jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਭਾਰਤੀ ਕ੍ਰਿਕਟ ਖਿਡਾਰੀਆਂ ਦਾ ਸਕੈਂਡਲ ਬਨਾਮ ਰੰਗੀਨ ਰਾਤਾਂ

www.sabblok.blogspot.com


ਭਾਰਤੀ ਕ੍ਰਿਕਟ ਖਿਡਾਰੀਆਂ ਸ੍ਰੀਸੰਥ ਤੇ ਹੋਰ ਖਿਡਾਰੀਆਂ ਦਾ ਮੇਚ ਫਿਕਸਿੰਗ 'ਚ ਫਸ ਜਾਣ ਕਾਰਨ ਤੇ ਹੋਟਲਾਂ ਵਿੱਚ ਦਲਾਲਾਂ ਵੱਲੋਂ ਪੇਸ਼ ਕੀਤੀਆਂ ਨੱਢੀਆਂ ਨਾਲ ਰਾਤਾਂ ਰੰਗੀਨ ਕਰਨ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਤੇ ਕਾਲਾ ਧੱਬਾ ਲੱਗ ਗਿਆ ਹੈ। ਇਸ ਦੇ ਸੰਚਾਲਕਾਂ ਦਾ ਦਾਅਵਾ ਹੈ ਕਿ ਆਈਪੀਐਲ ਸਪਾਟ ਫਿਕਸਿੰਗ ਦੇ ਤਾਜ਼ਾ ਝਟਕੇ ਤੋਂ ਉਭਰ ਜਾਵੇਗਾ ਤਾਂ ਇਸ ਨੂੰ ਝੂਠ ਨਹੀਂ ਆਖਿਆ ਜਾ ਸਕਦਾ, ਕਿਉਂਕਿ ਭਾਰਤ ਦੇ ਲੋਕ ਇਨ੍ਹਾਂ ਸਕੈਂਡਲਾਂ ਨੂੰ ਭੁੱਲਣ ਦੇ ਮਾਹਿਰ ਹਨ। ਉਹ ਤਾਂ ਕਈ ਘੱਪਲਿਆਂ ਤੇ ਬਲਾਤਕਾਰਾਂ ਦੇ ਦੋਸ਼ਾਂ ਵਿੱਚ ਫਸੇ ਸਿਆਸਤਦਾਨਾਂ ਨੂੰ ਦੁਬਾਰਾ ਜਿਤਾ ਚੁੱਕੇ ਹਨ। ਇਹੀ ਕਾਰਨ ਹੈ ਕਿ ਭਾਰਤ ਵਿੱਚ ਜਮਹੂਰੀਅਤ ਦਾ ਨਹੀਂ, ਭ੍ਰਿਸ਼ਟ ਲੀਡਰਾਂ ਦਾ ਰਾਜ ਹੈ, ਜਿਸ ਰਾਹੀਂ ਗੁੰਡਾਰਾਜ ਫੈਲ ਰਿਹਾ ਹੈ, ਦੰਗੇ ਹੋ ਰਹੇ ਹਨ ਤੇ ਜਾਤੀਵਾਦ ਫੈਲ ਰਿਹਾ ਹੈ। ਪਰ ਇਹ ਤਾਂ ਵਿਚਾਰੇ ਖਿਡਾਰੀ ਹਨ, ਜੋ ਭਾਰਤ ਦੇ ਧੰਨਾ ਸੇਠਾਂ, ਭ੍ਰਿਸ਼ਟ ਸੱਤਾਧਾਰੀਆਂ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ। ਅੱਗੇ ਵੀ ਇਹੋ ਜਿਹੇ ਕਈ ਕ੍ਰਿਕਟ ਸਕੈਂਡਲ ਵਾਪਰ ਚੁੱਕੇ ਹਨ। ਬੀ.ਸੀ.ਸੀ.ਆਈ. ਤੇ ਆਈ.ਪੀ.ਐੱਲ. ਦੀ ਗਵਰਨਿੰਗ ਬਾਡੀ ਲਈ ਇਹ ਸਥਿਤੀ ਆਮ ਵਾਂਗੂ ਹੈ, ਜਿਸ 'ਚ ਖੇਡ ਵੀ ਚੱਲਦੀ ਰਹਿੰਦੀ ਹੈ, ਝਗੜੇ ਹੁੰਦੇ ਰਹਿੰਦੇ ਹਨ, ਅਕਸ 'ਤੇ ਕਾਲਖ ਮਲ਼ ਹੋ ਜਾਂਦੀ ਹੈ, ਪਰ ਉਸ ਨਾਲ ਉਨ੍ਹਾਂ ਦੇ ਖ਼ਜ਼ਾਨੇ 'ਤੇ ਕੋਈ ਫ਼ਰਕ ਨਹੀਂ ਪੈਂਦਾ।
ਸਪਾਟ ਫਿਕਸਿੰਗ 'ਚ ਸ਼ਾਮਲ ਹੋਣ ਦੇ ਦੋਸ਼ 'ਚ, ਸ਼੍ਰੀਸੰਥ, ਅੰਕਿਤ ਚੌਹਾਨ, ਅਜਿਤ ਚੰਦੀਲਾ ਅਤੇ ਅਮਿਤ ਸਿੰਘ ਦੀ ਗ੍ਰਿਫ਼ਤਾਰੀ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ। ਪਹਿਲੀ ਵਾਰ ਸਪਾਟ ਜਾਂ ਮੈਚ ਫਿਕਸਿੰਗ ਦੇ ਦੋਸ਼ 'ਚ ਭਾਰਤੀ ਪੁਲਸ ਨੇ ਆਪਣੀ ਜਾਂਚ ਦੇ ਆਧਾਰ 'ਤੇ ਕ੍ਰਿਕਟਰਾਂ ਨੂੰ ਫੜਿਆ ਹੈ। ਧੋਨੀ ਵੀ ਇਸ ਵਿੱਚ ਫਸ ਸਕਦੇ ਹਨ, ਕਿਉਂਕਿ ਇਹ ਉਂਗਲਾਂ ਉਨ੍ਹਾਂ ਉੱਪਰ ਵੀ ਉਠਣੀਆਂ ਸ਼ੁਰੂ ਹੋ ਗਈਆਂ ਹਨ। ਮਰਹੂਮ ਪਹਿਲਵਾਨ ਦਾਰਾ ਸਿੰਘ ਦਾ ਬੇਟਾ ਬਿੰਦੂ ਵੀ ਇਸ ਸਕੈਂਡਲ ਵਿੱਚ ਗ੍ਰਿਫ਼ਤਾਰ ਹੋ ਚੁੱਕਿਆ ਹੈ। ਬਾਲੀਵੁੱਡ ਤੇ ਹੋਰ ਕ੍ਰਿਕਟ ਖਿਡਾਰੀਆਂ ਦੀਆਂ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਪਰ ਇਸ ਦੇ ਬਾਵਜੂਦ ਭਾਰਤ ਦੇ ਲੋਕਾਂ ਦਾ ਇਹੋ ਜਿਹੀ ਮਾਰਕੇਬਾਜ਼ੀ ਵਾਲੀ ਕ੍ਰਿਕਟ ਵੱਲ ਧਿਆਨ ਨਹੀਂ ਘਟਿਆ। ਆਈਪੀਐੱਲ ਨਾਲ ਜੁੜੇ ਕਈ ਸਪਾਂਸਰ ਅਤੇ ਬਰਾਂਡ ਮੈਨੇਜਰ ਇਸੇ ਲਈ ਦਾਅਵਾ ਕਰਦੇ ਹਨ ਕਿ ਅਜਿਹੇ ਸਕੈਂਡਲਾਂ ਨਾਲ ਆਈਪੀਐੱਲ ਦੇ ਦਰਸ਼ਕ ਦੀ ਗਿਣਤੀ ਜਾਂ ਮਿਲਣ ਵਾਲੇ ਇਸ਼ਤਿਹਾਰਾਂ 'ਤੇ ਕੋਈ ਫ਼ਰਕ ਨਹੀਂ ਪੈਂਦਾ।
ਪਿਛਲੇ ਸਾਲ ਇਕ ਟੀਵੀ ਚੈਨਲ ਦੇ ਸਟਿੰਗ ਆਪਰੇਸ਼ਨ ਤੋਂ ਖੁਲਾਸਾ ਹੋਇਆ ਸੀ ਕਿ ਆਈਪੀਐਲ 'ਚ ਕ੍ਰਿਕਟਰ ਕਿੰਨੀ ਆਸਾਨੀ ਨਾਲ ਸਪਾਟ ਫਿਕਸਿੰਗ ਕਰਨ ਨੂੰ ਤਿਆਰ ਰਹਿੰਦੇ ਹਨ। ਮਾੜੀਆਂ ਟੀਮਾਂ ਜਿੱਤ ਜਾਂਦੀਆਂ ਹਨ ਤੇ ਪ੍ਰਸਿੱਧ ਟੀਮਾਂ ਹਾਰ ਜਾਦੀਆਂ ਹਨ। ਇਹੀ ਸੱਟੇਬਾਜ਼ੀ ਦੀ ਸਿਆਸਤ ਤੇ ਸਕੈਂਡਲ ਹੈ। ਉਦੋਂ ਇਹ ਕਾਲਾ ਕਾਰੋਬਾਰ ਵੀ ਸਾਹਮਣੇ ਆਇਆ ਕਿ ਫਰੈਂਚਾਇਜੀ ਟੀਮਾਂ ਕਿਵੇਂ ਕ੍ਰਿਕਟਰਾਂ ਨੂੰ ਤੈਅ ਹੱਦ ਤੋਂ ਵੱਧ ਭੁਗਤਾਨ ਕਰਦੀਆਂ ਹਨ। ਉਦੋਂ ਦੋਸ਼ੀ ਖਿਡਾਰੀ ਸਸਪੈਂਡ ਹੋਏ, ਪਰ ਉਸ ਢਾਂਚੇ 'ਤੇ ਕੋਈ ਫ਼ਰਕ ਨਹੀਂ ਪਿਆ, ਜਿਸ ਕਾਰਨ ਕ੍ਰਿਕਟ ਦਾ ਇਹ ਸਭ ਤੋਂ ਗਲੈਮਰਸ ਟੂਰਨਾਮੈਂਟ ਭ੍ਰਿਸ਼ਟਾਚਾਰ 'ਚ ਡੁੱਬਦਾ ਗਿਆ ਹੈ। ਹੁਣ ਰਾਜਸਥਾਨ ਰਾਇਲਜ਼ ਦੇ ਤਿੰਨ ਮੌਜੂਦਾ ਅਤੇ ਇੱਕ ਸਾਬਕਾ ਖਿਡਾਰੀ ਦੀ ਗ੍ਰਿਫ਼ਤਾਰੀ ਨੇ ਇਸ ਤੱਥ 'ਤੇ ਰੋਸ਼ਨੀ ਪਾਈ ਹੈ ਕਿ ਆਈਪੀਐਲ ਦੇ ਸੰਚਾਲਕਾਂ ਅਤੇ ਭਾਰਤੀ ਕ੍ਰਿਕਟ ਪ੍ਰਸ਼ਾਸਨ ਦੀ ਇਸ ਖੇਡ 'ਚ ਫੈਲੇ ਡੂੰਘੇ ਭ੍ਰਿਸ਼ਟਾਚਾਰ 'ਚ ਮਿਲੀਭੁਗਤ ਨਹੀਂ, ਤਾਂ ਘੱਟ ਤੋਂ ਘੱਟ ਇਸ ਨੂੰ ਰੋਕਣ 'ਚ ਕੋਈ ਦਿਲਚਸਪੀ ਵੀ ਨਹੀਂ ਹੈ। ਨਹੀਂ, ਤਾਂ 2010 'ਚ ਲਲਿਤ ਮੋਦੀ ਕਾਂਡ ਨਾਲ ਆਈਪੀਐੱਲ 'ਚ ਪਸਰੇ ਘੁਟਾਲਿਆਂ ਦੇ ਖੁਲਾਸੇ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਹ ਜੇਕਰ ਜਾਰੀ ਹੈ, ਤਾਂ ਉਸ ਤੋਂ ਕੀ ਸਿੱਟੇ ਕੱਢੇ ਜਾ ਸਕਦੇ ਹਨ? ਫਰੈਂਚਾਇਜੀ ਟੀਮਾਂ 'ਚ ਨਿਵੇਸ਼ ਦੇ ਸਰੂਪ 'ਤੇ ਅੱਜ ਵੀ ਪਰਦਾ ਹੈ, ਟੀਮਾਂ 'ਚ ਲੱਗੇ ਅਥਾਹ ਧਨ ਦਾ ਸੋਮਾ ਕੀ ਹੈ, ਇਹ ਦੱਸਣ ਨੂੰ ਟੀਮਾਂ ਦੀਆਂ ਮਾਲਕ ਕੰਪਨੀਆਂ ਤਿਆਰ ਨਹੀਂ ਹਨ। ਇਹ ਸਭ ਬਲੈਕ ਮਨੀ ਹੈ, ਕਾਲਾ ਧੰਦਾ ਹੈ ਤੇ ਲੋਕਾਂ ਦੀ ਮਿਹਨਤ ਨਾਲ ਕਮਾਏ ਧਨ ਨੂੰ ਸੱਟੇਬਾਜ਼ੀ ਨਾਲ ਹੜੱਪਿਆ ਜਾਂਦਾ ਹੈ। ਇਸ ਵਿੱਚ ਕੋਈ ਨਿਯਮ ਨਹੀਂ, ਕੋਈ ਪਾਰਦਰਸ਼ਤਾ ਨਹੀਂ ਹੈ। ਭਾਰਤ ਦੇ ਸੱਤਾਧਾਰੀ ਲੋਕ ਵੀ ਇਸ ਨੂੰ ਗੁਨਾਹ ਨਹੀਂ ਮੰਨਦੇ, ਨਹੀਂ ਤਾਂ ਇਹੋ ਜਿਹੇ ਸਕੈਂਡਲ ਹੋਣ ਵੀ ਕਿਉਂ। ਸਵਾਲ ਹੈ ਕਿ ਮੈਚ ਜਾਂ ਸਪਾਟ ਫਿਕਸਿੰਗ ਰੋਕਣ ਦੀ ਬੀ.ਸੀ.ਸੀ.ਆਈ. ਦਾ ਆਪਣਾ ਪ੍ਰਬੰਧ ਕਿੱਥੇ ਗਾਇਬ ਹੈ? ਇਸ ਦੇ ਖੁਲਾਸੇ ਲਈ ਮੀਡੀਆ ਜਾਂ ਪੁਲੀਸ ਨੂੰ ਕਿਉਂ ਅੱਗੇ ਆਉਣਾ ਪੈਂਦਾ ਹੈ? ਫਿਕਸਿੰਗ ਦਾ ਹਰ ਮਾਮਲਾ ਸਾਹਮਣੇ ਆਉਣ 'ਤੇ ਫਰੈਂਚਾਇਜੀ ਟੀਮਾਂ ਅਤੇ ਬੀ.ਸੀ.ਸੀ.ਆਈ. ਜ਼ੀਰੋ ਟਾਲਰੈਂਸ ਦੀ ਗੱਲ ਕਰਦੇ ਹਨ, ਪਰ ਅੱਜ ਤੱਕ ਉਨ੍ਹਾਂ ਨੇ ਇਹੋ ਜਿਹਾ ਸਕੈਂਡਲ ਕਿਉਂ ਨਹੀਂ ਫੜਿਆ? ਇਸ ਦਾ ਕਾਰਨ ਕ੍ਰਿਕਟ ਪ੍ਰਸ਼ਾਸਨ ਦੀ ਅਯੋਗਤਾ ਹੈ ਜਾਂ ਇੱਛਾਸ਼ਕਤੀ ਦੀ ਘਾਟ ਹੈ? ਚੰਗੀ ਗੱਲ ਹੈ ਕਿ ਦਿੱਲੀ ਪੁਲੀਸ ਨੇ ਸ਼੍ਰੀਸੰਥ, ਚੌਹਾਨ ਤੇ ਚੰਦੀਲਾ 'ਤੇ ਧੋਖਾਦੇਹੀ ਤੇ ਅਪਰਾਧਿਕ ਸਾਜ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ। ਜਾਂਚ ਤੇ ਖੁਫ਼ੀਆ ਏਜੰਸੀਆਂ ਦੀ ਉਸ ਪੂਰੇ ਤੰਤਰ ਤੱਕ ਪਹੁੰਚ ਜ਼ਰੂਰੀ ਹੈ, ਜਿਸ ਕਾਰਨ ਇਹ ਜੈਂਟਲਮੈਨ ਖਿਡਾਰੀ ਕਾਲੇ ਧੰਦੇ 'ਚ ਫਸ ਗਏ। ਇੱਥੋਂ ਤੱਕ ਇਹ ਧੰਦਾ ਸੱਟੇਬਾਜ਼ੀ ਤੱਕ ਸੀਮਤ ਨਹੀਂ, ਬਲਕਿ ਦੇਹ ਵਪਾਰ ਨਾਲ ਵੀ ਜੁੜਿਆ ਹੋਇਆ ਹੈ। ਧਨ ਤੇ ਨੱਢੀਆਂ ਦੀ ਵਰਖਾ ਕਰਕੇ ਕ੍ਰਿਕਟ ਖਿਡਾਰੀਆਂ ਨੂੰ ਇਸ ਧੰਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਆਖਿਰ ਗਲੋਬਲਾਈਜੇਸ਼ਨ ਦੀ ਦੁਨੀਆਂ ਮਾਇਆ ਤੇ ਨੱਢੀਆਂ ਤੋਂ ਹੀ ਪ੍ਰਭਾਵਿਤ ਹੁੰਦੀ ਹੈ। ਇਸ ਗੱਲ ਦਾ ਸਕੈਂਡਲ ਰਚਣ ਵਾਲਿਆਂ ਨੂੰ ਪੂਰਾ ਅੰਦਾਜ਼ਾ ਹੈ। ਉਨ੍ਹਾਂ ਦਾ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ। ਇਸ ਵਿੱਚ ਵੱਡੇ ਮਗਰਮੱਛ ਸ਼ਾਮਲ ਹਨ। ਇਨ੍ਹਾਂ ਮਗਰਮੱਛਾਂ ਵਿੱਚ ਭਾਰਤ ਦੇ ਵੱਡੇ-ਵੱਡੇ ਧਨਾਢ, ਸੱਤਾਧਾਰੀ ਤੇ ਅਫ਼ਸਰਸ਼ਾਹੀ ਸ਼ਾਮਲ ਹਨ। ਮੈਚ ਤੇ ਸਪਾਟ ਫਿਕਸਿੰਗ ਦਾ ਸੰਬੰਧ ਸਿਰਫ਼ ਆਈਪੀਐੱਲ ਨਾਲ ਨਹੀਂ ਹੈ। ਮੁਹੰਮਦ ਅਜ਼ਹਰੂਦੀਨ, ਹੈਂਸੀ ਕ੍ਰੋਨੀਏ, ਸਲੀਮ ਮਲਿਕ ਦੇ ਕਾਂਡਾਂ ਦਾ ਸੰਬੰਧ ਵਨਡੇ ਕ੍ਰਿਕਟ ਨਾਲ ਸੀ। ਇਸ ਲਈ ਸਮੁੱਚਾ ਕ੍ਰਿਕਟ ਸੰਸਾਰ ਮਾਇਆ ਤੇ ਨੱਢੀਆਂ ਦੀਆਂ ਚਮਤਕਾਰੀ ਲਹਿਰਾਂ ਨਾਲ ਜੁੜਿਆ ਹੋਇਆ ਹੈ। ਕ੍ਰਿਕਟ ਟੂਰਨਾਮੈਂਟਾਂ  ਵਿੱਚ ਨੱਢੀਆਂ ਦੇ ਡਾਂਸ ਤੇ ਚਮਕ ਦਮਕ ਇਸ ਗੱਲ ਵੀ ਹੀ ਇਸ਼ਾਰਾ ਕਰਦੇ ਹਨ ਕਿ ਹੁਣ ਕ੍ਰਿਕਟ ਖੇਡ ਨਹੀਂ, ਇਕ ਧੰਦਾ ਬਣ ਚੁੱਕਾ ਹੈ।

               -ਰਜਿੰਦਰ ਸਿੰਘ ਪੁਰੇਵਾਲ

No comments: