ਚੰਡੀਗੜ੍ਹ, 24 ਮਈ (ਐਨ.ਐਸ. ਪਰਵਾਨਾ) P ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਇਥੋਂ ਦੇ ਵੀ. ਆਈ. ਪੀ. ਸੈਕਟਰ 2 ਵਿਚ ਨਵੀਂ ਕੋਠੀ ਨੰਬਰ 8 'ਸੁਰੱਖਿਆ ਦੇ ਕਾਰਨਾਂ' ਕਰਕੇ ਕੁਝ ਸ਼ਰਤਾਂ ਦੇ ਆਧਾਰ 'ਤੇ ਅਲਾਟ ਕਰ ਦਿੱਤੀ ਹੈ | ਇਹ ਕੋਠੀ, ਜਿਸ ਵਿਚ ਪਹਿਲਾਂ ਪਸ਼ੂ ਪਾਲਣ ਮੰਤਰੀ ਸ: ਗੁਲਜ਼ਾਰ ਸਿੰਘ ਰਾਣੀਕੇ ਰਹਿੰਦੇ ਸਨ, ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦੇ ਬਿਲਕੁਲ ਪਿੱਛੇ ਹੈ ਤੇ ਜਿਸ ਦੀ ਅੱਜ ਕੱਲ੍ਹ ਮੁਰੰਮਤ ਤੇ ਸਫ਼ਾਈ ਤੇਜ਼ੀ ਨਾਲ ਹੋ ਰਹੀ ਹੈ | ਸ: ਰਣੀਕੇ ਨੂੰ ਸੈਕਟਰ 16 ਵਿਚ ਕੋਠੀ ਨੰਬਰ 500 ਅਲਾਟ ਕਰ ਦਿੱਤੀ ਗਈ ਹੈ | ਯਾਦ ਰਹੇ ਪਹਿਲਾਂ ਇਹ ਕੋਠੀ ਰਾਜਪਾਲ ਤੇ ਯੂ. ਟੀ. ਚੰਡੀਗੜ੍ਹ ਦੇ ਐਡਮਨਿਸਟਰ ਸ਼ਿਵਰਾਜ ਪਾਟਿਲ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਨੂੰ ਅਲਾਟ ਕਰ ਦਿੱਤੀ ਸੀ, ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਆਰਡਰ ਤੇ 'ਕਈ ਕਾਰਨਾਂ' ਕਰਕੇ ਅਮਲ ਨਹੀਂ ਸੀ ਕੀਤਾ, ਜਿਸ ਦੇ ਫਲਸਰੂਪ 18 ਮਾਰਚ, 2012 ਤੋਂ ਹੁਣ ਤੱਕ ਸ੍ਰੀ ਜਾਖੜ ਸਰਕਾਰੀ ਕੋਠੀ ਤੋਂ ਬਿਨਾਂ ਹੀ ਚੱਕਰ ਕੱਟੀ ਜਾ ਰਹੇ ਹਨ | ਬੀਬੀ ਭੱਠਲ ਜਿਨ੍ਹਾਂ ਨੂੰ ਹਾਈਕੋਰਟ ਦੇ ਹੁਕਮ 'ਤੇ ਕੋਠੀ ਨੰਬਰ 46 ਲਗਪਗ 20 ਸਾਲਾਂ ਤੋਂ ਪਿੱਛੋਂ ਖ਼ਾਲੀ ਕਰਨੀ ਪੈ ਰਹੀ ਹੈ, ਜਿਸ ਨੂੰ ਬੜੇ ਲਾਡ ਤੇ ਚਾਅ ਨਾਲ ਉਨ੍ਹਾਂ ਤਿਆਰ ਕਰਵਾਇਆ ਸੀ | ਹੁਣ ਇਸ ਕੋਠੀ ਦਾ ਆਸਾਨੀ ਨਾਲ ਕਬਜ਼ਾ ਸ੍ਰੀ ਜਾਖੜ ਨੂੰ ਮਿਲ ਜਾਵੇਗਾ, ਪਰ ਅਜੇ ਵੀ ਉਨ੍ਹਾਂ ਨੂੰ ਕੁਝ ਹਫ਼ਤੇ ਉਡੀਕਣਾ ਪਵੇਗਾ | ਦਿਲਚਸਪ ਗੱਲ ਇਹ ਹੈ ਕਿ ਬੀਬੀ ਭੱਠਲ ਨੂੰ ਜੋ ਨਵੀਂ ਕੋਠੀ ਅਲਾਟ ਹੋਈ ਹੈ, ਉਹ ਮੁੱਖ ਮੰਤਰੀ ਦੇ ਪੂਲ ਵਿਚ ਸ਼ਾਮਿਲ ਹੈ ਤੇ ਇਸ ਬਾਰੇ ਅਲਾਟਮੈਂਟ ਆਰਡਰ ਵਿਚ ਲਿਖਿਆ ਹੈ ਕਿ 'ਇਸ ਕੋਠੀ ਦਾ ਬਣਦਾ ਕਿਰਾਇਆ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਵੱਲੋਂ ਅਦਾ ਕੀਤਾ ਜਾਵੇਗਾ ਤੇ ਇਸ ਦੇ ਬਿਜਲੀ, ਪਾਣੀ ਦੇ ਬਿੱਲਾਂ ਦੀ ਅਦਾਇਗੀ ਵੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਵੱਲੋਂ ਕੀਤੀ ਜਾਏਗੀ | ਇਸ ਦੌਰਾਨ ਪਤਾ ਲੱਗਾ ਹੈ ਕਿ ਪਿਛਲੇ ਸਾਲ ਮਾਰਚ ਮਹੀਨੇ ਤੋਂ ਕੋਠੀ ਨੰਬਰ 46 ਵਿਚ ਨਾਜਾਇਜ਼ ਤੌਰ 'ਤੇ ਰਿਹਾਇਸ਼ ਰੱਖਣ ਦੇ ਕਾਰਨ ਬੀਬੀ ਭੱਠਲ ਨੂੰ ਮਾਰਕੀਟ ਰੇਟ 'ਤੇ ਜ਼ੁਰਮਾਨੇ ਸਮੇਤ ਕਈ ਲੱਖ ਰੁਪਏ ਕਿਰਾਇਆ ਅਦਾ ਕਰਨਾ ਪਵੇਗਾ |