jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਕੁੱਝ ਅਪਣੇ ਬਾਰੇ------ਸੁਰਜੀਤ ਗੱਗ

www.sabblok.blogspot.com
ਅਧਿਆਪਕ ਦਾ ਕੰਮ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਸਹੀ ਸੇਧ ਦੇਣੀ, ਉਨ੍ਹਾਂ ਨੂੰ ਚੰਗੇ ਭਵਿੱਖ ਦੀ ਉਤਪਤੀ ਲਈ ਤਿਆਰ ਕਰਨਾ। ਬਾਵਜੂਦ ਇਸ ਵਿਦਿਆਰਥੀ ਉਮੀਦਾਂ ਤੇ ਖਰੇ ਨਹੀਂ ਉੱਤਰਦੇ। ਪਰ ਅਧਿਆਪਕ ਤਾਂ ਅਪਣੀ ਡਿਊਟੀ ਕਰ ਰਿਹਾ ਹੈ, ਉਸ ਨੇ ਵਿਦਿਆਰਥੀਆਂ ਨੂੰ ਸੇਧ ਦਿੱਤੀ ਹੈ ਤੇ ਜੇ ਵਿਦਿਆਰਥੀ ਨਹੀਂ ਓਦਾਂ ਦੇ ਨਿਕਲਦੇ ਤਾਂ ਅਧਿਆਪਕ ਦੋਸ਼ੀ ਨਹੀਂ ਰਹਿ ਜਾਂਦਾ ਤੇ ਉਸ ਤੇ ਇਹ ਇਲਜ਼ਾਮ ਨਹੀਂ ਲਾਇਆ ਜਾ ਸਕਦਾ ਕਿ ਫਲਾਂ ਬੰਦਾ ਤੇਰਾ ਵਿਦਿਆਰਥੀ ਹੁੰਦਾ ਸੀ ਜੋ ਹੁਣ ਫਲਾਂ ਮਹਿਕਮੇ ਵਿੱਚ ਵੱਡਾ ਅਫਸਰ ਹੈ ਅਤੇ ਵੱਡਾ ਰਿਸ਼ਵਤਖੋਰ ਹੈ, ਉਸ ਨੂੰ ਸਹੀ ਰਸਤੇ ਤੇ ਲਿਆਉਣਾ ਤੇਰੀ ਜ਼ਿੰਮੇਵਾਰੀ ਹੈ। ਅਧਿਆਪਕ ਦੀ ਡਿਊਟੀ ਇਹ ਨਹੀਂ ਹੁੰਦੀ। ਪਰ ਉਸ ਨੂੰ ਗੱਲਾਂ ਸੁਣਨੀਆਂ ਪੈ ਸਕਦੀਆਂ ਹਨ।
ਏਦਾਂ ਹੀ ਲੇਖਕਾਂ ਨਾਲ ਹੁੰਦਾ ਹੈ। ਜਿਹੋ ਜਿਹੀਆਂ ਉਹ ਲਿਖਤਾਂ ਲਿਖਦੇ ਹਨ, ਉਹੋ ਜਿਹਾ ਲੇਖਕ ਨੂੰ ਸਮਝ ਲਿਆ ਜਾਂਦਾ ਹੈ, ਤੇ ਉਸ ਤੋਂ ਉਹੋ ਜਿਹੀਆਂ ਉਮੀਦਾਂ ਰੱਖ ਲਈਆਂ ਜਾਂਦੀਆਂ ਹਨ। ਇਹ ਪਾਠਕਾਂ ਦਾ ਅਜਿਹਾ ਭਰਮ ਹੈ ਕਿ ਲੇਖਕ ਅਪਣੀਆਂ ਲਿਖਤਾਂ ਰਾਹੀਂ ਜੋ ਹੌਕਾ ਦਿੰਦਾ ਹੈ, ਕੀ ਉਹ ਉਸ ਲਈ ਅਮਲੀ ਤੌਰ ਤੇ ਖੁਦ ਵੀ ਯੱਤਨ ਕਰਦਾ ਹੈ ਜਾਂ ਨਹੀਂ। ਬਹੁਤ ਗੁੰਝਲਦਾਰ ਸਵਾਲ ਹੈ। ਅਜਿਹਾ ਨਹੀਂ ਹੈ ਕਿ ਲੇਖਕ ਖੁਦ ਨਹੀਂ ਚਾਹੁੰਦਾ ਹੋਵੇ ਕਿ ਉਸ ਦੀਆਂ ਲਿਖਤਾਂ ਦਾ ਅਸਰ ਹੋਵੇ ਤੇ ਸਮਾਜ ਵਿੱਚ ਸੁਧਾਰ ਹੋਵੇ।
ਹੋਰ ਪਾਸੇ ਗੱਲਾਂ ਕਰਾਂਗਾ ਤਾਂ ਸ਼ਾਇਦ ਸਪੱਸ਼ਟ ਨਹੀਂ ਕਰ ਸਕਾਂ, ਅਪਣੇ ਆਪ ਤੇ ਹੀ ਗੱਲ ਲਿਆਉਂਦਾ ਹਾਂ ਕਿ ਮੇਰੇ ਬਹੁਤੇ ਪਾਠਕ ਮੇਰੇ ਤੋਂ ਬਹੁਤ ਉਮੀਦਾਂ ਲਾਈ ਰੱਖਦੇ ਹਨ ਕਿ ਜੇ ਮੈਂ ਏਦਾਂ ਦਾ ਲਿਖਦਾ ਹਾਂ ਤਾਂ ਅਸਲ ਜ਼ਿੰਦਗੀ ਵਿੱਚ ਏਦਾਂ ਦਾ ਕੀ ਕਰ ਰਿਹਾ ਹਾਂ ਜਿਸ ਦੇ ਨਤੀਜੇ ਨਿਕਲੇ ਹੋਣ। ਮੈਂ ਖੁਦ ਵੀ ਬਹੁਤ ਵਾਰੀ ਸੋਚਦਾ ਹਾਂ ਕਿ ਮੈਂ ਸਿਰਫ ਲਿਖ ਹੀ ਰਿਹਾ ਹਾਂ ਤੇ ਹੋਰ ਕੀ ਕਰ ਰਿਹਾ ਹਾਂ। ਇਹ ਜਾਣਦਾ ਹਾਂ ਕਿ ਲਿਖਿਆ ਵੀ ਐਵੇਂ ਨਹੀਂ ਜਾਂਦਾ, ਖੁਦ ਨੂੰ ਓਥੇ ਮਹਿਸੂਸ ਕਰਨਾ ਪੈਂਦਾ ਹੈ, ਜਿੱਥੋਂ ਦੀ ਬਿਆਨੀ ਕਰਨੀ ਹੈ। ਅਪਣੇ ਬਾਰੇ ਮੈਨੂੰ ਏਨੀ ਕੁ ਤਸੱਲੀ ਹੈ ਕਿ ਮੈਂ ਸਿਰਫ ਲਿਖਣ ਲਈ ਨਹੀਂ ਲਿਖਦਾ, ਅਪਣਾ ਭੁੱਸ ਪੂਰਾ ਕਰਨ ਲਈ ਜਾਂ ਹਾਜ਼ਰੀ ਲਵਾਉਣ ਲਈ ਨਹੀਂ ਲਿਖਦਾ। ਮੇਰੀਆਂ ਬਹੁਤੀਆਂ ਰਚਨਾਵਾਂ (ਸਾਰੀਆਂ ਨਹੀਂ) ਰਾਤ ਦੇ ਇੱਕ ਵਜੇ ਤੋਂ ਤੜਕੇ ਦੇ ਸਾਢੇ ਕੁ ਚਾਰ ਵਜੇ ਦੇ ਵਿਚਾਲ਼ੇ ਹੀ ਲਿਖੀਆਂ ਗਈਆਂ ਹਨ। ਕਾਰਣ ਕੀ ਹੈ ਇਹ ਕੁਵੇਲੇ ਲਿਖਣ ਦਾ ਇਹ ਮੈਨੂੰ ਵੀ ਨਹੀਂ ਪਤਾ।
ਏਦਾਂ ਮੈਂ ਲਿਖ ਲੈਂਦਾ ਹਾਂ, ਮਨ ਦਾ ਗੁੱਸਾ ਸ਼ਾਂਤ ਕਰਨ ਦਾ ਅਸਫਲ ਯੱਤਨ ਕਰਦਾ ਹਾਂ ਤੇ ਇਹ ਮੈਨੂੰ ਵੀ ਹਰ ਵੇਲੇ ਮਹਿਸੂਸ ਹੁੰਦਾ ਹੈ ਕਿ ਮੈਂ ਅਜਿਹਾ ਕੀ ਠੋਸ ਕਰ ਸਕਿਆ ਹਾਂ ਜਿਸ ਦਾ ਮਾਣ ਕਰ ਸਕਾਂ। ਮੇਰੇ ਪਾਠਕਾਂ ਵਾਂਗ ਸੰਤੁਸ਼ਟ ਮੈਂ ਵੀ ਨਹੀਂ ਹਾਂ। ਮੈਂ ਅਜਿਹੇ ਸਮਾਜ ਦੀ ਇੱਛਾ ਰੱਖਦਾ ਹਾਂ ਜਿੱਥੇ ਸਭ ਬਰਾਬਰ ਹੋਣ, ਕੋਈ ਭੇਦ ਭਾਵ ਨਾ ਹੋਵੇ ਤੇ ਮੇਰੇ ਪਾਠਕਾਂ ਸਮੇਤ ਸਭ ਦੀ ਇਹੋ ਇੱਛਾ ਹੈ। ਤੇ ਮੈਂ ਅਜਿਹੀਆਂ ਰਚਨਾਵਾਂ ਲਿਖ ਕੇ ਪੇਸ਼ ਕਰਦਾ ਹਾਂ ਤਾਂ ਇਹ ਦਿਲੀ ਇੱਛਾ ਹੀ ਹੁੰਦੀ ਹੈ। ਇੱਛਾ ਰੱਖਣੀ ਅਤੇ ਯੱਤਨਸ਼ੀਲ ਹੋਣਾ ਦੋ ਵੱਖ-ਵੱਖ ਗੱਲਾਂ ਹਨ ਤੇ ਕੋਈ ਵੀ ਇੱਕ ਵਿਅਕਤੀ (ਸਾਰੇ ਨਹੀਂ) ਹਰ ਕੰਮ ਵਿੱਚ ਮੁਹਾਰਤ ਰੱਖਦਾ ਹੋਵੇ ਇਹ ਬਹੁਤ ਔਖਾ ਹੈ। ਜਿਵੇਂ ਅਧਿਆਪਕ ਵਿੱਦਿਆ ਦਾ ਚਾਨਣ ਵੰਡਦਾ ਹੈ, ਉਵੇਂ ਹੀ ਲੇਖਕ ਵੀ ਇੱਕ ਸੇਧ ਦੇ ਰਿਹਾ ਹੁੰਦਾ ਹੈ ਜਾਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਤੇ ਇਹ ਵੀ ਲਾਜ਼ਮੀ ਨਹੀਂ ਕਿ ਲੇਖਕ ਉਹ ਸਭ ਕੁੱਝ ਕਰਨ ਦੇ ਸਮਰੱਥ ਹੋਵੇ।
ਮੈਂ ਕਦੇ ਕਾਲਜ ਦਾ ਗੇਟ ਟੱਪ ਕੇ ਨਹੀਂ ਵੇਖਿਆ, ਪਰ ਕਾਲਜਾਂ ਬਾਰੇ, ਕਾਲਜਾਂ ਦੀ ਜ਼ਿੰਦਗੀ ਬਾਰੇ ਪੰਜਾਬੀ ਗੀਤਾਂ ਰਾਹੀ ਖੜ੍ਹੇ ਕੀਤੇ ਗਏ ਭਰਮਾਂ ਬਾਰੇ ਲਿਖਣ ਦੀ ਹੈਸੀਅਤ ਰੱਖਦਾ ਹਾਂ। ਪਰ ਜੇ ਕੋਈ ਕਹੇ ਕਿ ਜਾਹ ਜਾ ਕੇ ਕਾਲਜ ਵਿੱਚ ਉਨ੍ਹਾਂ ਨੂੰ ਏਦਾਂ ਦੇ ਗੀਤਾਂ ਦੀ ਸ਼ੂਟਿੰਗ ਆਦਿ ਕਰਨ ਤੋਂ ਹਟਾ, ਤਾਂ ਮੈਨੂੰ ਅਜਿਹੇ ਸਵਾਲ ਕਰਨ ਵਾਲੇ ਖੁਦ ਅਜਿਹਾ ਕਿਉਂ ਨਹੀਂ ਕਰ ਸਕਦੇ। ਜਦੋਂ ਪਾਠਕ ਲੇਖਕ ਤੋਂ ਉਮੀਦ ਰੱਖਦਾ ਹੈ ਤਾਂ ਲੇਖਕ ਵੀ ਤਾਂ ਪਾਠਕ ਕੋਲੋਂ ਉਮੀਦ ਰੱਖਦਾ ਹੀ ਹੈ, ਕਿ ਮੇਰੇ ਜਿੰਨੇ ਵੀ ਪਾਠਕ ਹਨ, ਜਿਹੜੇ ਵਾਹ-ਵਾਹ ਕਰਦੇ ਹਨ ਜਾਂ ਨੁਕਤੇ ਫੜ ਕੇ ਉਨ੍ਹਾਂ ਨੂੰ ਸਹੀ ਕਰਨ ਦੀ ਪ੍ਰੇਰਣਾ ਦਿੰਦੇ ਹਨ, ਉਹ ਪਾਠਕ ਖੁਦ ਵੀ ਤਾਂ ਇਸ ਤਰਾਂ ਦੇ ਹੋਣ। ਜਵਾਬਦੇਹ ਲੇਖਕ ਹੀ ਹੁੰਦਾ ਹੈ, ਪਾਠਕਾਂ ਨੇ ਸਵਾਲ ਵੀ ਉਠਾਉਣੇ ਹੁੰਦੇ ਹਨ, ਪਰ ਬਹੁਤੇ ਸਵਾਲ ਉਹੋ ਹੁੰਦੇ ਹਨ ਜੋ ਮਨ ਵਿੱਚ ਨਿਰਾਸ਼ਾ ਭਰ ਦਿੰਦੇ ਹਨ।
ਦਿੱਲੀ ਵਿੱਚ ਪੰਜ ਸਾਲਾ ਲੜਕੀ ਨਾਲ ਕੁਕਰਮ ਹੋਇਆ ਹੈ, ਅਤੇ ਪੰਜਾਬ ਵਿੱਚ ਵੀ ਇੱਕ ਢਾਈ ਸਾਲ ਦੇ ਬੱਚੇ ਨਾਲ ਬਦਫੈਲੀ ਹੋਈ ਹੈ। ਅਤੇ ਇਹ ਜੁਰਮ ਕਿਤੇ ਪਹਿਲੀ ਵਾਰ ਨਹੀਂ ਹੋਏ ਤੇ ਜੇ ਸਖਤੀ ਨਾ ਵਰਤੀ ਗਈ ਤਾਂ ਇਹ ਆਖਰੀ ਵਾਰ ਵੀ ਨਹੀਂ ਹੈ। ਜ਼ੁਰਮ ਉਦੋਂ ਹੁੰਦੇ ਹਨ ਜਦੋਂ ਜੁਰਮ ਰੋਕਣ ਵਾਲੇ ਤਾਕਤ ਹਾਸਲ ਹੱਥ ਅਵੇਸਲੇ ਹੋ ਜਾਣ ਜਾਂ ਬੰਨ੍ਹ ਦਿੱਤੇ ਜਾਣ। ਇਹ ਬਲਾਤਕਾਰ ਇਸ ਲਈ ਨਹੀਂ ਹੁੰਦੇ ਕਿ ਕਾਮ ਨੌਜਵਾਨਾਂ ਦੇ ਸਿਰ ਚੜ੍ਹਿਆ ਹੁੰਦਾ ਹੈ, ਇਹ ਇਸ ਲਈ ਹੁੰਦੇ ਹਨ ਕਿ ਉਨ੍ਹਾਂ ਨੂੰ ਇਹ ਬੇਫਿਕਰੀ ਹੁੰਦੀ ਹੈ ਕਿ ਜੇ ਫਸ ਗਏ ਤਾਂ ਲੈ ਦੇ ਕੇ ਮਾਮਲੇ ਨੂੰ ਰਫਾ ਦਫਾ ਕੀਤਾ ਜਾ ਸਕਦਾ ਹੈ ਤੇ ਬਹੁਤੇ ਕੇਸਾਂ ਵਿੱਚ ਹੁੰਦਾ ਵੀ ਅਜਿਹਾ ਹੀ ਹੈ। ਪੈਸੇ ਨੂੰ ਪ੍ਰਧਾਨ ਮੰਨ ਲਿਆ ਗਿਆ ਹੈ, ਤੇ ਇਹ ਇੱਕ ਅਜਿਹਾ ਸਾਧਨ ਬਣ ਗਿਆ ਹੈ ਕਿ ਕੁੱਝ ਵੀ ਖਰੀਦ ਸਕਦਾ ਹੈ, ਪੈਸੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਤੇ ਕੀਤੀ ਜਾਂਦੀ ਰਹੀ ਹੈ। ਬਾਕੀ ਜਿਹੜੇ ਹੋਰ ਮਸਲੇ ਐ, ਉਨ੍ਹਾਂ ਨੂੰ ਵੀ ਏਸੇ ਨਜ਼ਰੀਏ ਨਾਲ ਵੇਖਿਆ ਜਾ ਸਕਦਾ ਹੈ।
ਅਸੀਂ ਚਾਹੁੰਦੇ ਹਾਂ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ, ਚਾਹੁੰਦੇ ਹਾਂ ਤਾਂ ਮਤਲਬ ਕਿ ਚਾਹੁੰਦੇ ਹਾਂ, ਇਹ ਖਤਮ ਹੋਣਾ ਹੀ ਚਾਹੀਦਾ ਹੈ। ਪਰ ਸਾਡੇ ਅਪਣੇ ਲੋਕ ਹੀ ਸਾਡੇ ਤੇ ਇਹ ਸਵਾਲ ਦਾਗ ਦਿੰਦੇ ਹਨ ਕਿ ਕੀ ਅਸੀਂ ਖੁਦ ਭ੍ਰਿਸ਼ਟਾਚਾਰ ਨਹੀਂ ਕਰਦੇ ਜਾਂ ਅਸੀਂ ਖੁਦ ਪੈਸੇ ਦੇ ਕੇ ਅਪਣਾ ਕੰਮ ਨਹੀਂ ਕਰਵਾਉਂਦੇ। ਉਨ੍ਹਾਂ ਦੇ ਸਵਾਲ ਕਟਾਕਸ਼ ਹੁੰਦੇ ਹਨ ਤੇ ਗੰਭੀਰਤਾ ਨਾਲ ਵੀ ਲੋਤ-ਪੋਤ ਹੁੰਦੇ ਹਨ। ਪਰ ਇਹ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਕਰਦੇ ਹਨ ਕਿ ਅਸੀਂ ਰਿਸ਼ਵਤ ਕਿਉਂ ਦਿੰਦੇ ਹਾਂ, ਕੀ ਇਹ ਸਾਡੀ ਅਪਣੀ ਮਰਜ਼ੀ ਜਾਂ ਇੱਛਾ ਹੁੰਦੀ ਹੈ? ਜਾਗਰੂਕ ਲੋਕ ਕੁੱਝ ਸੋਚਦੇ ਹਨ ਤੇ ਬਹੁਤੇ ਲੋਕਾਂ ਨੇ ਇਹ ਮੰਨ ਹੀ ਲਿਆ ਹੈ ਕਿ ਰਿਸ਼ਵਤ ਦਿੱਤੇ ਬਿਨਾਂ ਜੇ ਕੰਮ ਹੋ ਵੀ ਜਾਵੇ ਤਾਂ ਵੀ ਸ਼ਾਇਦ ਕਿਤੇ ਕੋਈ ਖੋਟ ਨਾ ਰਹਿ ਜਾਂਦਾ ਹੋਵੇ। ਲੋਕਾਂ ਦੀ ਅਜਿਹੀ ਮਾਨਸਿਕਤਾ ਬਣ ਜਾਣ ਲਈ ਲੇਖਕ ਜਿੰਮੇਵਾਰ ਨਹੀਂ, ਲੇਖਕ ਤਾਂ ਅਜਿਹੀ ਮਾਨਸਿਕਤਾ ਤੋੜਨ ਲਈ ਯੱਤਨਸ਼ੀਲ ਹੈ ਅਪਣੀਆਂ ਲਿਖਤਾਂ ਰਾਹੀਂ ਜਿੰਨਾ ਕੁ ਜਾਣਦਾ ਹੈ ਓਨਾ ਕੁ ਚਾਨਣ ਫੈਲਾ ਰਿਹਾ ਹੁੰਦਾ ਹੈ। ਹੁਣ ਜੇ ਲੇਖਕ ਨੂੰ ਕਿਹਾ ਜਾਵੇ ਕਿ ਜਾਹ ਜਾਕੇ ਕਚਿਹਰੀਆਂ ਵਿੱਚ ਜਾ ਕੇ ਭ੍ਰਿਸ਼ਟਾਚਾਰ ਨੂੰ ਰੋਕ ਤਾਂ ਉਹ ਲੇਖਕ ਕਿੱਥੇ ਕਿੱਥੇ ਕਿਹੜੇ ਕਿਹੜੇ ਮੋਰਚੇ ਤੇ ਲੜਦਾ ਫਿਰੇਗਾ? ਸਮਾਜ ਭਲਾਈ ਜਾਂ ਸਮਾਜਿਕ ਜਾਗਰੂਕਤਾ ਲਈ ਲੇਖਕ ਦੇ ਕਰਨ ਵਾਲੇ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਹਨ ਤੇ ਫਿਰ ਉਹ ਸਾਰੇ ਨਹੀਂ ਕੀਤੇ ਜਾਣਗੇ ਤੇ ਹਰ ਤੀਜੇ ਦਿਨ ਲੇਖਕ ਥਾਣਿਆਂ ਵਿੱਚ ਜ਼ਮਾਨਤੀ ਲੱਭਦਾ ਫਿਰੇਗਾ। ਟੱਕਰ ਲੈਣੀ ਹੋਰ ਗੱਲ ਐ ਤੇ ਟੱਕਰ ਦੇਣੀ ਹੋਰ ਗੱਲ ਐ। ਲੇਖਕ ਟੱਕਰ ਨਹੀਂ ਲੈਂਦਾ ਪਰ ਟੱਕਰ ਪੂਰੀ ਤਰਾਂ ਦਿੰਦਾ ਹੈ ਜੇ ਉਸ ਦੇ ਪਾਠਕ ਸੂਝਵਾਨ ਹੋਵਣ।
ਕਵੀ ਸੂਖਮਭਾਵੀ ਹੁੰਦਾ ਹੈ। ਅਪਣੀਆਂ ਲਿਖਤਾਂ ਵਿੱਚ ਸ਼ਬਦ ਭਾਵੇਂ ਕਿੰਨੇ ਵੀ ਕਠੋਰ ਵਰਤ ਲਵੇ ਇਹ ਉਸ ਲਾਵੇ ਦਾ ਬਦਲਵਾਂ ਰੂਪ ਹੀ ਹੁੰਦੇ ਹਨ ਜੋ ਉਸ ਦੇ ਅੰਦਰ ਧੁਖ ਰਿਹਾ ਹੁੰਦਾ ਹੈ। ਮੇਰੇ ਬਾਰੇ ਵੀ ਬਹੁਤੇ ਪਾਠਕਾਂ ਨੂੰ ਅਜਿਹਾ ਭਰਮ ਹੈ ਕਿ ਸ਼ਾਇਦ ਮੈਂ ਬਹੁਤ ਕਠੋਰ ਹਾਂ, ਜਦੋਂ ਕਿ ਕੋਈ ਵੀ ਕਠੋਰ ਸੁਭਾਅ ਦਾ ਮਨੁੱਖ ਕਵੀ ਲੇਖਕ ਦੀ ਬਜਾਏ ਸਿਪਾਹੀ ਜਾਂ ਵਕਤਾ ਆਦਿ ਬਣ ਸਕਦਾ ਹੈ, ਕਾਵਿ ਲੇਖਕ ਹੋਣ ਲਈ ਸੂਖਮਤਾ ਅਤੇ ਭਾਵੁਕਤਾ ਜ਼ਰੂਰੀ ਹੈ, ਸਮਾਜ ਨੂੰ ਸਮਝਣਾ ਜ਼ਰੂਰੀ ਹੈ।
ਇੱਕ ਕਵਿਤਾ ਲਿਖੀ ਸੀ, ਖੁਦਕੁਸ਼ੀ ਤੋਂ ਪਹਿਲਾਂ। ਇਹ ਮੈਂ ਹੀ ਜਾਣਦਾ ਹਾਂ ਕਿ ਉਹ ਕਿਵੇਂ ਲਿਖੀ ਗਈ ਹੈ ਤੇ ਮੈਂ ਅੱਜ ਤੱਕ ਉਹ ਕਵਿਤਾ ਮੁੜ ਕੇ ਪੜ੍ਹੀ ਨਹੀਂ, ਮੇਰੀ ਹਿੰਮਤ ਹੀ ਨਹੀਂ ਬਣੀ ਕਿ ਮੈਂ ਉਹ ਕਵਿਤਾ ਪੜ੍ਹ ਸਕਾਂ। ਇੱਕ ਦੋ ਕੁ ਵਾਰ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ ਪਰ ਅੱਧ ਤੋਂ ਪਹਿਲਾਂ ਹੀ ਛੱਡ ਦਿੱਤੀ। ਏਸੇ ਤਰਾਂ ਇੱਕ ਕਵਿਤਾ ਕਿ ਗਰੀਬ ਜਿਆਦਾ ਖਾਣ ਲੱਗ ਪਏ ਹਨ, ਇਸ ਬਾਰੇ ਲਿਖੀ ਤੇ ਉਸ ਬਾਰੇ ਵੀ ਮੈਂ ਹੀ ਜਾਣਦਾ ਹਾਂ ਕਿ ਉਸ ਨੂੰ ਜਦੋਂ ਵੀ ਕਿਤੇ ਪੜ੍ਹਿਆ ਹੈ ਤਾਂ ਅਪਣੇ ਆਪ ਨੂੰ ਕਿੰਨਾ ਜ਼ਾਬਤੇ ਵਿੱਚ ਰੱਖਿਆ ਹੈ। ਇਹ ਸੂਖਮ ਭਾਵੀ ਲੇਖਕ ਕਠੋਰ ਤਾਂ ਹੋ ਹੀ ਨਹੀਂ ਸਕਦਾ। ਮੈਂ ਕਿਸੇ ਨਾਲ ਗੱਲ ਕੀਤੀ ਸੀ ਕਿ ਮੈਨੂੰ ਆਹ ਮੁਸ਼ਕਿਲ ਆਉਂਦੀ ਹੈ ਕਿ ਮੈਂ ਚਾਹੁੰਦਾ ਹਾਂ ਕਿ ਜ਼ਮੀਨੀ ਪੱਧਰ ਤੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਕੁੱਝ ਸ਼ੁਰੂਆਤ ਕਰ ਸਕਾਂ, ਪਰ ਮੈਂ ਜਿੰਨੀ ਵਾਰੀ ਵੀ ਕੋਸ਼ਿਸ਼ ਕੀਤੀ ਹੈ, ਅਸਫਲ ਰਿਹਾ ਹਾਂ, ਮੈਂ ਕੀ ਕਰਾਂ। ਉਸ ਨੇ ਕਿਹਾ ਕਿ ਹਰ ਬੰਦਾ ਹਰ ਕੰਮ ਵਿੱਚ ਚੁਸਤ ਨਹੀਂ ਹੁੰਦਾ, ਮੈਂ ਲਿਖਣ ਵਾਲੀ ਲਾਈਨ ਵਿੱਚ ਪਿਆ ਹਾਂ ਤਾਂ ਮੈਂ ਕਲਮ ਨਾਲ ਹੀ ਬਹੁਤ ਕੁੱਝ ਕਰ ਸਕਦਾ ਹਾਂ ਤੇ ਕਰ ਰਿਹਾ ਹਾਂ। ਉਸ ਨੇ ਕੁੱਝ ਸੁਝਾਅ ਵੀ ਦਿੱਤੇ ਤੇ ਮੈਨੂੰ ਵੀ ਲੱਗਦਾ ਹੈ ਕਿ ਅਜਿਹੇ ਕੰਮਾਂ ਲਈ ਮੈਂ ਲੋਕਾਂ ਨੂੰ ਨਾਲ ਲੈ ਕੇ ਚੱਲਾਂ ਲਾਜ਼ਮੀ ਨਹੀਂ, ਲੋਕਾਂ ਨੂੰ ਕੰਮ ਕਰ ਕੇ ਦੱਸੇ ਜਾ ਸਕਦੇ ਹਨ। ਇਹ ਕੰਮ ਬਹੁਤ ਛੋਟੇ ਪੱਧਰ ਦੇ ਹਨ, ਪਰ ਇੰਝ ਕੀਤਿਆਂ ਦੇਸ਼ ਨੂੰ ਫਰਕ ਪਵੇ ਨਾ ਪਵੇ ਪਰ ਲੋਕਾਂ ਨੂੰ ਤਾਂ ਪਤਾ ਲੱਗੇਗਾ ਹੀ ਕਿ ਕੰਮ ਏਦਾਂ ਹੀ ਹੁੰਦੇ ਨੇ ਤੇ ਉਹ ਖੁਦ ਅਜਿਹੇ ਕੰਮ ਆਪ ਕਰਨ। ਮੈਨੂੰ ਅਜਿਹਾ ਦੱਸਣ ਦੀ ਲੋੜ ਨਹੀਂ ਹੈ, ਕਿ ਮੈਂ ਅਜਿਹਾ ਕੀ ਕਰ ਰਿਹਾ ਹਾਂ, ਏਨਾ ਹੀ ਬਹੁਤ ਹੈ ਕਿ ਜੋ ਵੀ ਕਰ ਰਿਹਾ ਹਾਂ ਉਹ ਕੋਈ ਅਜਿਹੀ ਵੱਡੀ ਪ੍ਰਾਪਤੀ ਨਹੀਂ ਹੈ ਕਿ ਲੀਡਰਾਂ ਵਾਂਗੂੰ ਸੀਨਾ ਚੌੜਾ ਕਰ-ਕਰ ਕੇ ਦੱਸਦਾ ਫਿਰਾਂ।
ਮੈਂ ਜਿਆਦਾਤਰ ਕਵਿਤਾਵਾਂ ਹੀ ਲਿਖੀਆਂ ਹਨ, ਕੁੱਝ ਕਹਾਣੀਆਂ ਵੀ ਲਿਖੀਆਂ ਹਨ ਤੇ ਬਹੁਤ ਕਹਾਣੀਆਂ ਸਮੇਂ ਅਤੇ ਮਾਹੌਲ ਦੀ ਘਾਟ ਕਾਰਣ ਦਬਾ ਲਈਆਂ ਹਨ, ਇੱਕ ਨਾਵਲ ਸ਼ੁਰੂ ਕੀਤਾ ਸੀ, ਉਹ ਵੀ ਸ਼ੁਰੂਆਤੀ ਦਿਨਾਂ ਵਿੱਚ ਹੀ ਦਮ ਤੋੜ ਗਿਆ। ਫੇਸਬੁਕ ਤੇ ਬਹੁਤ ਸਾਥੀ ਮੇਰੇ ਨਾਲ ਸ਼ਿਕਵਾ ਕਰਦੇ ਹਨ ਕਿ ਮੈਂ ਉਨ੍ਹਾਂ ਦੀਆਂ ਲਿਖਤਾਂ ਨਹੀਂ ਪੜ੍ਹਦਾ। ਜਿਹੜੇ ਮੈਨੂੰ ਨਿਜੀ ਤੋਰ ਤੇ ਜਾਣਦੇ ਹਨ ਜਾਂ ਜਿਨ੍ਹਾਂ ਨਾਲ ਵੀ ਇਨਬੋਕਸ ਵਿੱਚ ਗੱਲ ਹੋਈ ਹੈ, ਉਹ ਸਭ ਜਾਣਦੇ ਹਨ ਕਿ ਮੈਂ ਕਵਿਤਾ ਲਿਖ ਲੈਂਦਾ ਹਾਂ, ਮੈਨੂੰ ਕਵਿਤਾ ਪੜ੍ਹਨੀ ਜਾਂ ਆਉਂਦੀ ਨਹੀਂ ਤੇ ਜਾਂ ਕਵਿਤਾ ਮੈਨੂੰ ਪਸੰਦ ਨਹੀਂ ਤੇ ਜਾਂ ਮੇਰੀਆਂ ਰੁਚੀਆਂ ਹੋਰ ਐ, ਮੇਰਾ ਖੇਤਰ ਹੋਰ ਐ। ਕਵਿਤਾ ਗਜ਼ਲ ਆਦਿ ਪੜ੍ਹਨਾ ਮੇਰੇ ਵੱਸ ਦੀ ਗੱਲ ਨਹੀਂ, ਕਦੇ ਕਦੇ ਸ਼ੁਗਲ ਵਜੋਂ ਹਾਜ਼ਰੀ ਲਵਾ ਲੈਂਦਾ ਹਾਂ ਪਰ ਇਹ ਮੇਰਾ ਖੇਤਰ ਨਹੀਂ ਹੈ। ਇੱਕ ਦੋਸਤ ਨੇ ਮੈਨੂੰ ਬਹੁਤ ਜ਼ੋਰ ਲਾਇਆ ਕਿ ਮੈਂ ਉਸ ਦੀ ਲੜੀਵਾਰ ਲਿਖਤ 'ਮੇਰੀ ਦੀਵਾਨਗੀ' ਜ਼ਰੂਰ ਪੜ੍ਹਾਂ ਤੇ ਮੈਂ ਕੋਸ਼ਿਸ਼ ਵੀ ਕੀਤੀ ਤੇ ਨਹੀਂ ਪੜ੍ਹ ਸਕਿਆ, ਉਸ ਨੂੰ ਪਤਾ ਹੈ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ, ਉਹ ਨਾਰਾਜ਼ ਨਹੀਂ ਹੈ। ਸਰਬਜੀਤ ਕੋਰ ਸੋਹਲ ਜੀ ਹੁੰਦੇ ਸੀ, ਹੁਣ ਉਨ੍ਹਾਂ ਮੈਨੂੰ ਅਣਫਰੈਂਡ ਕੀਤਾ ਹੋਇਆ ਹੈ, ਕਾਰਣ ਇਹੋ ਸੀ ਕਿ ਮੈਂ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਰੁਚੀ ਨਹੀਂ ਦਿਖਾ ਸਕਿਆ, ਉਨ੍ਹਾਂ ਨੇ ਵੀ ਬਹੁਤ ਵਾਰੀ ਕਿਹਾ ਸੀ ਕਿ ਮੈਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਕੋਈ ਕਮੀ ਪੇਸ਼ੀ ਦੱਸਾਂ ਤੇ ਮੈਂ ਉਨ੍ਹਾਂ ਨੂੰ ਇਹ ਦੱਸਣ ਵਿੱਚ ਝਿਜਕਦਾ ਰਿਹਾ ਕਿ ਮੈਂ ਕਵਿਤਾ ਪੜ੍ਹਨੀ ਨਹੀਂ ਜਾਣਦਾ। ਕੁੱਝ ਦੋਸਤ ਇਸ ਨੂੰ ਮੇਰੀ ਹਊਮੈ ਵੀ ਮੰਨ ਲੈਂਦੇ ਹਨ। ਪਿਛਲੇ ਦਿਨੀਂ ਨੱਕਾਸ਼ ਚਿੱਤੇਵਾਣੀ ਮੇਰੇ ਕੋਲ ਆਇਆ ਸੀ ਤੇ ਬਹੁਤ ਮਾਣ ਨਾਲ ਅਪਣੀ ਨਵੀਂ ਛਪੀ ਕਵਿਤਾਵਾਂ ਦੀ ਕਿਤਾਬ ਦੇ ਕੇ ਗਿਆ। ਮੇਰੀ ਨਾਂਹ ਕਰਨ ਦੀ ਆਦਤ ਨਹੀਂ ਹੈ, ਮੈਥੋਂ ਨਾਂਹ ਹੁੰਦੀ ਵੀ ਨਹੀਂ। ਨੱਕਾਸ਼ ਵੱਡੇ ਦਿਲ ਵਾਲਾ ਬੰਦਾ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਮੇਰੀ ਇਹ ਗੁਸਤਾਖੀ ਮੁਆਫ ਕਰ ਦੇਵੇਗਾ। ਇਹ ਜਾਣਦੇ ਹੋਏ ਵੀ ਕਿ ਨੱਕਾਸ਼ ਸਿਰਫ ਲਿਖਣ ਲਈ ਨਹੀਂ ਲਿਖਦਾ, ਉਸ ਦੀ ਸੋਚ ਵੀ ਸਮਾਜ ਦੀ ਬੇਹਤਰੀ ਨੂੰ ਸਮਰਪਿਤ ਹੈ, ਬਾਵਜੂਦ ਇਸ ਦੇ ਮੈਂ ਉਸ ਦੀ ਕਿਤਾਬ ਵਿੱਚੋਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇੱਕ ਵੀ ਕਵਿਤਾ ਨਹੀਂ ਪੜ੍ਹ ਸਕਿਆ। ਪਰ ਅਜਿਹਾ ਨਹੀਂ ਕਿ ਉਹ ਕਿਤਾਬ ਮੇਰੇ ਕੋਲ ਆ ਕੇ ਖਤਮ ਹੋ ਗਈ, ਲੇਖਕ ਦੀ ਲਿਖਤ ਦਾ ਮੁੱਲ ਉਦੋਂ ਹੀ ਪੈਂਦਾ ਹੈ ਜਦੋਂ ਉਹ ਉਸ ਦੇ ਪਾਠਕਾਂ ਤੱਕ ਪਹੁੰਚੇ। ਤੇ ਉਹ ਕਿਤਾਬ ਮੈਂ ਰਾਕੇਸ਼ ਵਰਮਾ ਜੀ ਨੂੰ ਦੇ ਦਿੱਤੀ, ਰਾਕੇਸ਼ ਵਰਮਾ ਜੀ ਬਹੁਤ ਤਕੜੇ ਪਾਠਕ ਹਨ (ਦਾਰੇ ਨਾਲੋਂ ਵੀ ਤਕੜੇ)।
ਏਸੇ ਤਰਾਂ ਹਰਲੀਨ ਸੋਨਾ ਜੀ ਦੀ ਕਿਤਾਬ 'ਤੇਰੇ ਤੱਕ' ਹੱਥ ਲੱਗੀ ਹੈ, ਅਜੇ ਪਰਸੋਂ ਹੀ ਲੈ ਕੇ ਆਇਆ ਹਾਂ, ਵਾਅਦਾ ਕਰਦਾ ਹਾਂ ਕਿ ਜੇ ਖੁਦ ਨਹੀਂ ਪੜ੍ਹ ਸਕਿਆ ਤਾਂ ਉਹ ਕਿਤਾਬ ਉਸ ਦੇ ਅਸਲੀ ਪਾਠਕਾਂ ਤੱਕ ਜ਼ਰੂਰ ਪਹੁੰਚਾਵਾਂਗਾ। ਹਰਲੀਨ ਜੀ ਕੋਲੋਂ ਅਗਾਊਂ ਮੁਆਫੀ ਮੰਗਦਾ ਹਾਂ। 
ਬਾਕੀ ਸਭ ਦੋਸਤਾਂ ਨੂੰ ਵੀ ਬੇਨਤੀ ਹੈ ਕਿ ਕਵਿਤਾਵਾਂ/ਗਜ਼ਲਾਂ ਤਾਂ ਰਹਿਣ ਹੀ ਦਿਆ ਕਰੋ, ਕਿਤਾਬ ਭੇਜਣ ਤੋਂ ਵੀ ਤੇ ਟੈਗ ਕਰਨ ਤੋਂ ਵੀ। ਇਹ ਚਾਹ ਕੇ ਵੀ ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਕੋਲੋਂ ਉਮੀਦ ਰੱਖਣੀ ਹੀ ਬੇਕਾਰ ਹੈ। (ਸੁਰਜੀਤ ਗੱਗ)

No comments: