ਬਠਿੰਡਾ,  (ਬਲਵਿੰਦਰ)-ਪੀ.ਪੀ.ਪੀ., ਸੀ.ਪੀ.ਆਈ. ਅਤੇ ਹੋਰ ਪਾਰਟੀਆਂ ਦੇ ਸਾਂਝੇ ਮੋਰਚੇ ਵਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਇਥੇ ਧਰਨਾ ਮਾਰਿਆ ਗਿਆ, ਪਰ ਪ੍ਰਸ਼ਾਸਨ ਨੇ ਸੈਂਕੜਿਆਂ ਦੀ ਤਾਦਾਦ  'ਚ ਪਹੁੰਚੇ ਮੋਰਚੇ ਦੇ ਵਰਕਰਾਂ ਨੂੰ ਕਿਧਰੇ ਵੀ ਟਿਕਣ ਨਹੀਂ ਦਿੱਤਾ।
ਅੱਜ ਇਥੇ ਅਕਾਲੀ-ਭਾਜਪਾ ਗਠਜੋੜ 'ਤੇ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਸੰਮਤੀਆਂ ਦੀਆਂ ਚੋਣਾਂ ਦੌਰਾਨ ਧੱਕਾ ਤੇ ਬੂਥ ਕਬਜ਼ਾਉਣ ਦੇ ਦੋਸ਼ ਲਾਉਂਦਿਆਂ ਸਾਂਝੇ ਮੋਰਚੇ ਦੇ ਸੈਂਕੜੇ ਵਰਕਰ ਪਹੁੰਚੇ, ਜਿਨ੍ਹਾਂ ਦੀ ਅਗਵਾਈ ਪੀ.ਪੀ.ਪੀ. ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਕਰ ਰਹੇ ਸਨ। ਵਰਕਰਾਂ ਨੂੰ ਪ੍ਰਸ਼ਾਸਨ ਨੇ ਨਾ ਤਾਂ ਕਿਧਰੇ ਟੈਂਟ ਲਗਾਉਣ ਦੀ ਇਜ਼ਾਜਤ ਦਿੱਤੀ ਤੇ ਨਾ ਧਰਨਾ ਲਗਾਉਣ ਦਿੱਤਾ ਗਿਆ। ਇਸਦੇ ਬਾਵਜੂਦ ਵਰਕਰਾਂ ਨੇ ਸਰਕਟ ਹਾਊਸ ਅਤੇ ਡੀ.ਸੀ. ਰਿਹਾਇਸ਼ ਦੇ ਬਾਹਰ ਧਰਨਾ ਮਾਰੀ ਰੱਖਿਆ। ਇਸ ਦੌਰਾਨ ਭਾਰੀ ਸੁਰੱਖਿਆ ਬਲਾਂ ਨੇ ਧਰਨਾਕਾਰੀਆਂ ਨੂੰ ਘੇਰੀ ਰੱਖਿਆ ਤੇ ਪੁਲਸ ਅਧਿਕਾਰੀ ਉਨ੍ਹਾਂ ਨੂੰ ਇਥੋਂ ਚਲਤਾ ਕਰਨ ਲਈ ਕੋਸ਼ਿਸ਼ ਕਰਦੇ ਰਹੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਇਮਾਨਦਾਰੀ ਨਾਲ ਹੋਈਆਂ ਹੁੰਦੀਆਂ ਤਾਂ ਅਕਾਲੀਆਂ ਨੂੰ ਤੇਲ ਤੇ ਤੇਲ ਦੀ ਧਾਰ ਦਾ ਪਤਾ ਲੱਗ ਜਾਂਦਾ। ਧੱਕੇ ਅਤੇ ਬੂਥਾਂ 'ਤੇ ਕਬਜ਼ੇ ਹੋਣ ਦੇ ਬਾਵਜੂਦ ਜਿਥੇ ਵੀ ਕਾਂਗਰਸ ਤੇ ਪੀ.ਪੀ.ਪੀ. ਉਮੀਦਵਾਰਾਂ ਨੇ ਸਹਿਮਤੀ ਨਾਲ ਚੋਣ ਲੜੀ, ਉਥੇ ਅਕਾਲੀ ਉਮੀਦਵਾਰ ਹਾਰਿਆ ਹੈ। ਬਾਕੀ ਥਾਂਵਾਂ 'ਤੇ ਵੀ ਪੀ.ਪੀ.ਪੀ. ਤੇ ਕਾਂਗਰਸ ਦੇ ਉਮੀਦਵਾਰਾਂ ਦੀ ਵੋਟ ਮਿਲਾ ਕੇ ਅਕਾਲੀ ਉਮੀਦਵਾਰਾਂ ਨਾਲੋਂ ਵੱਧ ਹੀ ਹੈ। ਉਨ੍ਹਾਂ ਕਿਹਾ ਕਿ ਪੀ.ਪੀ.ਪੀ. ਦਾ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੈ, ਉਕਤ ਚੋਣਾਂ 'ਚ ਕੁਝ ਸੀਟਾਂ 'ਤੇ ਵਰਕਰਾਂ ਨੇ ਆਪਣੀ ਮਰਜ਼ੀ ਨਾਲ ਹੀ ਸਹਿਮਤੀ ਬਣਾਈ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਨਾਲ ਗਠਜੋੜ ਕਰਨ ਬਾਰੇ ਫਿਲਹਾਲ ਕੋਈ ਵਿਚਾਰ ਨਹੀਂ ਕੀਤਾ ਗਿਆ।
ਆਦਮਪੁਰਾ ਕਾਂਡ ਬਾਰੇ ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਨੂੰ ਇਕ ਸਾਜਿਸ਼ ਤਹਿਤ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਪਹਿਲਾਂ ਪੁਲਸ ਨੇ ਉਸਦਾ ਅਸਲਾ ਵੀ ਖੋਹ ਲਿਆ ਸੀ। ਫਿਰ ਯੋਜਨਾ ਮੁਤਾਬਕ ਉਸ 'ਤੇ ਹਮਲਾ ਕਰਵਾਇਆ ਗਿਆ। ਇਸ ਲਈ ਮਾਮਲੇ ਦੀ ਪੜਤਾਲ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਪੀ.ਪੀ.ਪੀ. ਆਗੂ ਭਗਵੰਤ ਮਾਨ ਨੇ ਕਿਹਾ ਕਿ ਵੱਡੇ ਪੁਲਸ ਅਧਿਕਾਰੀ ਹੁਣ ਅਧਿਕਾਰੀ ਨਹੀਂ, ਸਗੋਂ ਅਕਾਲੀ ਦਲ ਸਰਕਲ ਪ੍ਰਧਾਨ ਹਨ, ਜੋ ਸਮੇਂ-ਸਮੇਂ 'ਤੇ ਬੜੀ ਬੇਸ਼ਰਮੀ ਨਾਲ ਆਪਣੇ ਆਕਾਵਾਂ ਦੇ ਹੁਕਮ ਵਜਾਉਂਦੇ ਹਨ, ਫਿਰ ਉਸ ਵਾਸਤੇ ਭਾਵੇਂ ਕਾਨੂੰਨ ਦੀਆਂ ਧੱਜੀਆਂ ਹੀ ਕਿਉਂ ਨਾ ਉਡਾਉਣੀਆਂ ਪੈਣ।  ਸੀ.ਪੀ.ਆਈ. ਆਗੂ ਕਾ. ਹਰਦੇਵ ਅਰਸ਼ੀ ਨੇ ਬਾਦਲ ਸਰਕਾਰ ਨੂੰ ਗੱਦਾਫੀ ਸਰਕਾਰ ਕਰਾਰ ਦਿੰਦਿਆਂ ਮੰਗ ਕੀਤੀ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਪਰੋਕਤ ਚੋਣਾਂ ਦੋਬਾਰਾ ਕਰਵਾਈਆਂ ਜਾਣ ਤਾਂ ਕਿ ਲੋਕਾਂ ਦੀ ਇੱਛਾ ਸਾਹਮਣੇ ਆ ਸਕੇ।