ਨਵੀਂ ਦਿੱਲੀ-ਇਨਕਮ ਟੈਕਸ ਵਿਭਾਗ ਵਲੋਂ ਕਿਸਾਨਾਂ ਨੂੰ ਜਾਇਦਾਦ ਟੈਕਸ ਦੇ ਮਿਲ ਰਹੇ ਨੋਟਿਸਾਂ ’ਤੇ ਆਏ ਸਿਆਸੀ ਭੂਚਾਲ ਵਿਚਕਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵਿੱਤ ਮੰਤਰੀ ਨੂੰ ਇਕ ਪੱਤਰ ਲਿੱਖ ਕੇ ਇਸ ਟੈਕਸ ਦਾ ਵਿਰੋਧ ਕੀਤਾ ਹੈ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਬਾਜਵਾ ਵਲੋਂ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਲਿੱਖੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਨਵਾਂ ਟੈਕਸ ਕਿਸਾਨਾਂ ਲਈ ਆਰਥਿਕ ਪੱਖੋਂ ਕਮਰ ਤੋੜਨ ਵਾਲਾ ਹੈ ਅਤੇ ਇਸ ਨਵੇਂ ਟੈਕਸ ਨਾਲ ਪੰਜਾਬ ਦੇ ਕਿਸਾਨ ਦੀ ਆਰਥਿਕ ਹਾਲਤ ਖਰਾਬ ਹੋ ਜਾਵੇਗੀ। ਬਾਜਵਾ ਨੇ ਵਿੱਤ ਮੰਤਰੀ ਨੂੰ ਲਿਖਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਆਮਦਨ ਕਾਫੀ ਘੱਟ ਹੈ ਲਿਹਾਜ਼ਾ ਉਨ੍ਹਾਂ ’ਤੇ ਇਹ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਸੰਸਦ ’ਚ ਚੁੱਕੇ ਜਾਣ ਦਾ ਐਲਾਨ ਕਰ ਚੁੱਕਾ ਹੈ ਲਿਹਾਜ਼ਾ ਹੁਣ ਤੱਕ ਇਸ ਮੁੱਦੇ ’ਤੇ ਚੁੱਪ ਬੈਠੀ ਕਾਂਗਰਸ ਲਈ ਇਹ ਪੱਤਰ ਡੈਮੇਜ ਕੰਟਰੋਲ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਸਾਲ ਪੇਸ਼ ਕੀਤੇ ਗਏ ਕੇਂਦਰੀ ਬਜਟ ’ਚ ਸ਼ਹਿਰਾਂ ਤੋਂ 8 ਕਿਲੋਮੀਟਰ ਦੂਰ ਦੇ ਦਾਇਰੇ ’ਚ ਆਉਣ ਵਾਲੇ ਕਿਸਾਨਾਂ ’ਤੇ ਜਾਇਦਾਦ ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਸੀ। ਬਜਟ ’ਚ ਪੇਸ਼ ਕੀਤੇ ਗਏ ਇਸ ਪ੍ਰਸਤਾਵ ਤੋਂ ਬਾਅਦ ਕਈ ਕਿਸਾਨਾਂ ਨੂੰ ਇਨਕਮ ਟੈਕਸ ਦੇ ਨੋਟਿਸ ਜਾਰੀ ਹੋਏ ਹਨ ਅਤੇ ਕਈ ਕਿਸਾਨਾਂ ਦੀ ਜਾਇਦਾਦ ਦੀ ਕੁਰਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਲਿਹਾਜ਼ਾ ਇਹ ਮੁੱਦਾ ਪੰਜਾਬ ’ਚ ਰਾਜਨੀਤਿਕ ਤੌਰ ’ਤੇ ਕਾਫੀ ਗਰਮਾਇਆ ਹੋਇਆ ਹੈ।