
ਬਠਿੰਡਾ,
(ਬਲਵਿੰਦਰ)- ਹੈਰਾਨ ਕਰਨ ਦੇਣ ਵਾਲੇ ਅੰਕੜੇ ਹਨ ਕਿ ਬਠਿੰਡੇ ਵਾਲੇ ਰੋਜ਼ਾਨਾ ਕਰੀਬ ਢਾਈ
ਲੱਖ ਰੁਪਏ ਦੇ ਇਕ ਲੱਖ ਗੋਲਗੱਪੇ ਹੀ ਖਾ ਜਾਂਦੇ ਹਨ, ਜੋ ਔਰਤਾਂ ਦੀ ਪਹਿਲੀ ਪਸੰਦ ਹਨ।
ਹੋਰ ਵਸਤਾਂ ਦੇ ਮਹਿੰਗਾ ਹੋਣ ਨਾਲ ਨਿੱਤ ਧਰਨੇ-ਮੁਜ਼ਾਹਰੇ ਹੁੰਦੇ ਹਨ ਪਰ ਗੋਲਗੱਪੇ ਭਾਵੇਂ
ਦਸਾਂ ਦੇ ਤਿੰਨ ਹੀ ਮਿਲਣ, ਇਸ ਬਾਰੇ ਕੋਈ ਕੁਝ ਨਹੀਂ ਬੋਲਦਾ। ਇਸ ਨੂੰ ਮਾਮੂਲੀ ਜਾਣ ਕੇ
ਅਣਗੌਲਿਆਂ ਕੀਤਾ ਜਾ ਰਿਹਾ ਹੈ ਜਾਂ ਫਿਰ 'ਵਿਚਾਰੇ ਪੁਰਸ਼ਾਂ' ਦੀ ਕੋਈ ਹੋਰ 'ਮਜਬੂਰੀ'
ਹੈ, ਇਹ ਤਾਂ ਉਹੀਓ ਜਾਣਨ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬਠਿੰਡਾ ਸ਼ਹਿਰ ਦੇ ਮੁੱਖ
ਬਾਜ਼ਾਰਾਂ 'ਚ ਗੋਲਗੱਪਿਆਂ ਦੀਆਂ ਕਰੀਬ 50 ਰੇਹੜੀਆਂ ਤੇ ਦੁਕਾਨਾਂ ਲੱਗਦੀਆਂ ਹਨ, ਜਦੋਂਕਿ
ਰੇਲਵੇ ਲਾਈਨਪਾਰ ਖੇਤਰ, ਅਜੀਤ ਰੋਡ, 100 ਫੁੱਟੀ ਰੋਡ, ਬੀਬੀ ਵਾਲਾ ਰੋਡ, ਪਾਵਰ ਹਾਊਸ
ਰੋਡ, ਭਾਗੂ ਰੋਡ, ਮਾਡਲ ਟਾਊਨ, ਬੱਸ ਅੱਡਾ, ਕੋਰਟ ਰੋਡ, ਮਹਿਣਾ ਚੌਕ, ਮਾਨਸਾ ਰੋਡ,
ਗੋਨਿਆਣਾ ਰੋਡ, ਨਹਿਰਾਂ, ਰੋਜ਼ ਗਾਰਡਨ, ਮਿੱਤਲ ਮਾਲ, ਪੈਨਿਨਸੂਲਾ ਮਾਲ, ਐੱਨ. ਐੱਫ.
ਐੱਲ. ਕਾਲੋਨੀ, ਥਰਮਲ ਕਾਲੋਨੀ ਅਤੇ ਸ਼ਹਿਰ ਦੇ ਹੋਰ ਅੰਦਰੂਨੀ ਖੇਤਰ ਹਨ, ਜਿਥੇ
ਗੋਲਗੱਪਿਆਂ ਦੀਆਂ ਕਰੀਬ 200 ਰੇਹੜੀਆਂ ਤੇ ਹੋਰ ਦੁਕਾਨਾਂ ਸਜਦੀਆਂ ਹਨ। ਇਸ ਤਰ੍ਹਾਂ 250
ਰੇਹੜੀਆਂ ਸ਼ਹਿਰ ਵਿਚ ਰੋਜ਼ਾਨਾ ਗੋਲਗੱਪਿਆਂ ਦੀਆਂ ਲੱਗਦੀਆਂ ਹਨ, ਜਿਨ੍ਹਾਂ ਦੇ ਗੋਲਗੱਪੇ
ਰੋਜ਼ਾਨਾ ਮੁੱਕਦੇ ਹਨ। ਜਿਵੇਂ ਕਿ ਮਹਿੰਗਾਈ ਦਾ ਰੰਗ ਹੋਰ ਵਸਤਾਂ 'ਤੇ ਚੜ੍ਹਿਆ ਹੋਇਆ ਹੈ,
ਉਵੇਂ ਹੀ ਗੋਲਗੱਪਿਆਂ 'ਤੇ ਵੀ ਇਸ ਦਾ ਅਸਰ ਸਪੱਸ਼ਟ ਮਹਿਸੂਸ ਹੋ ਰਿਹਾ ਹੈ ਕਿਉਂਕਿ 10
ਰੁਪਏ ਦੇ 8 ਜਾਂ 10 ਤਾਂ ਹੁਣ ਕਿਧਰੇ ਵੀ ਨਹੀਂ ਮਿਲਦੇ। ਕੁਝ ਥਾਵਾਂ 'ਤੇ 4 ਜਾਂ 5 ਵੀ
ਮਿਲ ਰਹੇ ਹਨ ਪਰ ਜ਼ਿਆਦਾਤਰ ਰੇਹੜੀਆਂ 'ਤੇ 10 ਰੁਪਏ ਦੇ 3 ਗੋਲਗੱਪੇ ਹੀ ਮਿਲਦੇ ਹਨ। ਇਥੇ
ਹੀ ਬੱਸ ਨਹੀਂ, ਕਈ ਚੰਗੇ ਰੈਸਟੋਰੈਂਟਾਂ 'ਤੇ ਤਾਂ ਗੋਲਗੱਪੇ ਦੀ ਕੀਮਤ 5 ਰੁਪਏ ਵੀ ਹੋ
ਚੁੱਕੀ ਹੈ। ਇਸ ਤਰ੍ਹਾਂ ਇਕ ਗੋਲਗੱਪੇ ਦੀ ਕੀਮਤ 5 ਤੋਂ 2 ਰੁਪਏ ਬਣਦੀ ਹੈ। ਉਕਤ ਰੇਹੜੀਆਂ
ਤੇ ਦੁਕਾਨਾਂ ਦੀ ਰੋਜ਼ਾਨਾ ਸੇਲ 500 ਤੋਂ ਲੈ ਕੇ 5000 ਰੁਪਏ ਤੱਕ ਹੈ। ਇਕ ਅੰਦਾਜ਼ੇ
ਮੁਤਾਬਕ ਇਕ ਰੇਹੜੀ ਜਾਂ ਦੁਕਾਨ ਦੀ ਰੋਜ਼ਾਨਾ ਔਸਤਨ ਸੇਲ ਇਕ ਹਜ਼ਾਰ ਰੁਪਏ ਦੀ ਬਣਦੀ ਹੈ।
ਕੁੱਲ ਮਿਲਾ ਕੇ ਬਠਿੰਡੇ ਵਾਲੇ ਰੋਜ਼ਾਨਾ ਕਰੀਬ ਢਾਈ ਲੱਖ ਰੁਪਏ ਦੇ ਇਕ ਲੱਖ ਗੋਲਗੱਪੇ ਖਾ
ਜਾਂਦੇ ਹਨ। ਭਾਵੇਂ ਨੌਜਵਾਨ ਤੇ ਪੁਰਸ਼ ਵੀ ਕਾਫੀ ਮਾਤਰਾ ਵਿਚ ਗੋਲਗੱਪੇ ਖਾਂਦੇ ਹਨ ਪਰ ਉਹ
ਲੜਕੀਆਂ ਖਾਸ ਕਰਕੇ ਔਰਤਾਂ ਦੀ ਬਰਾਬਰੀ ਨਹੀਂ ਕਰ ਸਕਦੇ। ਆਰੀਆ ਸਮਾਜ ਚੌਕ ਵਿਚ ਗੋਲਗੱਪੇ
ਖਾ ਰਹੀਆਂ ਕੁਝ ਔਰਤਾਂ ਦਾ ਕਹਿਣਾ ਸੀ ਕਿ ਗੋਲਗੱਪੇ ਵਾਕਿਆ ਹੀ ਬਹੁਤ ਮਹਿੰਗੇ ਹੋ ਗਏ
ਹਨ। ਕੋਈ ਸਮਾਂ ਸੀ ਜਦੋਂ 5 ਰੁਪਏ ਦੇ 10 ਗੋਲਗੱਪੇ ਮਿਲਦੇ ਸਨ, ਫਿਰ 10 ਗੋਲਗੱਪਿਆਂ ਦੀ
ਕੀਮਤ 10 ਰੁਪਏ ਹੋ ਗਈ। ਹੁਣ ਤਾਂ 10 ਰੁਪਏ ਦੇ ਸਿਰਫ਼ 3 ਹੀ ਗੋਲਗੱਪੇ ਮਿਲਦੇ ਹਨ।
ਉਨ੍ਹਾਂ ਕਿਹਾ ਕਿ ਕੀ ਕਰੀਏ ਮਜਬੂਰੀ ਹੈ, ਗੋਲਗੱਪੇ ਨਹੀਂ ਛੱਡ ਸਕਦੇ, ਫਿਰ ਭਾਵੇਂ ਇਕ
ਗੋਲਗੱਪੇ ਦਾ ਰੇਟ 10 ਰੁਪਏ ਹੀ ਕਿਉਂ ਨਾ ਹੋ ਜਾਵੇ। ਦੂਜੇ ਪਾਸੇ ਰੇਹੜੀ ਵਾਲੇ ਕਹਿ ਰਹੇ
ਸਨ ਕਿ 'ਕਿਆ ਕਰੇਂ ਬਾਬੂ ਜੀ! ਪੈਟਰੋਲ, ਗੈਸ, ਆਟਾ-ਨਮਕ ਔਰ ਸਭ ਕੁਛ ਮਹਿੰਗਾ ਹੋ ਗਿਆ ਹੈ
ਤੋ ਮਹਿੰਗਾਈ ਕਾ ਅਸਰ ਗੋਲਗੱਪੋਂ ਪਰ ਭੀ ਬਰਾਬਰ ਪੜੇਗਾ।' ਜੇਕਰ ਮਹਿੰਗਾਈ ਦਾ ਹਾਲ ਇਹੋ
ਰਿਹਾ ਤਾਂ ਗੋਲਗੱਪਿਆਂ ਦਾ ਖਰਚ ਹੋਰ ਵੱਧ ਜਾਵੇਗਾ, ਜੋ ਹਾਸੋਹੀਣੀ ਹੋਣ ਦੇ ਨਾਲ-ਨਾਲ
ਹੈਰਾਨੀਜਨਕ ਵੀ ਹੈ।
www.sabblok.blogspot.com




No comments:
Post a Comment