ਜਲੰਧਰ, 9 ਮਈ (ਸ਼ਿਵ)- ਜਲੰਧਰ ਦੇ ਖੇਤਰੀ ਦਫ਼ਤਰ ਨੇ ਪਿਛਲੇ ਦੋ ਮਹੀਨੇ ਵਿਚ ਹੀ ਵਿਦੇਸ਼ਾਂ ਤੋਂ ਕੱਢੇ ਲੋਕਾਂ ਨੂੰ 3000 ਤੋਂ ਜ਼ਿਆਦਾ ਪਾਸਪੋਰਟ ਜਾਰੀ ਕੀਤੇ ਹਨ ਕਿਉਂਕਿ ਇਹ ਲੋਕ 7 ਸਾਲ ਤੋਂ ਜ਼ਿਆਦਾ ਦੇ ਸਮੇਂ ਦੌਰਾਨ ਪਾਸਪੋਰਟ ਲੈਣ ਲਈ ਭਟਕ ਰਹੇ ਸਨ | ਜਾਣਕਾਰੀ ਮੁਤਾਬਿਕ ਵਿਦੇਸ਼ਾਂ ਵਿਚ ਰਹਿੰਦੇ ਕਈ ਪੰਜਾਬੀਆਂ ਨੂੰ ਫੜੇ ਜਾਣ 'ਤੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਕਈ ਲੋਕ ਤਾਂ ਪਾਸਪੋਰਟ ਨਾ ਹੋਣ ਦੇ ਬਾਵਜੂਦ ਰਹਿੰਦੇ ਹਨ | ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ਨੇ ਪੰਜਾਬ ਵਿਚ ਦੋ ਮਹੀਨੇ ਵਿਚ ਸਭ ਤੋਂ ਜ਼ਿਆਦਾ ਗਿਣਤੀ ਵਿਚ 3000 ਦੇ ਕਰੀਬ ਪਾਸਪੋਰਟ ਜਾਰੀ ਕੀਤੇ ਹਨ | ਜਿਹੜੇ ਲੋਕ ਵਿਦੇਸ਼ਾਂ ਤੋਂ ਕੱਢੇ ਹੁੰਦੇ ਹਨ ਤੇ ਉਨ੍ਹਾਂ ਬਾਰੇ ਭਾਰਤੀ ਦੂਤਘਰ ਪਹਿਲਾਂ ਜਲਦੀ ਜਵਾਬ ਨਹੀਂ ਭੇਜਦੇ ਸਨ ਤੇ ਜੇਕਰ ਜਵਾਬ ਆ ਵੀ ਜਾਏ ਤਾਂ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਸੀ | ਖੇਤਰੀ ਪਾਸਪੋਰਟ ਅਫ਼ਸਰ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਅਜੇ ਵੀ ਇਸ ਤਰਾਂ ਦੇ 500 ਤੋਂ ਜ਼ਿਆਦਾ ਮਾਮਲੇ ਪੈਂਡਿੰਗ ਪਏ ਹਨ | ਉਨ੍ਹਾਂ ਦੇ ਜਵਾਬ ਮੰਗਵਾਉਣ ਲਈ ਭਾਰਤੀ ਦੂਤਘਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ | ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਲੈ ਕੇ ਭਾਰਤੀ ਦੂਤਘਰਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਜਿਨ੍ਹਾਂ ਸਹੀ ਕੇਸਾਂ ਵਿਚ ਵੀ ਸਮੇਂ ਸਿਰ ਜਵਾਬ ਦੂਤਘਰਾਂ ਵੱਲੋਂ ਨਹੀਂ ਦਿੱਤਾ ਜਾਏਗਾ ਤਾਂ ਉਹ ਆਪਣੇ ਪੱਧਰ 'ਤੇ ਪਾਸਪੋਰਟ ਜਾਰੀ ਕਰ ਦੇਣਗੇ | ਇਸ ਬਾਰੇ ਸਾਰੀ ਦੂਤਘਰਾਂ ਦੀ ਜ਼ਿੰਮੇਵਾਰੀ ਵੀ ਹੋਏਗੀ | ਗਿੱਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਕੇਸ ਖ਼ਰਾਬ ਨਹੀਂ ਹੈ ਤਾਂ ਉਸ ਦਾ ਜਵਾਬ ਆਉਣ 'ਤੇ ਉਸ ਨੂੰ ਦੁਬਾਰਾ ਪਾਸਪੋਰਟ ਜਾਰੀ ਕੀਤਾ ਜਾ ਸਕਦਾ ਹੈ | ਦਫ਼ਤਰ ਨੇ ਪਹਿਲੀ ਵਾਰ ਵੱਡੀ ਗਿਣਤੀ ਵਿਚ ਪਾਸਪੋਰਟ ਆਮ ਤੇ ਪਾਸਪੋਰਟ ਲੋਕ ਅਦਾਲਤਾਂ ਲਗਾ ਕੇ ਜਾਰੀ ਕਰ ਦਿੱਤੇ ਹਨ | ਪਾਸਪੋਰਟ ਅਪਲਾਈ ਕਰਨ ਵਾਲਿਆਂ ਨੂੰ ਹੈਲਪ ਕਾਰਡ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਉੱਪਰ ਪਾਸਪੋਰਟ ਕੇਂਦਰ ਦੇ ਟੈਲੀਫ਼ੋਨ ਨੰਬਰ ਛਾਪੇ ਗਏ ਹਨ |