ਚੰਡੀਗੜ੍ਹ, 22 ਮਈ (ਅਜਾਇਬ ਔਜਲਾ)-ਬਾਲੀਵੁੱਡ ਦੀ ਉੱਘੀ ਅਭਿਨੇਤਰੀ ਬਿਪਾਸ਼ਾ ਬਸੂ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੱਖਣੀ ਭਾਸ਼ਾਵਾਂ ਨਾਲੋਂ ਪੰਜਾਬੀ ਭਾਸ਼ਾ ਵਧੇਰੇ ਸੌਖੀ ਹੈ, ਇਸ ਲਈ ਜੇਕਰ ਕੋਈ ਚੰਗੀ ਪੰਜਾਬੀ ਫ਼ਿਲਮ ਦਾ ਪ੍ਰਸਤਾਵ ਉਸ ਨੂੰ ਮਿਲਿਆ ਤਾਂ ਉਹ ਹੱਸ ਕੇ ਪੰਜਾਬੀ ਫ਼ਿਲਮ ਕਰਨਾ ਚਾਹੇਗੀ | ਅਭਿਨੇਤਰੀ ਬਿਪਾਸ਼ਾ ਬਸੂ ਚੰਡੀਗੜ੍ਹ ਵਿਖੇ ਵੇਰੋ ਮੋਡਾ ਦੀਆਂ ਉਦਘਾਟਨੀ ਰਸਮਾਂ ਨਿਭਾਉਣ ਦੇ ਸਿਲਸਿਲੇ ਵਿਚ ਇਥੇ ਪੁੱਜੀ ਸੀ | ਮਾਡਿਲੰਗ ਦੀ ਦੁਨੀਆਂ ਤੋਂ ਅਭਿਨੈ ਦੇ ਖੇਤਰ ਵਿਚ ਕਦਮ ਰੱਖਣ ਵਾਲੀ ਬੰਗਾਲੀ ਮੁਟਿਆਰ ਬਿਪਾਸ਼ਾ ਬਸੂ ਨੇ ਕਿਹਾ ਕਿ ਭਾਵੇਂ ਉਸ ਨੇ ਆਪਣੇ ਅਭਿਨੈ ਖੇਤਰ ਦੇ ਸ਼ੁਰੂਆਤੀ ਦੌਰ ਵਿਚ ਗਲੈਮਰ ਅਤੇ ਗੰਭੀਰ ਤਰ੍ਹਾਂ ਦੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ, ਪਰ ਉਸ ਦਾ ਨਿੱਜੀ ਵਿਚਾਰ ਹੈ ਕਿ ਗਲੈਮਰ ਭਰਪੂਰ ਅਦਾਕਾਰੀ ਨਾਲੋਂ ਪ੍ਰਤਿਭਾ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਲੰਮੇ ਸਮੇਂ ਤੱਕ ਰਾਜ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਫ਼ਿਲਮ 'ਅਜ਼ਨਬੀ' ਤੋਂ ਇਲਾਵਾ ਫ਼ਿਲਮ 'ਫੇਰ ਹੇਰਾਫੇਰੀ', 'ਕਾਰਪੋਰੇਟ', 'ਓਮਕਾਰਾ', 'ਧੂਮ-2' ਅਤੇ 'ਰੇਸ' ਆਦਿ ਨੇ ਉਸ ਦੇ ਲਈ ਸਫ਼ਲਤਾ ਦੇ ਰਾਹ ਖੋਲ੍ਹੇ | ਹੁਣ ਉਹ ਵਿਕਰਮ ਭੱਟ ਦੀ ਫ਼ਿਲਮ 'ਕ੍ਰੀਚਰ' ਦੀ ਸ਼ੂਟਿੰਗ ਕਰ ਰਹੀ ਹੈ, ਜੋ ਅੱਜਕੱਲ੍ਹ ਊਟੀ ਵਿਖੇ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਹੁਤ ਮਾਡਰਨ ਥਾਂ ਹੈ ਤੇ ਇਥੇ ਅੱਜ ਗਰਮੀ ਦੇ ਬਾਵਜੂਦ ਵੀ ਉਸ ਨੂੰ ਚੰਡੀਗੜ੍ਹ ਵਿਚ ਵਿਚਰਨਾ ਵਧੇਰੇ ਚੰਗਾ ਲੱਗਿਆ ਹੈ |