ਜਲੰਧਰ— ਪਾਕਿਸਤਾਨ 'ਚ  ਸਰਬਜੀਤ ਸਿੰਘ ਦੀ ਹੋਈ ਮੌਤ ਤੋਂ ਬਾਅਦ ਜਿਸ ਤਰ੍ਹਾਂ ਉਸ ਦੇ ਪਰਿਵਾਰ ਪ੍ਰਤੀ ਮਾਝਾ ਖੇਤਰ 'ਚ ਜਨਤਾ ਦੀ ਹਮਦਰਦੀ ਪੈਦਾ ਹੋਈ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ  ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਨਜ਼ਰਾਂ ਸਰਬਜੀਤ ਦੇ ਪਰਿਵਾਰ 'ਤੇ ਆ ਕੇ ਟਿਕ ਗਈਆਂ ਹਨ। ਦੋਵਾਂ ਹੀ ਪਾਰਟੀਆਂ ਆਉਂਦੀਆਂ ਲੋਕ ਸਭਾ ਚੋਣਾਂ 'ਚ ਸਰਬਜੀਤ ਦੇ ਪਰਿਵਾਰ ਨੂੰ ਕੈਚ ਕਰਨਾ ਚਾਹੁੰਦੀਆਂ ਹਨ।  ਕਾਂਗਰਸ ਵਲੋਂ ਜਿਸ ਤਰ੍ਹਾਂ ਪਾਰਟੀ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿੱਲੀ 'ਚ ਸਰਬਜੀਤ ਦੀ ਭੈਣ ਦਲਬੀਰ ਕੌਰ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਜਿਸ ਤਰ੍ਹਾਂ ਰਾਹੁਲ ਗਾਂਧੀ ਸਰਬਜੀਤ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਏ। ਉਸ ਨਾਲ ਇਹ ਚਰਚਾਵਾਂ ਤੇਜ਼ ਹੋ ਗਈਆਂ ਹਨ ਤੇ ਕਾਂਗਰਸ ਵਲੋਂ ਸਰਬਜੀਤ ਦੀ ਭੈਣ 'ਤੇ ਡੋਰੇ ਪਾਏ ਜਾ ਰਹੇ ਹਨ।
ਖਡੂਰ ਸਾਹਿਬ ਸੰਸਦੀ ਸੀਟ ਨੂੰ ਲੈ ਕੇ ਸਾਰਾ ਜ਼ੋਰ ਲੱਗਣਾ ਸ਼ੁਰੂ ਹੋ ਗਿਆ ਹੈ। ਪਿਛਲੀ ਵਾਰ ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਪਰ ਹੁਣ ਰਾਣਾ ਗੁਰਜੀਤ ਸਿੰਘ ਕਾਂਗਰਸੀ ਵਿਧਾਇਕ ਹਨ। ਕਾਂਗਰਸ ਨੂੰ ਖਡੂਰ ਸਾਹਿਬ 'ਚ ਮਜ਼ਬੂਤ ਉਮੀਦਵਾਰ ਦੀ ਭਾਲ ਹੈ। ਕਾਂਗਰਸ ਨੇ ਸਰਬਜੀਤ ਦੇ ਪਰਿਵਾਰ  ਨੂੰ ਪਾਕਿਸਤਾਨ ਤੋਂ ਵੀਜ਼ਾ ਦਿਵਾਉਣ 'ਚ ਮਦਦ ਕੀਤੀ। ਰਾਹੁਲ ਦਾ ਖਡੂਰ ਸਾਹਿਬ ਆਉਣਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੇਂਦਰ ਨੇ ਵੀ 25 ਲੱਖ ਰੁਪਏ ਦੀ ਰਾਸ਼ੀ ਸਰਬਜੀਤ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਸਰਬਜੀਤ ਦੇ ਪਰਿਵਾਰ 'ਤੇ ਨਜ਼ਰਾਂ ਟਿਕਾਈ ਬੈਠਾ ਹੈ। ਪੰਜਾਬ ਸਰਕਾਰ ਵਲੋਂ ਸਰਬਜੀਤ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ। ਪੰਜਾਬ ਵਿਧਾਨ ਸਭਾ ਵਲੋਂ ਸਰਬਜੀਤ ਨੂੰ ਲੈ ਕੇ ਪ੍ਰਸਤਾਵ  ਪਾਸ ਕਰਕੇ ਸ਼ਰਧਾਂਜਲੀ ਦਿੱਤੀ ਗਈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਸਰਬਜੀਤ ਦਾ ਪਰਿਵਾਰ ਕਿਸ ਪਾਰਟੀ ਦਾ ਪੱਲਾ ਫੜੇਗਾ। ਇਸ ਨੂੰ ਲੈ ਕੇ ਹੁਣ ਅਗਲੇ ਕੁਝ ਦਿਨਾਂ 'ਚ ਤਸਵੀਰ ਸਾਫ ਹੋਵੇਗੀ। ਅਜੇ ਤਾਂ ਸਰਬਜੀਤ ਦਾ ਪਰਿਵਾਰ ਪੂਰੀ ਤਰ੍ਹਾਂ ਨਾਲ ਸ਼ੋਕ 'ਚ ਹੈ। ਸ਼ੋਕ ਤੋਂ ਬਾਹਰ ਹੋਣ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਵਲੋਂ ਸਿਆਸਤ 'ਚ ਕੁੱਦਣ ਜਾਂ ਨਾ ਕੁੱਦਣ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ। ਅਜੇ ਤਕ ਤਾਂ ਦਲਬੀਰ ਕੌਰ ਨੇ ਸਰਬਜੀਤ ਦੇ ਮਾਮਲੇ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ 'ਤੇ ਹਮਲਾ ਕੀਤਾ ਹੈ। ਅਕਾਲੀ ਅਤੇ ਕਾਂਗਰਸ ਲੀਡਰਸ਼ਿਪ ਨੇ ਹੀ ਸਰਬਜੀਤ ਦੀ ਹੱਤਿਆ ਨੂੰ ਲੈ ਕੇ ਬਿਆਨਬਾਜ਼ੀ  ਕੀਤੀ ਹੈ। ਮੁੱਖ ਮੰਤਰੀ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਾਰਿਆਂ ਨੇ ਪਾਕਿਸਤਾਨ 'ਤੇ ਸਰਬਜੀਤ ਦੇ ਮਾਮਲੇ ਨੂੰ ਲੈ ਕੇ ਹਮਲਾ ਬੋਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਹੀ ਪਾਰਟੀਆਂ ਸਰਬਜੀਤ ਦੀ ਮੌਤ ਤੋਂ ਬਾਅਦ ਜਨਤਾ 'ਚ ਪੈਦਾ ਹੋਈ ਹਮਦਰਦੀ ਨੂੰ ਕੈਚ ਕਰਨਾ ਚਾਹੁੰਦੀਆਂ ਹਨ।