jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 April 2013

ਗ਼ਦਰੀ ਬਾਬਿਆਂ ਨਾਲ ਖੱਬੇ ਪੱਖੀ ਚਿੰਤਕਾਂ ਨੇ ਇਨਸਾਫ਼ ਨਹੀਂ ਕੀਤਾ

www.sabblok.blogspot.com


ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਗਦਰ ਪਾਰਟੀ ਲਹਿਰ
ਸੰਬੰਧੀ ਕਰਵਾਏ ਸੈਮੀਨਾਰ 'ਚ ਚਿੰਤਕਾਂ ਨੇ ਉਭਾਰੇ ਯਥਾਰਥਕ ਮੁੱਦੇ


ਪਟਿਆਲਾ-ਬੀਤੇ ਦਿਨੀਂ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਵਰ੍ਹੇ ਵਜੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 4 ਅਪ੍ਰੈਲ ਨੂੰ ਪੰਜਾਬ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ''ਭਾਰਤ ਦੀਆਂ ਅਜ਼ਾਦੀ ਲਹਿਰਾਂ ਵਿਚ ਗ਼ਦਰ ਲਹਿਰ ਦਾ ਸਥਾਨ ਅਤੇ ਯੋਗਦਾਨ” ਦੇ ਵਿਸ਼ੇ ਉੱਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕੀਤਾ ਗਿਆ, ਜਿਸ ਵਿਚ ਪਹੁੰਚੇ ਵਿਦਵਾਨਾਂ ਨੇ ਗ਼ਦਰ ਲਹਿਰ ਦੇ ਅਣਗੌਲੇ ਕਰ ਦਿੱਤੇ ਗਏ ਪੱਖਾਂ ਨੂੰ ਉਭਾਰਿਆ। ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਤੇ ਉੱਘੇ ਸਿੱਖ ਚਿੰਤਕ ਅਜਮੇਰ ਸਿੰਘ, ਕੌਮਾਂਤਰੀ ਪੱਧਰ ਦੇ ਖੋਜੀ ਡਾ. ਦਰਸ਼ਨ ਸਿੰਘ ਤਾਤਲਾ ਤੇ 'ਗ਼ਦਰ ਲਹਿਰ ਦੀ ਅਸਲੀ ਗਾਥਾ' ਪੁਸਤਕ ਲੜੀ ਦੇ ਸੰਪਾਦਕ ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਸੈਮੀਨਾਰ ਵਿਚ ਪਹੁੰਚੇ ਵਿਦਵਾਨਾਂ ਦਾ ਸਵਾਗਤ ਕੀਤਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀਆਂ ਕਵਿਤਾਵਾਂ ਅੰਦਰ ਜਗ੍ਹਾ ਜਗ੍ਹਾ ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ ਨੂੰ ਚਿਤਾਰਦੇ ਹੋਏ ਉਨ੍ਹਾਂ ਕੋਲੋਂ ਸ਼ੁਭ ਕਰਮਨ ਲਈ ਜੂਝਣ ਦੀ ਪ੍ਰੇਰਨਾ ਲਈ ਗਈ ਹੈ। ਸਟੇਜ ਦੀ ਪਿਛਲੀ ਕੰਧ ਉੱਤੇ ਲੱਗੀ ਗ਼ਦਰੀ ਬਾਬਿਆਂ ਦੀ ਗਰੁੱਪ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਪ੍ਰੋ: ਵਾਲੀਆ ਨੇ ਕਿਹਾ ਕਿ ਫੋਟੋ ਹੀ ਦਰਸਾਉਂਦੀ ਹੈ ਕਿ ਗ਼ਦਰੀ ਬਾਬੇ ਗੁਰਸਿੱਖ ਸਨ ਅਤੇ ਉਨ੍ਹਾਂ ਨੇ ਸਿੱਖੀ ਦੇ ਇਨਕਲਾਬੀ ਵਿਰਸੇ ਤੋਂ ਪ੍ਰੇਰਿਤ ਹੋ ਕੇ ਹੀ ਭਾਰਤ ਦੀ ਆਜ਼ਾਦੀ ਦਾ ਸੰਗਰਾਮ ਵਿੱਢਿਆ ਸੀ। ਇਸ ਉਪਰੰਤ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਕ ਕਾਰਕੁੰਨ ਜਗਤਾਰ ਸਿੰਘ ਨੇ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਵੱਲੋਂ ਸੈਮੀਨਾਰ ਲਈ ਲਿਖੇ ਪਰਚੇ ਦੀ ਸੰਖੇਪ ਰੂਪ ਵਿਚ ਜਾਣ ਪਛਾਣ ਕਰਵਾਈ ਤੇ ਸਰੋਤਿਆਂ ਨੂੰ ਦੱਸਿਆ ਕਿ ਪ੍ਰੋ: ਸਾਹਿਬ ਸਿਹਤ ਦੇ ਕਾਰਨਾਂ ਕਰਕੇ ਸੈਮੀਨਾਰ ਵਿਚ ਸ਼ਾਮਲ ਨਹੀਂ ਹੋ ਸਕੇ।
ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੱਬੇ-ਪੱਖੀਆਂ ਨੇ ਗ਼ਦਰ ਲਹਿਰ ਦੇ ਬੁਨਿਆਦੀ ਖ਼ਾਸੇ ਨੂੰ ਨਾ ਸਿਰਫ ਅੱਖੋਂ ਪਰੋਖੇ ਕੀਤਾ ਹੈ, ਬਲਕਿ ਇਸ ਲਹਿਰ ਨਾਲ ਜੁੜੇ ਅਸਲ ਤੱਥਾਂ ਨੂੰ ਛੁਪਾਉਣ ਦੇ ਸੁਚੇਤ ਯਤਨ ਵੀ ਕੀਤੇ ਹਨ। ''ਗਦਰ ਲਹਿਰ ਵਿਚ ਗੁਰਦੁਆਰਿਆਂ ਦਾ ਕੇਂਦਰੀ ਰੋਲ” ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਹੀ ਨੇ ਕਿਹਾ ਕਿ ਇਹ ਲਹਿਰ ਧਾਰਮਿਕ ਬਿਰਤੀ ਵਾਲੇ ਸਿੱਖਾਂ ਵੱਲੋਂ ਆਪਣੇ ਵਿਰਸੇ ਅਤੇ ਸਿੱਖੀ ਸਿਧਾਂਤ ਤੋਂ ਸੇਧ ਲੈਂਦਿਆਂ ਅਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਗਈ ਸੀ, ਜਿਸ ਦੇ ਕੇਂਦਰ ਸਿੱਖ ਗੁਰਦੁਆਰੇ ਹੀ ਸਨ। ਉਸ ਨੇ ਸਟੇਜ ਉਤੇ ਲੱਗੀ ਗ਼ਦਰੀ ਬਾਬਿਆਂ ਦੀ ਗਰੁੱਪ ਫੋਟੋ ਦੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਇਹ ਫੋਟੋ 1930 ਈ: ਵਿਚ ਅੰਮ੍ਰਿਤਸਰ ਵਿਖੇ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਦਫਤਰ ਵਿਚ ਗੁਰਦਿਆਲ ਸਿੰਘ ਫੋਟੋਗਰਾਫਰ ਨੇ ਉਸ ਵਕਤ ਖਿੱਚੀ ਸੀ ਜਦੋਂ ਲੱਗਭੱਗ ਸਾਰੇ ਬਾਬੇ ਜੇਲ੍ਹਾਂ ਵਿਚੋਂ ਬਾਹਰ ਆ ਚੁੱਕੇ ਸਨ। ਉਸ ਨੇ ਦੱਸਿਆ ਕਿ ਫੋਟੋ ਵਿਚ ਸ਼ਾਮਲ ਸਾਰੇ ਬਾਬੇ ਅੰਮ੍ਰਿਤਧਾਰੀ ਹਨ ਤੇ ਬਾਬਾ ਵਿਸਾਖਾ ਸਿੰਘ ਦਦੇਹਰ ਤੇ ਹੋਰ ਬਾਬਿਆਂ ਦੇ ਹੱਥਾਂ ਵਿਚ ਸ੍ਰੀ ਸਾਹਿਬ ਫੜੀ ਹੋਈ ਹੈ। ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਗ਼ਦਰੀ ਬਾਬੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਸਨ ਤੇ ਉਨ੍ਹਾਂ ਨੇ ਜ਼ਿੰਦਗੀ ਭਰ ਸਿੱਖ ਧਰਮ ਦੇ ਅਸੂਲਾਂ ਨੂੰ ਅਪਣਾਈ ਰੱਖਿਆ ਸੀ।
ਡਾ. ਦਰਸ਼ਨ ਸਿੰਘ ਤਾਤਲਾ ਨੇ ''ਗ਼ਦਰੀ ਵਿਰਾਸਤ - ਸਮਕਾਲੀ ਪ੍ਰਸੰਗਿਕਤਾ” ਵਿਸ਼ੇ ਉੱਤੇ ਆਪਣਾ ਪਰਚਾ ਪੜ੍ਹਿਆ, ਜੋ ਕਿ ਇਸ ਨੁਕਤੇ ਉੱਤੇ ਕੇਂਦਰਿਤ ਸੀ ਕਿ ਪੰਜਾਬ ਦੀ ਵਾਰਸ ਧਿਰ ਹੀ ਅਸਲ ਵਿਚ ਗ਼ਦਰੀ ਬਾਬਿਆਂ ਦੀ ਵਾਰਸ ਹੋ ਸਕਦੀ ਹੈ। ਪੰਜਾਬੀ ਸੂਬੇ ਦੇ ਮਾਮਲੇ, ਕੇਂਦਰ ਦੀਆਂ ਸ਼ਕਤੀਆਂ ਨੂੰ ਮੁੜ-ਪ੍ਰਭਾਸ਼ਿਤ ਕਰਨ ਤੇ ਸੰਘੀ ਢਾਂਚੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੇ ਮਾਮਲੇ ਤੇ 1984 ਦੇ ਦੁਖਾਂਤ ਬਾਰੇ ਖੱਬੇ-ਪੱਖੀਆਂ ਦੀ ਪਹੁੰਚ ਪੰਜਾਬ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਖੱਬੇ-ਪੱਖੀ ਧਿਰ ਕੇਂਦਰ ਸਰਕਾਰ ਦੀ ਪਹੁੰਚ ਅਪਣਾਅ ਕੇ ਹੀ ਚੱਲਦੀ ਰਹੀ ਹੈ ਜਦਕਿ ਗਦਰੀ ਬਾਬਿਆਂ ਦੀ ਵਿਚਾਰਧਾਰਾ ਇਨਸਾਫ 'ਤੇ ਆਧਾਰਿਤ ਧੱਕੇਸ਼ਾਹੀ ਦਾ ਵਿਰੋਧ ਕਰਨ ਵਾਲੀ ਸੀ। ਇਸ ਲਈ ਪੰਜਾਬ ਵਿਚਲੀ ਖੱਬੇ ਪੱਖੀ ਧਿਰ ਗ਼ਦਰ ਲਹਿਰ ਦੀ ਵਾਰਸ ਨਹੀਂ ਅਖਵਾ ਸਕਦੀ, ਕਿਉਂਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਪੰਜਾਬ ਵਿਰੋਧੀ ਪਹੁੰਚ ਅਪਣਾਈ ਜਾਂਦੀ ਰਹੀ ਹੈ। 
ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੇ ਕਰਤਾ ਅਜਮੇਰ ਸਿੰਘ ਨੇ ''ਗਦਰ ਲਹਿਰ ਦੀ ਇਤਿਹਾਸਕਾਰੀ ਦਾ ਕੱਚ ਅਤੇ ਸੱਚ” ਵਿਸ਼ੇ ਉੱਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗ਼ਦਰ ਪਾਰਟੀ ਦਾ ਹੁਣ ਤੱਕ ਜੋ ਵੀ ਇਤਿਹਾਸ ਲਿਖਿਆ ਗਿਆ ਹੈ, ਉਹ ਇਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਗ਼ਦਰੀ ਬਾਬਿਆਂ ਨੂੰ ਧਰਮ ਤੋਂ ਮੁਕਤ ਦਿਖਾਉਣ ਦੇ ਯਤਨ ਕੀਤੇ ਗਏ ਹਨ। ਇਸ ਸਚਾਈ ਉੱਤੇ ਜਾਣ ਬੁੱਝ ਕੇ ਪੜ੍ਹਦਾ ਪਾਉਣ ਦੇ ਯਤਨ ਕੀਤੇ ਗਏ ਹਨ ਕਿ ਗ਼ਦਰੀ ਯੋਧਿਆਂ ਦੀ ਵੱਡੀ ਬਹੁਗਿਣਤੀ ਸਿੱਖ ਧਰਮ ਤੋਂ ਗੂੜ੍ਹੀ ਤਰ੍ਹਾਂ ਪ੍ਰੇਰਿਤ ਸੀ, ਉਨ੍ਹਾਂ ਦਾ ਹਰ ਖ਼ਿਆਲ ਤੇ ਕਰਮ ਸਿੱਖ ਸਿਧਾਂਤਾਂ ਦੇ ਅਨੁਸਾਰੀ ਸੀ। ਉਹ ਬਾਣੀ ਦੇ ਰਸੀਏ ਤੇ ਨਾਮ ਦੇ ਅਭਿਆਸੀ ਸਨ। ਅਜਮੇਰ ਸਿੰਘ ਨੇ ਇਸ ਦ੍ਰਿਸ਼ਟੀ ਤੋਂ ਗ਼ਦਰ ਪਾਰਟੀ ਦਾ ਇਤਿਹਾਸ ਲਿਖਣ ਵਾਲੇ ਸਾਰੇ ਪ੍ਰਮੁੱਖ ਵਿਦਵਾਨਾਂ ਦੀਆਂ ਸੀਮਤਾਈਆਂ ਦੀ ਨਿਸ਼ਾਨਦੇਹੀ ਕੀਤੀ ਤੇ ਠੋਸ ਤੱਥਾਂ ਦੇ ਹਵਾਲਿਆਂ ਨਾਲ ਇਹ ਕੌੜਾ ਸੱਚ ਉਭਾਰਿਆ ਕਿ ਆਧੁਨਿਕਵਾਦੀ ਇਤਿਹਾਸਕਾਰਾਂ ਨੇ ਗ਼ਦਰੀ ਬਾਬਿਆਂ ਨਾਲ ਭਾਰੀ ਅਨਿਆਂ ਕੀਤਾ ਹੈ। ਆਧੁਨਿਕਵਾਦੀ ਇਤਿਹਾਸਕਾਰਾਂ ਨੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਅਜਮੇਰ ਸਿੰਘ ਨੇ ਜਦੋਂ ਸਰੋਤਿਆਂ ਨਾਲ ਇਹ ਤੱਥ ਸਾਂਝਾ ਕੀਤਾ ਕਿ ਕਾਰਲ ਮਾਰਕਸ ਨੇ ਵੀ ਸਿੱਖ ਕੌਮ ਦੀ ਲਾਸਾਨੀ ਬਹਾਦਰੀ ਦਾ ਤੱਥ ਕਬੂਲ ਕੀਤਾ ਸੀ, ਤਾਂ ਸਰੋਤੇ ਹੈਰਾਨ ਹੋ ਕੇ ਰਹਿ ਗਏ। ਉਨ੍ਹਾਂ ਗ਼ਦਰ ਲਹਿਰ ਦੀ ਸਿਧਾਂਤਕ ਵਿਲੱਖਣਤਾ ਦਰਸਾਉਂਦਿਆਂ ਕਿਹਾ ਕਿ ਗ਼ਦਰੀ ਬਾਬੇ ਦੇਸ਼-ਭਗਤ ਸਨ ਪਰ ਉਨ੍ਹਾਂ ਦਾ ਦੇਸ਼ ਪ੍ਰੇਮ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਕਿਸੇ ਜਾਤੀ-ਅਭਿਮਾਨ ਉੱਤੇ ਆਧਾਰਿਤ ਨਹੀਂ ਸੀ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਉੱਤੇ ਟਿਕਿਆ ਹੋਇਆ ਸੀ। ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ। ਉਨ੍ਹਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖ਼ਾਤਿਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਡੁਲ੍ਹ ਪੈਂਦੀ ਸੀ। ਇਸ ਕਰਕੇ, ਉਨ੍ਹਾਂ ਨੂੰ, ਅਜੋਕੇ ਆਧੁਨਿਕਵਾਦੀ ਅਰਥਾਂ ਵਿਚ 'ਰਾਸ਼ਟਰਵਾਦੀ' ਕਹਿਣਾ ਅਨਮਤ ਹੈ। ਇਸ ਅਨਮਤ ਦਾ ਪ੍ਰਚਾਰ ਵਿਆਪਕ ਪੈਮਾਨੇ 'ਤੇ, ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ। ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ। ਇਹ ਬਿਪਰ ਸੰਸਕਾਰ ਹੈ ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ-ਭਗਵਂੇ, ਲਾਲ, ਤਿਰੰਗੇ ਤੇ ਰੰਗ-ਬਰੰਗੇ ਲਿਬਾਸਾਂ-ਵਿਚ ਪਰਗਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਤਾਕਤਾਂ ਸਿੱਖ ਕੌਮ ਨਾਲ ਢਿੱਡੋਂ ਖਾਰ ਖਾਂਦੀਆਂ ਹਨ, ਤੇ ਇਸ ਨੂੰ ਹਸਤੀਹੀਣ ਕਰਨਾ ਚਾਹੁੰਦੀਆਂ ਹਨ, ਉਹ ਨਾ ਸਿਰਫ ਗ਼ਦਰ ਲਹਿਰ ਨੂੰ ਸਿੱਖ ਪੰਥ ਨਾਲੋਂ ਤੋੜਨਾ ਚਾਹੁੰਦੀਆਂ ਹਨ, ਸਗੋਂ ਇਸ ਨੂੰ ਸਿੱਖ ਪੰਥ ਦੇ ਵਿਰੋਧ ਵਿਚ ਭੁਗਤਾਉਣਾ ਚਾਹੁੰਦੀਆਂ ਹਨ। ਇਸ ਕਾਰਜ ਵਿਚ ਹਿੰਦੂਤਵੀ ਤਾਕਤਾਂ, ਉਦਾਰਪੰਥੀਆਂ ਤੇ ਖੱਬੇ ਪੱਖੀਆਂ ਵਿਚਕਾਰ ਪੂਰਨ ਸਾਂਝ ਪ੍ਰਗਟ ਹੋ ਰਹੀ ਹੈ। ਇਸ ਸਾਂਝ ਦਾ ਸਭ ਤੋਂ ਉਘੜਵਾਂ ਇਜ਼ਹਾਰ ਤਿੰਨਾਂ ਦੇ ਸਾਂਝੇ ਗਿਆਨ ਪ੍ਰਬੰਧ ਦੇ ਰੂਪ ਵਿਚ ਹੋ ਰਿਹਾ ਹੈ। ਤਿੰਨਾਂ ਵਰਗਾਂ ਦੇ ਸਰੋਕਾਰ, ਡਰ, ਤੇ ਫਿਕਰ ਸਾਂਝੇ ਹਨ; ਤਿੰਨਾਂ ਵੱਲੋਂ (ਸਿੱਖ ਕੌਮ ਦੇ ਵਿਰੁੱਧ) ਵਰਤੀ ਜਾ ਰਹੀ ਭਾਸ਼ਾ ਸਾਂਝੀ ਹੈ। ਰਾਸ਼ਟਰਵਾਦ ਤਿੰਨਾਂ ਦਾ ਸਾਂਝਾ  ਵਿਚਾਰਧਾਰਕ ਹਥਿਆਰ ਹੈ। ਤਿੰਨੇ ਭਾਰਤੀ ਕੌਮ ਦੀ ਧਾਰਨਾ ਦੇ ਕਾਇਲ ਹਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਜੋਸ਼ੀਲੇ ਸਮਰਥਕ ਹਨ। ਤਿੰਨਾਂ ਵੱਲੋਂ ਗ਼ਦਰੀ ਬਾਬਿਆਂ ਨੂੰ ਰਾਸ਼ਟਰਵਾਦੀ ਰੰਗ ਵਿਚ ਪੇਸ਼ ਕਰਨ ਦੇ ਇਕ ਦੂਜੇ ਨਾਲੋਂ ਵਧ ਕੇ ਯਤਨ ਕੀਤੇ ਜਾ ਰਹੇ ਹਨ।
ਅਜਮੇਰ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਵਿਚ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਾਭਾ ਬੇਹੱਦ ਅਸਾਧਾਰਨ ਪ੍ਰਤਿਭਾ ਦਾ ਮਾਲਕ ਸੀ। ਉਸ ਦੀ ਪ੍ਰਤਿਭਾ ਦਾ ਸਿੱਕਾ ਸ਼ਚਿੰਦਰਨਾਥ ਸਾਨਿਆਲ ਵਰਗੇ ਅਨੁਭਵੀ ਬੰਗਾਲੀ ਕਰਾਂਤੀਕਾਰੀ ਤੋਂ ਲੈ ਕੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੀ ਗੁਰਮਤਿ-ਗੁੱਧੀ ਸ਼ਖ਼ਸੀਅਤ, ਬਾਬਾ ਸੋਹਣ ਸਿੰਘ ਭਕਨਾ ਵਰਗੇ ਕਰਮਯੋਗੀ, ਅਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਨਾਉਣ ਵਾਲੇ ਜੱਜਾਂ ਨੇ ਵੀ ਮੰਨਿਆ ਹੈ। ਅਜਮੇਰ ਸਿੰਘ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਮਹਾਨ ਸੂਰਮੇ ਦੀ ਅਜੇ ਤੱਕ ਇਕ ਵੀ ਚੱਜ ਦੀ ਜੀਵਨੀ ਨਹੀਂ ਛਪੀ ਅਤੇ ਉਸ ਦੀ ਜ਼ਿੰਦਗੀ ਉੱਤੇ ਇਕ ਵੀ ਫਿਲਮ ਨਹੀਂ ਬਣੀ। ਇਸ ਦੀ ਤੁਲਨਾ ਵਿਚ ਸ਼ਹੀਦ ਭਗਤ ਸਿੰਘ ਦੇ ਜੀਵਨ ਉਤੇ ਲਿਖੀਆਂ ਕਿਤਾਬਾਂ ਦੀ ਗਿਣਤੀ ਕਰਨੀ ਮੁਸ਼ਕਲ ਹੈ। ਪੰਜਾਬ ਦੇ ਵਿਦਵਾਨ ਵਰਗ ਨੂੰ ਇਸ ਸੁਆਲ ਦਾ ਜੁਆਬ ਦੇਣਾ ਪੈਣਾ ਹੈ, ਕਿ ਸ਼ਹੀਦ ਸਰਾਭਾ ਨਾਲ ਇਹ ਬੇਇਨਸਾਫੀ ਕਿਉਂ ਹੋਈ, ਤੇ ਹੋ ਰਹੀ ਹੈ? ਇਸ ਸੁਆਲ ਦੇ ਜੁਆਬ ਨਾਲ ਸੱਚ ਦੀਆਂ ਬਹੁਤ ਸਾਰੀਆਂ ਪਰਤਾਂ ਉਘੜ ਆਉਣਗੀਆਂ। ਇਸ ਮੌਕੇ ਡਾ. ਸੁਖਦਿਆਲ ਸਿੰਘ, ਡਾ. ਰਾਜਿੰਦਰ ਕੌਰ ਰੋਹੀ, ਡਾ. ਬਲਕਾਰ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਸਰਬਜਿੰਦਰ ਸਿੰਘ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਚਰਨਜੀਤ ਕੌਰ ਬਰਾੜ, ਡਾ. ਸੇਵਕ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਗੁਰਮੇਲ ਸਿੰਘ, ਸ੍ਰ. ਦਲਜੀਤ ਸਿੰਘ ਸਰਾਂ, ਪੱਤਰਕਾਰ ਸ੍ਰ. ਜਸਪਾਲ ਸਿੰਘ ਸਿੱਧੂ, ਰਾਮਿੰਦਰਜੀਤ ਸਿੰਘ ਵਾਸੂ, ਡਾ. ਪੁਸ਼ਪਿੰਦਰ ਕੌਰ ਢਿੱਲੋਂ, ਭਾਈ ਹਰਪਾਲ ਸਿੰਘ ਚੀਮਾ, ਭਾਈ ਮਨਧੀਰ ਸਿੰਘ, ਨਵਦੀਪ ਸਿੰਘ ਬਿੱਟੂ, ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਉਚੇਚੇ ਤੌਰ ਉੱਤੇ ਹਾਜ਼ਰੀ ਭਰੀ।

No comments: