ਪੱਟੀ (ਸੰਨੀ  ,ਜੋਸਨ )- ਵਿਧਾਨ ਸਭਾ ਹਲਕਾ ਪੱਟੀ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ।ਮ੍ਰਿਤਕ ਦੇ ਵਾਰਿਸਾਂ ਤੇ ਪੱਟੀ ਤੋਂ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਅਤੇ  ਇਸ ਹਾਦਸੇ ਸਬੰਧੀ ਸਿਵਲ ਹਸਪਤਾਲ ਪੱਟੀ ਤੋਂ ਮਿਲੀ ਜਾਣਕਾਰੀ ਅਨੁਸਾਰ  ਸ਼ਾਮੀ ਜਦੋਂ ਸੁਖਰਾਜ ਸਿੰਘ ਆਪਣੇ ਪਿੰਡ ਭੱਗੂਪੁਰ ਵਿਖੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਵਿਰੋਧੀ ਧਿਰ ਨਾਲ ਸੰਬੰਧਤ ਸਰਵਨ ਸਿੰਘ, ਹਰਚਰਨ ਸਿੰਘ ਤੇ ਸੁਖਵਿੰਦਰ ਸਿੰਘ ਪੁੱਤਰਾਨ ਅਮਰੀਕ ਸਿੰਘ ਵਾਸੀ ਭੱਗੂਪੁਰ ਨੇ ਸਿਆਸੀ ਰੰਜਿਸ਼ ਤਹਿਤ ਸੁਖਰਾਜ ਸਿੰਘ ਨੂੰ ਗੋਲੀ ਮਾਰ ਦਿੱਤੀ।  ਘਟਨਾ ਬਾਰੇ ਪਤਾ ਲੱਗਣ  ਤੇ  ਪਿੰਡ ਵਾਸੀਆਂ  ਤੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖਮੀ ਹਾਲਤ ਵਿਚ ਸੁਖਰਾਜ ਸਿੰਘ ਨੂੰ ਪੱਟੀ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜ਼ਿਕਰਯੋਗ ਹੈ ਕਿ ਪੱਟੀ ਹਲਕੇ ਨਾਲ ਸੰਬੰਧਤ ਨਦੋਹਰ ਜ਼ੋਨ ਤੋਂ
ਸੁਖਰਾਜ ਸਿੰਘ ਭੱਗੂਪੁਰ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਦੇ ਉਮੀਦਵਾਰ ਸਨ। ਕਾਂਗਰਸ ਹਲਕੇ ਅੰਦਰ ਜਿਵੇਂ ਹੀ ਸੁਖਰਾਜ ਸਿੰਘ 'ਤੇ ਇਸ ਹਮਲੇ ਦਾ ਪਤਾ ਲੱਗਾ ਤਾਂ ਪੱਟੀ ਹਲਕੇ ਨਾਲ ਸੰਬੰਧਤ ਸਮੁੱਚੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਬੁਰਜ, ਸੁਖਬੀਰ ਸਿੰਘ ਸ਼ਹੀਦ, ਪ੍ਰਿੰਸੀਪਲ ਹਰਦੀਪ ਸਿੰਘ ਪੱਟੀ, ਦਲਬੀਰ ਸਿੰਘ ਸੇਖੋਂ, ਅਮਰੀਕ ਸਿੰਘ ਐੱਮ. ਬੀ. ਏ., ਬਾਬਾ ਸ਼ੇਰ ਸਿੰਘ ਕੋਟਬੁੱਢਾ, ਸੁਖਰਾਜ ਸਿੰਘ ਕਿਰਤੋਂਵਾਲ ਆਦਿ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੱਟੀ ਹਲਕੇ ਨਾਲ ਸੰਬੰਧਤ ਸਮੁੱਚੀ ਕਾਂਗਰਸ ਪਾਰਟੀ ਦੇ ਆਗੂਆਂ, ਉਮੀਦਵਾਰਾਂ ਦਾ ਲਾਇਸੈਂਸੀ ਅਸਲਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਮ੍ਹਾ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਯੂਥ ਕਾਂਗਰਸ ਦੇ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਨੂੰ ਇਕ ਸਾਜ਼ਿਸ਼ ਤਹਿਤ ਗੋਲੀ ਮਾਰ ਕੇ ਹਲਾਕ ਕੀਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਜਿਵੇਂ ਹੀ ਪੱਟੀ ਹਲਕੇ ਅੰਦਰ ਫੈਲੀ ਤਾਂ ਸੋਗ ਦੀ ਲਹਿਰ ਦੌੜ ਗਈ। ਸਿਵਲ ਹਸਪਤਾਲ ਪੱਟੀ ਵਿਖੇ ਸਬ-ਡਵੀਜ਼ਨ ਪੱਟੀ ਅਧੀਨ ਆਉਂਦੇ ਪੁਲਸ ਥਾਣਿਆਂ ਦੀ ਪੁਲਸ ਵੀ ਪੁੱਜੀ ਹੋਈ ਸੀ।