ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਨੂੰ ਭਾਰਤੀ ਦੂਤਘਰ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਤਿੰਨ ਧਮਾਕੇ ਕੀਤੇ। ਇਨ੍ਹਾਂ ਧਮਾਕਿਆਂ 'ਚ ਦੂਤਘਰ ਦੇ ਕਿਸੇ ਅਧਿਕਾਰੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੂਤਘਰ ਦੇ 500 ਮੀਟਰ ਦੇ ਦਾਇਰੇ 'ਚ ਸਿਰਫ 10 ਮਿੰਟਾਂ 'ਚ 3 ਜ਼ਬਰਦਸਤ ਧਮਾਕੇ ਸੁਣੇ ਗਏ। ਜ਼ਿਕਰਯੋਗ ਹੈ ਕਿ ਭਾਰਤੀ ਦੂਤਘਰ 'ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਦੂਤਘਰ ਨੂੰ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਭਾਰਤ ਵਲੋਂ ਸਖਤ ਇਤਰਾਜ਼ ਜਤਾਏ ਜਾਣ ਤੋਂ ਬਾਅਦ ਦੂਤਘਰ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਭਾਰਤੀ ਦੂਤਘਰ ਦੀਆਂ ਬਾਹਰੀ ਦੀਵਾਰਾਂ ਨੂੰ ਤਿੰਨ ਲੇਅਰਾਂ ਵਿਚ ਬਣਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜੋ ਕਿ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।