ ਸਕੂਲਾਂ ਕਾਲਜਾਂ ਨੂੰ ‘ਵਰਤਣਾ’ ਵੀ ਚੰਗੀ ਗੱਲ ਨਹੀਂ ਹੈ। ਇਹਨਾਂ ਗੱਲਾਂ ਦਾ ਜ਼ਿਕਰ ਇਸ ਕਰ ਕੇ ਕਰ ਰਿਹਾ ਹਾਂ ਕਿ ਪਿਛਲੇ ਵਰ੍ਹਿਆਂ ‘ਚ ਸਕੂਲਾਂ ਕਾਲਜਾਂ ਵਿੱਚ ਰਾਸ਼ਟਰੀ ਸੇਵਾ ਯੋਜਨਾ ਤਹਿਤ ਕੈਂਪ ਲਗਾਏ ਜਾਂਦੇ ਸਨ। ਵਿਦਿਆਰਥੀ ਕੈਂਪ ਦੌਰਾਨ ਕਾਲਜ਼ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਗਲੀਆਂ ਨਾਲੀਆਂ ਦੀ ਸਫਾਈ ਆਦਿ ਵੀ ਕਰਨ ਜਾਂਦੇ ਸਨ। ਅਜਿਹੇ ਕਈ ਕੈਂਪਾਂ ਵਿੱਚ ਸੇਵਾ ਕਰਨ ਦਾ ਮੌਕਾ ਕਾਲਜ਼ ਪੜ੍ਹਦਿਆਂ ਖੁਦ ਵੀ ਹਾਸਲ ਕਰ ਚੁੱਕਾ ਹਾਂ। ਅੱਜ ਕੱਲ੍ਹ ਇਹਨਾਂ ਕੈਂਪਾਂ ਬਾਰੇ ਕੋਈ ਟਾਂਵੀਂ ਟਾਵੀਂ ਖਬਰ ਹੀ ਪੜ੍ਹਨ ਨੂੰ ਮਿਲਦੀ ਪਰ ਇਹਨਾਂ ਕਲਾਕਾਰਾਂ ਵੱਲੋਂ ਕਾਲਜਾਂ ਦੇ ਗੇੜਿਆਂ ਦੀਆਂ ਖਬਰਾਂ ਰੋਜ਼ਾਨਾ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਇੰਨੇ ਵੱਡੇ ਬਦਲਾਅ ਦੀ ਵਜ੍ਹਾ ਜਾਣਦਿਆਂ ਇਸੇ ਸਿੱਟੇ ‘ਤੇ ਹੀ ਪਹੁੰਚਾਂਗੇ ਕਿ ਜਿਸ ਵੀ ਕੌਮ ਨੂੰ ਇਤਿਹਾਸ ਦੇ ਨਕਸ਼ੇ ‘ਚੋਂ ਗਾਇਬ ਕਰਨਾ ਹੋਵੇ ਜਾਂ ਜਿਸਦੀਆਂ ਨਸਾਂ ਵਿੱਚ ਵਗਦੇ ਖੂਨ ਨੂੰ ਗੰਦੇ ਪਾਣੀ ਵਰਗਾ ਬਨਾਉਣਾ ਹੋਣੇ ਤਾਂ ਉਸਦੇ ਵਿਦਿਆਰਥੀਆਂ ਦੇ ਅਜਿਹੇ ਅਖੌਤੀ ਸੱਭਿਆਚਾਰ ਦੇ ਟੀਕੇ ਲਗਾ ਦਿਉ ਤਾਂ ਜੋ ਉਹਨਾਂ ਨੂੰ ਮਸਤਪੁਣੇ ਤੋਂ ਇਲਾਵਾ ਹੋਰ ਕੁਝ ਦਿਸੇ ਹੀ ਨਾ। ਅੱਜ ਦੇ ਦਿਨਾਂ ਵਿੱਚ ਜੇਕਰ ਕਿਸੇ ਮਾਂ ਪਿਓ ਦਾ ਵਿਚਾਰ ਜਾਨਣਾ ਹੋਵੇ ਤਾਂ ਉਹਨਾਂ ਦਾ ਜਵਾਬ ਵੀ ਇਹੀ ਹੋਵੇਗਾ ਕਿ “ਪੜ੍ਹਨਾ ਪੁੜ੍ਹਨਾ ਇਹਨਾਂ ਨੇ ਕੀ ਆ ਓਥੇ? ਫਿਲਮਾਂ ਦੇਖ ਕੇ ਮੁੜ ਆਉਂਦੇ ਆ।” ਕੀ ਸਸਤੀ ਸ਼ਹੁਰਤ ਜਾਣੀਕਿ ਅਖ਼ਬਾਰਾਂ ਰਾਹੀਂ ਆਪਣੇ ਕਾਲਜਾਂ ਦਾ ਨਾਂ ਚਮਕਾਉਣ ਦੇ ਚਾਹਵਾਨ ਕਾਲਜ਼ ਪ੍ਰਬੰਧਕ ਆਪਣੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ? ਇਹ ਗੱਲ ਵਿਚਾਰਨਯੋਗ ਹੈ ਕਿ ਜੇਕਰ ਮਾਨਸਿਕ ਨਿਪੁੰਸਕਤਾ ਕਿਸੇ ਸਰੀਰ ਦਾ ਹਿੱਸਾ ਬਣ ਜਾਵੇ ਤਾਂ ਸਰੀਰਕ ਨਿਪੁੰਸਕਤਾ ਦੇ ਆਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪੈਦਾਵਾਰ ਸਰੀਰਕ ਨਿਪੁੰਸਕਤਾ ਦਾ ਇਲਾਜ਼ ਕਰਨ ਵਾਲੇ ਵੈਦਾਂ ਹਕੀਮਾਂ ਦੀਆਂ ਡਾਰਾਂ ਲੱਭ ਜਾਣਗੀਆਂ ਪਰ ਮਾਨਸਿਕ ਨਿਪੁੰਸਕਤਾ ਦਾ ਕਿੱਧਰੇ ਕੋਈ ਇਲਾਜ ਨਹੀਂ ਹੈ ਤੇ ਇਹ? ਹੈ ਵੀ ਸਰੀਰਕ ਨਾਲੋਂ ਕਰੋੜਾਂ ਦਰਜ਼ੇ ਵਧੇਰੇ ਖਤਰਨਾਕ। ਜਿਵੇਂ ਇੱਕ ਡੇਰੇ ਬਾਰੇ ਚਰਚਾ ਛਿੜੀ ਸੀ ਕਿ ਉੱਥੇ ਸੇਵਾਦਾਰਾ ਨੂੰ ਨਿਪੁੰਸਕ ਬਣਾ ਦਿੱਤਾ ਜਾਂਦੈ, ਬਿਲਕੁਲ ਉਸੇ ਤਰ੍ਹਾਂ ਹੀ ਜਿਹੜੇ ਕਾਲਜ਼ ਪ੍ਰਬੰਧਕ ਅਜਿਹੇ ਫਿਲਮਕਾਰਾਂ ਨੂੰ ਆਪਣੇ ਵਿਹੜੇ ‘ਚ ਸ਼ਮਿਆਨੇ ਲਾ ਕੇ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਨੂੰ ਆਏ ਫਿਲਮੀ ਮਹਿਮਾਨਾਂ ਦੀਆਂ ਟਪੂਸੀਆਂ ‘ਤੇ ਤਾੜੀਆਂ ਮਾਰਨ ਲਈ ਬਿਠਾ ਦਿੰਦੇ ਹਨ ਉਹ ਵੀ ਆਪਣੇ ਚੇਲੇ ਚੇਲੀਆਂ ਨੂੰ ਮਾਨਸਿਕ ਤੌਰ ‘ਤੇ ਨਿਪੁੰਸਕ ਬਣਾਉਣ ਦੇ ਭਾਗੀਦਾਰ ਨਹੀਂ ਬਣ ਰਹੇ ਤਾਂ ਹੋਰ ਕੀ ਹੈ

No comments: