jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਅਜਿਹੇ ਲੇਖਕ ਪੱਲਿਉਂ ਮੋਟੀ ਰਕਮ ਪ੍ਰਕਾਸ਼ਕ ਦੇ ਸ਼੍ਰੀਚਰਨਾਂ ਵਿਚ ਭੇਟ ਕਰਦੇ ਹਨ

www.sabblok.blogspot.com

ਬਾਬਾ ਮਾਰਕਸ ਵਚਨ ਕਰ ਗਿਆ ਹੈ, ਮਿਹਨਤੀਏ ਦਾ ਮਿਹਨਤਾਨਾ ਉਹਦਾ ਮੁੜ੍ਹਕਾ ਸੁੱਕਣ ਤੋਂ ਪਹਿਲਾਂ ਮਿਲ ਜਾਣਾ ਚਾਹੀਦਾ ਹੈ। ਸਾਹਿਤ-ਰਚਨਾ ਲੇਖਕ ਚਾਹੇ ਆਪਣੇ ਜਜ਼ਬਿਆਂ ਦੇ ਨਿਕਾਸ ਵਾਸਤੇ ਕਰੇ ਜਾਂ ਆਪਣੇ ਸਮਾਜਿਕ-ਰਾਜਨੀਤਕ ਵਿਚਾਰਾਂ ਦੇ ਪ੍ਰਗਟਾਵੇ ਤੇ ਪ੍ਰਚਾਰ ਵਾਸਤੇ ਕਰੇ, ਉਹਦੇ ਮਨ ਦੀ ਮੌਜ ਤੋਂ ਇਲਾਵਾ ਇਸ ਕਰਤਾਰੀ ਕਾਰਜ ਵਿਚ ਲੱਗਦੀ ਮਾਨਸਿਕ ਅਤੇ ਨਾਲ ਹੀ ਸਰੀਰਕ ਮਿਹਨਤ ਬਾਰੇ ਕੋਈ ਦੋ ਰਾਵਾਂ ਨਹੀਂ। ਜਦੋਂ ਰਚਨਾ ਪੁਸਤਕ ਦੇ ਰੂਪ ਵਿਚ ਅਵਤਾਰ ਧਾਰਦੀ ਹੈ, ਲੇਖਕ ਦਾ ਕੁਝ ਮਿਲਣ ਦੀ ਝਾਕ ਅਤੇ ਆਸ ਰੱਖਣਾ ਬਿਲਕੁਲ ਵਾਜਬ ਹੁੰਦਾ ਹੈ। ਇਹਦੇ ਬਰਾਬਰ ਹੀ ਇਕ ਸੱਚ ਹੋਰ ਵੀ ਹੈ। ਵਿਗਿਆਨ ਨੇ ਜਦੋਂ ਦਾ ਜੀਨਜ਼ ਦਾ ਪਤਾ ਲਾਇਆ ਹੈ, ਚਾਹੇ-ਅਣਚਾਹੇ, ਚੰਗੀਆਂ-ਮੰਦੀਆਂ ਕੁਝ ਗੱਲਾਂ ਪੀੜ੍ਹੀ-ਦਰ-ਪੀੜ੍ਹੀ ਅੱਗੇ ਦੀਆਂ ਅੱਗੇ ਪਹੁੰਚਦੀਆਂ ਰਹਿੰਦੀਆਂ ਹਨ। ਪੰਜਾਬੀ ਦੇ ਅਨੇਕ ਲੇਖਕ ਅਤੇ ਕਈ ਪ੍ਰਕਾਸ਼ਕ ਅਜਿਹੇ ਹਨ ਕਿ ਉਹਨਾਂ ਦੀਆਂ ਜੀਨਜ਼ ਵੱਖਰੀ ਭਾਂਤ ਦੀਆਂ ਹਨ। ਅਜਿਹੇ ਲੇਖਕ ਕੁਝ ਪ੍ਰਾਪਤ ਕਰਨ ਦੀ ਥਾਂ ਪੱਲਿਉਂ ਮੋਟੀ ਰਕਮ ਪ੍ਰਕਾਸ਼ਕ ਦੇ ਸ਼੍ਰੀਚਰਨਾਂ ਵਿਚ ਭੇਟ ਕਰਦੇ ਹਨ ਅਤੇ ਅਜਿਹੇ ਪ੍ਰਕਾਸ਼ਕ ਪਾਠਕਾਂ ਤੋਂ ਪੁਸਤਕੀ ਕਮਾਈ ਨਾਲੋਂ ਵੱਖਰੀ ਲੇਖਕਾਂ ਤੋਂ ਮਲਾਈ ਵੀ ਮੰਗ ਲੈਂਦੇ ਹਨ। ਇਹ ਰੀਤ ਪੰਜਾਬੀ ਸਾਹਿਤ ਦੇ ਪ੍ਰਕਾਸ਼ਨ ਦੇ ਜੀਨਜ਼ ਵਿਚ ਰਚੀ-ਵਸੀ ਹੋਈ ਹੈ।
ਪੰਜਾਬੀ ਵਿਚ ਛਪਾਈ ਦਾ ਜਾਮਾ ਪਹਿਲਾਂ-ਪਹਿਲ ਧਾਰਮਿਕ ਪੁਸਤਕਾਂ ਅਤੇ ਕਿੱਸਿਆਂ ਨੂੰ ਨਸੀਬ ਹੋਇਆ। ਧਾਰਮਿਕ ਪੋਥੀਆਂ ਤਾਂ, ਹੱਕ ਦਾ ਕੋਈ ਮਸਲਾ ਨਾ ਹੋਣ ਕਰਕੇ, ਕੁਝ ਪ੍ਰਕਾਸ਼ਕ ਆਪ ਹੀ ਛਾਪ-ਵੇਚ ਕੇ ਭਾਰੀ ਨਫ਼ਾ ਕਮਾ ਲੈਂਦੇ ਸਨ। ਕਿੱਸਿਆਂ ਦੇ ਬਹੁਤੇ ਰਚਨਾਕਾਰ ਅਣਪੜ੍ਹ, ਅਧਪੜ੍ਹ ਹੁੰਦੇ ਸਨ। ਜੇ ਕੋਈ ਡੇਰਿਆਂ-ਗੁਰਦੁਆਰਿਆਂ ਵਿਚ ਮਾੜਾ-ਮੋਟਾ ਪੜ੍ਹ ਵੀ ਜਾਂਦਾ ਸੀ ਜਾਂ ਕੋਈ ਚੰਗਾ ਗਿਆਨੀ ਗੁਰੂ ਮਿਲਣ ਸਦਕਾ ਵਧੀਆ ਗਿਆਨਵਾਨ ਵੀ ਹੋ ਜਾਂਦਾ ਸੀ, ਉਹਨੂੰ ਵੀ ਰਚਨਾਕਾਰ ਵਜੋਂ ਆਪਣੀ ਕਰਤਾਰੀ ਕਿਰਤ ਦੀ ਕਦਰ-ਕੀਮਤ ਦਾ ਬਹੁਤਾ ਪਤਾ ਨਹੀਂ ਸੀ ਹੁੰਦਾ। ਭੋਲੇ ਕਿੱਸਾਕਾਰਾਂ ਦੀ ਮੂ ਇੱਛਾ ਅਤੇ ਰੀਝ ਇਹ ਹੁੰਦੀ ਸੀ ਕਿ ਉਹਨਾਂ ਦਾ ਲਿਖਿਆ ਕਿੱਸਾ ਕਿਵੇਂ ਨਾ ਕਿਵੇਂ ਛਪ ਕੇ ਲੋਕਾਂ ਦੇ ਹੱਥਾਂ ਵਿਚ ਪਹੁੰਚ ਜਾਵੇ! ਕੁਝ ਪ੍ਰਕਾਸ਼ਕ ਇਸ ਤਾਂਘ ਦਾ ਫ਼ਾਇਦਾ ਉਠਾ ਕੇ, ਉਹਨਾਂ ਦੇ ਕਿੱਸੇ ਵੱਡੀ ਗਿਣਤੀ ਵਿਚ ਵਿਕਦੇ ਹੋਣ ਦੇ ਬਾਵਜੂਦ, ਵੀਹ-ਤੀਹ ਜਾਂ ਆਕਾਰ ਅਨੁਸਾਰ ਵੱਧ ਰੁਪਏ ਪਹਿਲਾਂ ਰਖਵਾ ਲੈਂਦੇ ਸਨ। ਪੈਸੇ-ਪੈਸੇ ਦੀ ਕਦਰ-ਕੀਮਤ ਵਾਲੇ ਉਸ ਜ਼ਮਾਨੇ ਵਿਚ ਇਹ ਕੋਈ ਛੋਟੀ ਰਕਮ ਨਹੀਂ ਸੀ ਹੁੰਦੀ। ਆਮ ਕਰਕੇ ਉਹ ਇਹ ਵੀ ਆਖਦੇ ਸਨ, "ਜੇ ਫ਼ੋਟੂ ਛਪਵਾਉਣੀ ਹੈ ਤਾਂ ਪੰਜ ਹੋਰ!'' ਕਿੱਸਾ ਚੱਲ ਨਿਕਲਣ ਦੀ ਸੂਰਤ ਵਿਚ ਕਿੱਸਾਕਾਰ ਨੂੰ ਦੱਸੇ ਬਿਨਾਂ ਉਹਦੀਆਂ ਛਾਪਾਂ ਕੱਢਦੇ ਰਹਿਣਾ ਵੀ ਸਾਧਾਰਨ ਗੱਲ ਸੀ। ਇਉਂ ਪ੍ਰਕਾਸ਼ਕ ਉਸ ਜ਼ਮਾਨੇ ਵਿਚ ਵੀ ਇਹਨਾਂ ਕਿੱਸਿਆਂ ਤੋਂ ਸੈਂਕੜੇ-ਹਜ਼ਾਰਾਂ ਰੁਪਏ ਕਮਾ ਲੈਂਦੇ ਸਨ। ਬਿਚਾਰਾ ਕਿੱਸਾਕਾਰ ਮੇਲਿਆਂ ਵਿਚ ਲੱਗੀਆਂ ਦੁਕਾਨਾਂ ਤੋਂ ਆਪਣੇ ਲਿਖੇ ਕਿੱਸੇ ਨੇੜੇ ਦੀ ਦੁਕਾਨ ਦੇ ਗਰਮ-ਗਰਮ ਪਕੌੜਿਆਂ ਵਾਂਗ ਵਿਕਦੇ ਦੇਖ ਕੇ ਇਕੋ ਸਮੇਂ ਖ਼ੁਸ਼ ਵੀ ਹੁੰਦਾ ਰਹਿੰਦਾ ਅਤੇ ਝੂਰਦਾ ਵੀ ਰਹਿੰਦਾ।
ਜਿਹੜੇ ਕਿੱਸਾਕਾਰ ਬਹੁਤ ਪ੍ਰਸਿੱਧ ਹੋ ਜਾਂਦੇ ਸਨ ਅਤੇ ਲੇਖਕ ਵਜੋਂ ਆਪਣੇ ਹੱਕ ਦੇ ਵੀ ਜਾਣਕਾਰ ਹੁੰਦੇ ਸਨ, ਪ੍ਰਕਾਸ਼ਕ ਉਹਨਾਂ ਨੂੰ ਵੀ ਮਾਤ ਦੇ ਦਿੰਦੇ ਸਨ। ਇਸ ਦਾ ਪ੍ਰਚੱਲਤ ਤਰੀਕਾ ਥੋੜ੍ਹੇ ਜਿਹੇ ਪੈਸੇ ਦੇ ਕੇ ਹੱਕ ਖਰੀਦ ਲੈਣਾ ਸੀ। ਸਾਧੂ ਦਯਾ ਸਿੰਘ ਇਸ ਵਰਤਾਰੇ ਦੀ ਸਭ ਤੋਂ ਵਧੀਆ ਮਿਸਾਲ ਹੈ। ਉਹਦੇ ਕਿੱਸੇ, ਖਾਸ ਕਰਕੇ 'ਫ਼ਨਾਹ ਦਾ ਮਕਾਨ', 'ਜ਼ਿੰਦਗੀ ਬਿਲਾਸ' ਤੇ 'ਸਪੁਤ੍ਰ ਬਿਲਾਸ' ਕਈ-ਕਈ ਲੱਖ ਦੀ ਗਿਣਤੀ ਵਿਚ ਵਿਕੇ ਹਨ ਅਤੇ ਅਜੇ ਵੀ ਲਗਾਤਾਰ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਛਪ ਰਹੇ ਹਨ। ਉਹਨੇ ਆਪਣੇ ਸਭ ਤੋਂ ਪ੍ਰਸਿੱਧ ਕਿੱਸੇ 'ਜ਼ਿੰਦਗੀ ਬਿਲਾਸ', ਜੋ ਵਾਰਿਸ ਸ਼ਾਹ ਦੀ 'ਹੀਰ' ਨੂੰ ਛੱਡ ਕੇ ਸਭ ਤੋਂ ਵੱਧ ਵਿਕਿਆ, ਪੜ੍ਹਿਆ ਤੇ ਪਿਆਰਿਆ ਗਿਆ ਕਿੱਸਾ ਹੈ, ਦੇ ਹੱਕ ਕੁੱਲ ਇਕ ਸੌ ਰੁਪਏ ਵਿਚ ਵੇਚ ਦਿੱਤੇ ਸਨ। 'ਸਪੁਤ੍ਰ ਬਿਲਾਸ', ਜੋ ਉਹਨੇ ਆਪਣੇ ਪੁੱਤਰ ਕੁਲਤਾਰ ਸਿੰਘ ਨੂੰ ਸਿੱਖਿਆ ਦੇ ਰੂਪ ਵਿਚ ਲਿਖਿਆ ਸੀ, ਅਨੇਕ ਵਾਰ ਆਪ ਛਾਪਿਆ ਤੇ ਵੇਚਿਆ। ਮਗਰੋਂ 1960 ਦੇ ਕਰੀਬ ਕੁਲਤਾਰ ਸਿੰਘ ਨੇ ਇਹਦੇ ਹੱਕ ਕੁੱਲ 800 ਰੁਪਏ ਵਿਚ ਪ੍ਰਕਾਸ਼ਕ ਨੂੰ ਵੇਚ ਦਿੱਤੇ। ਦਯਾ ਸਿੰਘ ਕਰਾਰ ਕਰਕੇ ਅੰਤ ਤੱਕ ਨਿਭਣ ਵਾਲੀ ਪੀੜ੍ਹੀ ਵਿਚੋਂ ਸੀ। ਉਹਨੇ ਮਗਰੋਂ ਆਪਣੇ ਕਿੱਸੇ ਬਹੁਤ ਵੱਡੀ ਗਿਣਤੀ ਵਿਚ ਵਿਕਦੇ ਹੋਣ ਦੇ ਬਾਵਜੂਦ ਪ੍ਰਕਾਸ਼ਕ ਨਾਲ ਕਦੇ ਰੌਲਾ ਨਹੀਂ ਸੀ ਪਾਇਆ। 'ਫ਼ਨਾਹ ਦਾ ਮਕਾਨ' ਵਿਚ ਉਹ ਇਸ ਗੱਲ ਦਾ ਜ਼ਿਕਰ ਇਉਂ ਕਰਦਾ ਹੈ : "ਅਸਾਂ ਆਪਣਾ ਉਜਰ ਵਸੂਲ ਪਾਇਆ, ਨਹੀਂ ਦੇਖਣਾ ਪਰਤ ਕੇ ਹੱਕ ਭਾਈ। ਦਯਾ ਸਿੰਘ ਮੈਂ ਦਿੱਤਾ ਇਕਰਾਰਨਾਮਾ, ਕੋਈ ਏਸ ਦੇ ਵਿਚ ਨਾ ਸ਼ੱਕ ਭਾਈ।''
ਇਸ ਸਾਰੀ ਕਥਾ-ਵਾਰਤਾ ਦਾ ਭਾਵ ਇਹ ਹੈ ਕਿ ਪ੍ਰਕਾਸ਼ਕ-ਸੇਵਾ ਪੰਜਾਬੀ ਲੇਖਕਾਂ ਦੀ ਪ੍ਰੰਪਰਾ ਅਤੇ ਰੀਤ ਹੈ। ਇਹ ਉਹ ਗਾਡੀ ਰਾਹ ਹੈ, ਜੋ ਪੁਰਖਿਆਂ ਨੇ ਸਾਡੇ ਲਈ ਉਲੀਕਿਆ ਹੈ ਅਤੇ ਹੁਣ ਵਾਲੀਆਂ ਪੀੜ੍ਹੀਆਂ ਇਸ ਉੱਤੇ ਅਡੋਲ ਸਿਦਕ ਨਾਲ ਤੁਰ ਰਹੀਆਂ ਹਨ। ਦੋ ਕੁ ਦਿਨ ਪਹਿਲਾਂ ਪੰਜਾਬ ਤੋਂ ਇਕ ਲੇਖਕ ਦਿੱਲੀ ਮੈਨੂੰ ਮਿਲਣ ਆਇਆ। ਅਜਿਹੀਆਂ ਗੱਲਾਂ ਚੱਲੀਆਂ ਤੋਂ ਉਹਨੇ ਸਾਡੇ ਇਕ ਸਾਂਝੇ ਮਿੱਤਰ ਬਾਰੇ ਜੋ ਗੱਲ ਸੁਣਾਈ, ਉਹ ਸੁਣ ਕੇ ਤੁਸੀਂ ਵੀ ਹੈਰਾਨ ਤੇ ਪ੍ਰੇਸ਼ਾਨ, ਦੋਵੇਂ ਹੋ ਲਵੋ। ਉਹਨੇ ਦੱਸਿਆ ਕਿ ਉਸ ਵਧੀਆ ਲੇਖਕ ਨੇ ਇਕ ਕਾਫ਼ੀ ਲੰਮਾ ਨਾਵਲ ਲਿਖਿਆ ਹੈ। ਛਪਾਉਣ ਦਾ ਰਾਹ ਸੌਖਾ ਕਰਨ ਵਾਸਤੇ ਉਹਨੇ ਆਪ ਹੀ ਉਹਦੀ ਛਾਪਣਯੋਗ ਸੀਡੀ ਤਿਆਰ ਕਰਾਉਣ ਖਾਤਰ ਸਾਰੇ ਮੁੱਢਲੇ ਕੰਮਾਂ ਉੱਤੇ ਕੋਈ ਪੰਦਰਾਂ ਹਜ਼ਾਰ ਰੁਪਏ ਖਰਚ ਦਿੱਤੇ। ਇਉਂ ਪੁਸਤਕ ਪ੍ਰਕਾਸ਼ਨ ਦਾ ਅੱਧਾ ਖਰਚ ਆਪਣੇ ਆਪ ਕਰਕੇ ਉਹ ਨਾਵਲ ਛਪ ਜਾਣ ਬਾਰੇ ਖਾਸਾ ਆਸਵੰਦ ਹੋ ਗਿਆ। ਪਰ ਆਖ਼ਰ ਸੌਦਾ ਬਹੱਤਰ ਹਜ਼ਾਰ ਉੱਤੇ ਟੁੱਟਿਆ। ਆਪਣਾ ਨਾਵਲ ਛਪਿਆ ਦੇਖਣ ਦੀ ਹਸਰਤ ਦੀ ਪੂਰਤੀ ਲੇਖਕ ਨੂੰ ਕੁੱਲ ਬਹੱਤਰ ਜਮ੍ਹਾਂ ਪੰਦਰਾਂ, ਭਾਵ ਸਤਾਸੀ ਹਜ਼ਾਰ ਰੁਪਏ ਵਿਚ ਪਈ! ਅੱਜ-ਕੱਲ੍ਹ ਰੁਪਈਆ ਕੌਡੀਆਂ ਦੇ ਭਾਅ ਹੋਣ ਦੇ ਬਾਵਜੂਦ, ਮੇਰੇ ਖ਼ਿਆਲ ਵਿਚ, ਇਹ ਖਾਸੀ ਵੱਡੀ ਰਕਮ ਹੈ।
ਸਬੱਬ ਨਾਲ ਇਹਨੀਂ ਦਿਨੀਂ ਅਖ਼ਬਾਰਾਂ ਵਿਚ ਦੋ ਅਜਿਹੀਆਂ ਖ਼ਬਰਾਂ ਛਪੀਆਂ ਹਨ ਜੋ, ਲੱਗਦਾ ਹੈ, ਅਜਿਹੇ ਪੰਜਾਬੀ ਲੇਖਕਾਂ ਦੇ ਜ਼ਖ਼ਮਾਂ ਉੱਤੇ ਲੂਣ-ਮਿਰਚਾਂ ਭੁੱਕਣ ਵਾਸਤੇ ਹੀ ਛਾਪੀਆਂ ਗਈਆਂ ਹਨ। 
ਪਹਿਲੀ ਖ਼ਬਰ, ਕੁਝ ਸਮਾਂ ਪਹਿਲਾਂ ਅਮੀਸ਼ ਤ੍ਰਿਪਾਠੀ ਨਾਂ ਦੇ ਇਕ ਬੈਂਕਰ ਨੇ ਅੰਗਰੇਜ਼ੀ ਵਿਚ ਸ਼ਿਵਜੀ ਬਾਰੇ ਮਿਥਿਹਾਸਕ ਤ੍ਰੈਲੜੀ ਲਿਖਣ ਦੀ ਵਿਉਂਤ ਬਣਾਈ। ਪਹਿਲੀ ਪੁਸਤਕ ਦਾ ਖਰੜਾ ਕੱਛੇ ਮਾਰ ਕੇ ਉਹ ਪ੍ਰਕਾਸ਼ਕਾਂ ਦੇ ਕੁੰਡੇ ਖੜਕਾਉਣ ਲੱਗਿਆ। ਜਦੋਂ ਰੱਦ ਕਰਨ ਵਾਲੇ ਪ੍ਰਕਾਸ਼ਕਾਂ ਦੀ ਗਿਣਤੀ ਦੋ ਦਰਜਨ ਨੂੰ ਪੁੱਜਣ ਲੱਗੀ, ਭੰਗ ਛਕ ਕੇ ਕੈਲਾਸ਼ ਪਰਬਤ ਉੱਤੇ ਆਨੰਦ ਮਾਣ ਰਹੇ ਸ਼ਿਵਜੀ ਮਹਾਰਾਜ ਨੂੰ ਲੇਖਕ ਉੱਤੇ ਤਰਸ ਵੀ ਆਇਆ ਅਤੇ ਆਪਣੇ ਬਾਰੇ ਪੁਸਤਕ ਛਪਵਾਉਣ ਦੀ ਲਾਲਸਾ ਵੀ ਜਾਗੀ। ਉਹ ਅਨੁਜ ਬਾਹਰੀ ਨਾਂ ਦੇ ਲਿਟਰੇਰੀ ਏਜੰਟ ਦਾ ਰੂਪ ਧਾਰ ਕੇ ਪ੍ਰਗਟ ਹੋਏ ਅਤੇ ਇਕ ਪ੍ਰਕਾਸ਼ਕ ਨੂੰ ਅਮੀਸ਼ ਦਾ ਖਰੜਾ ਛਾਪਣ ਵਾਸਤੇ ਸਹਿਮਤ ਕਰਵਾਉਣ ਵਿਚ ਸਫ਼ਲ ਹੋ ਗਏ। ਪੁਸਤਕ ਚੱਲ ਨਿਕਲੀ। ਅਮੀਸ਼ ਨੇ ਨੌਕਰੀ ਛੱਡ ਕੇ ਬਾਕਾਇਦਾ ਲੇਖਕ ਬਣਨ ਦਾ ਐਲਾਨ ਕਰ ਦਿੱਤਾ। ਹੁਣ ਵੈਸਟਲੈਂਡ ਨਾਂ ਦੇ ਉਸ ਦੇਸੀ ਪ੍ਰਕਾਸ਼ਕ ਨੇ ਪੰਜ ਕਰੋੜ ਰੁਪਏ ਦਾ ਚੈੱਕ ਫੜਾ ਕੇ ਅਮੀਸ਼ ਨੂੰ ਕਿਹਾ, "ਅਗਲੀ ਪੁਸਤਕ ਵੀ ਮੇਰੀ ਹੋਈ। ਇਹ ਲੈ ਰੋਕੇ ਦੇ ਪੇਸ਼ਗੀ ਪੈਸੇ। ਰਾਇਲਟੀ ਦੇ ਪੈਸੇ ਵਿਕਰੀ ਅਨੁਸਾਰ ਹੋਣਗੇ ਹੀ।'' ਉਹ ਬੋਲਿਆ, "ਪਰ ਮੈਂ ਤਾਂ ਅਗਲੀ ਪੁਸਤਕ ਅਜੇ ਲਿਖਣੀ ਤਾਂ ਕਿਥੋਂ ਸੀ, ਸੋਚੀ ਵੀ ਨਹੀਂ!'' ਪ੍ਰਕਾਸ਼ਕ ਸਹਿਜ ਨਾਲ ਬੋਲਿਆ, "ਕੋਈ ਗੱਲ ਨਹੀਂ। ਹੌਲੀ-ਹੌਲੀ ਸੋਚ ਵੀ ਲੈਣੀ ਤੇ ਫੇਰ ਲਿਖ ਵੀ ਲੈਣੀ!'' ਇਹ ਕਿਸੇ ਭਾਰਤੀ ਪ੍ਰਕਾਸ਼ਕ ਵੱਲੋਂ ਕਿਸੇ ਭਾਰਤੀ ਲੇਖਕ ਨੂੰ ਦਿੱਤੀ ਗਈ ਅੱਜ ਤੱਕ ਦੀ ਸਭ ਤੋਂ ਵੱਡੀ ਪੇਸ਼ਗੀ ਹੈ, ਉਹ ਵੀ ਕਿਸੇ ਲਿਖੀ ਹੋਈ ਪੁਸਤਕ ਲਈ ਨਹੀਂ, ਸਗੋਂ ਅਜੇ ਅਣਸੋਚੀ ਪੁਸਤਕ ਲਈ! ਪੰਜਾਬੀ ਲੇਖਕ ਅਮੀਸ਼ ਦੇ ਏਜੰਟ ਦੀ ਦਿੱਤੀ ਇਸ ਜਾਣਕਾਰੀ ਨੂੰ ਲੂਣ-ਮਿਰਚਾਂ ਦੀ ਇਕ ਹੋਰ ਚੂੰਢੀ ਵਜੋਂ ਲੈ ਸਕਦੇ ਹਨ ਕਿ "ਪੰਜ ਕਰੋੜ ਰੁਪਏ ਦੀ ਇਹ ਪੇਸ਼ਗੀ ਤਾਂ ਸਿਰਫ਼ ਅੰਗਰੇਜ਼ੀ ਪੁਸਤਕ ਦੇ ਪ੍ਰਕਾਸ਼ਨ ਦੇ ਅਤੇ ਉਹ ਵੀ ਸਿਰਫ਼ ਦੱਖਣ-ਏਸ਼ੀਆਈ ਖੇਤਰ ਦੇ ਹੱਕਾਂ ਵਾਸਤੇ ਹੈ। ਜਦੋਂ ਅਸੀਂ ਬਾਕੀ ਦੇਸ਼ਾਂ ਨੂੰ ਅੰਗਰੇਜ਼ੀ ਪੁਸਤਕ ਛਾਪਣ ਦੇ ਅਤੇ ਦੁਨੀਆ ਭਰ ਵਿਚ ਅਨੁਵਾਦਾਂ ਅਤੇ ਫ਼ਿਲਮਾਂ, ਆਦਿ ਦੇ ਹੱਕ ਵੇਚੇ, ਇਹ ਰਕਮ ਸੌਖਿਆਂ ਹੀ ਵੀਹ ਕਰੋੜ ਤੋਂ ਟੱਪ ਜਾਵੇਗੀ।''
ਦੂਜੀ ਖ਼ਬਰ, ਨਿੱਕੀ ਜਿਹੀ, ਸੁਹਣੀ ਜਿਹੀ, ਪਿਆਰੀ ਜਿਹੀ ਪਾਕਿਸਤਾਨੀ ਸਕੂਲੀ ਬੱਚੀ ਮਲਾਲਾ ਯੂਸਫ਼ਜ਼ਈ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਜਿਸ ਨੂੰ ਤਾਲਿਬਾਨ ਨੇ 9 ਅਕਤੂਬਰ 2012 ਨੂੰ ਇਹ ਆਖ ਕੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ ਕਿ ਇਹ ਕੁੜੀਆਂ ਦੀ ਵਿੱਦਿਆ ਦਾ ਅਤੇ ਪੱਛਮੀ ਸੋਚ ਦਾ ਪ੍ਰਚਾਰ ਕਰਦੀ ਹੈ। ਇੰਗਲੈਂਡ ਵਿਚ ਇਲਾਜ ਹੋਣ ਮਗਰੋਂ ਹੁਣ ਉਹ ਉਥੇ ਨੌਵੀਂ ਵਿਚ ਪੜ੍ਹਦੀ ਹੈ। ਸੰਯੁਕਤ ਰਾਸ਼ਟਰ ਨੇ ਉਹਦੇ ਜਨਮ-ਦਿਨ 12 ਜੁਲਾਈ ਨੂੰ ਹਰ ਸਾਲ 'ਮਲਾਲਾ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਨੋਬਲ ਇਨਾਮ ਵਾਸਤੇ ਹੁਣ ਤੱਕ ਨਾਮਜ਼ਦ ਹੁੰਦੇ ਰਹੇ ਲੋਕਾਂ ਵਿਚੋਂ ਉਹ ਸਭ ਤੋਂ ਛੋਟੀ ਉਮਰ ਦੀ ਹੈ। ਉਹ ਅੰਗਰੇਜ਼ੀ ਵਿਚ ਇਕ ਪੁਸਤਕ ਲਿਖ ਰਹੀ ਹੈ, 'ਆਈ ਐਮ ਮਲਾਲਾ' (ਮੈਂ ਹਾਂ ਮਲਾਲਾ)। ਉਸਦਾ ਕਹਿਣਾ ਹੈ, "ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦੀ ਹਾਂ, ਪਰ ਇਹ ਉਹਨਾਂ ਛੇ ਕਰੋੜ ਦਸ ਲੱਖ ਬੱਚਿਆਂ ਦੀ ਕਹਾਣੀ ਵੀ ਹੋਵੇਗੀ, ਜੋ ਸਕੂਲ ਦਾ ਮੂੰਹ ਨਹੀਂ ਦੇਖ ਸਕਦੇ। ਮੈਂ ਇਸ ਪਸਤਕ ਨੂੰ ਹਰ ਬੱਚੇ ਵਾਸਤੇ ਸਕੂਲ ਜਾਣ ਦਾ ਹੱਕ ਯਕੀਨੀ ਬਣਾਉਣ ਦੀ ਮੁਹਿੰਮ ਦਾ ਹਿੱਸਾ ਬਣਾਉਣਾ ਚਾਹੁੰਦੀ ਹਾਂ। ਇਹ ਉਹਨਾਂ ਦਾ ਬੁਨਿਆਦੀ ਹੱਕ ਹੈ। ਮੈਨੂੰ ਉਮੀਦ ਹੈ ਕਿ ਇਹ ਪੁਸਤਕ ਦੁਨੀਆ ਭਰ ਦੇ ਲੋਕਾਂ ਦੇ ਹੱਥਾਂ ਵਿਚ ਪਹੁੰਚੇਗੀ ਤਾਂ ਜੋ ਉਹ ਇਹ ਗੱਲ ਸਮਝ ਸਕਣ ਕਿ ਕੁਝ ਬੱਚਿਆਂ ਵਾਸਤੇ ਸਕੂਲ ਦਾ ਮੂੰਹ ਦੇਖਣਾ ਕਿੰਨਾ ਮੁਸ਼ਕਲ ਹੈ! ਇਸ ਪੁਸਤਕ ਨੂੰ ਸਿਰਫ਼ ਕਾਮਨਵੈਲਥ ਦੇਸ਼ਾਂ ਵਿਚ ਛਾਪਣ ਵਾਸਤੇ 'ਵੀਡਨਫੈਲਡ ਐਂਡ ਨਿਕਲਸਨ' ਪ੍ਰਕਾਸ਼ਕ ਨੇ ਤੀਹ ਲੱਖ ਡਾਲਰ ਪੇਸ਼ਗੀ ਦਿੱਤੇ ਹਨ। ਬਾਕੀ ਦੁਨੀਆ ਵਾਸਤੇ ਪ੍ਰਕਾਸ਼ਕ 'ਲਿਟਲ, ਬਰਾਊਨ' ਵੱਖਰਾ ਸੌਦਾ ਕਰਨਗੇ। ਫੋਨ : 011-65736868

No comments: