jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਵਾਢੀਆਂ ਦੇ ਅੰਗ-ਸੰਗ

www.sabblok.blogspot.com


                     
ਵਿਸ਼ਾਲ ਭਾਰਤ ਦੇ ਵਿਭਿੰਨ ਸੂਬਿਆਂ ਵਿੱਚ ਪੰਜਾਬ ਦਾ ਆਪਣਾ ਵਿਲੱਖਣ ਅਤੇ ਗੌਰਵਮਈ ਸਥਾਨ ਹੈ। ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਕੁਦਰਤੀ ਖ਼ੁਸ਼ਹਾਲੀ ਪ੍ਰਾਪਤ ਹੈ। ਹਰੇਕ ਰੁੱਤ ਤੇ ਮੌਸਮ ਨੇ ਪੰਜਾਬ ਦੀ ਧਰਤੀ ਨੂੰ ਸ਼ਿੰਗਾਰਿਆ, ਸੰਵਾਰਿਆ ਅਤੇ ਜ਼ਰਖ਼ੇਜ਼ ਕੀਤਾ ਹੈ। ਨਿੱਤ ਦੀਆਂ ਮੁਹਿੰਮਾਂ ਚੜ੍ਹਨ ਸਦਕਾ ਪੰਜਾਬੀ ਲੋਕ ਹਰ ਦੁਖਦ ਅਤੇ ਸੁਖਦ ਪਲਾਂ ਤੋਂ ਵਾਕਫ਼ ਹਨ। ਮਿਥਿਹਾਸ ਅਤੇ ਇਤਿਹਾਸ ਦੇ ਕਾਲ ਖੰਡਾਂ ਵਿੱਚ ਇਨ੍ਹਾਂ ਨੇ ਬਹੁਤ ਕੁਝ ਖੱਟਿਆ, ਕਮਾਇਆ, ਹੰਢਾਇਆ, ਗੁਆਇਆ, ਲੁਟਾਇਆ ਅਤੇ ਮੁੜ ਪਾਇਆ ਹੈ। ਇਹ ਸਭ ਕੁਝ ਮਿਹਨਤ, ਲਗਨ, ਬਹਾਦਰੀ ਅਤੇ ਨਿਸ਼ਠਾ ਕਾਰਨ ਸੰਭਵ ਹੋਇਆ ਹੈ। ਅਨੇਕਾਂ-ਮੌਜ-ਮਸਤੀਆਂ, ਤਿੱਥ-ਤਿਉਹਾਰ, ਮੇਲੇ ਆਦਿ ਦੀ ਸਿਰਜਣਾ ਕਰਕੇ ਇਨ੍ਹਾਂ ਨੇ ਉਨ੍ਹਾਂ ਨੂੰ ਖ਼ੂਬ ਮਾਣਿਆ ਹੈ। ਫ਼ਸਲਾਂ ਦਾ ਬੀਜਣਾ, ਪਾਲਣਾ, ਵੱਢਣਾ ਅਤੇ ਇਨ੍ਹਾਂ ਨੂੰ ਘਰ ਲਿਆਉਣਾ ਪੰਜਾਬੀਆਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਇਸੇ ਕਰਕੇ ਹਰ ਫ਼ਸਲ ਦੀ ਕਟਾਈ-ਵਢਾਈ ਸਮੇਂ ਇਹ ਲੋਕ ਨੱਚਦੇ, ਟੱਪਦੇ, ਗਾਉਂਦੇ ਹੋਏ ਖ਼ੁਸ਼ੀਆਂ ਮਨਾਉਂਦੇ ਹਨ। ਧਨੀ ਰਾਮ ਚਾਤ੍ਰਿਕ ਦੀ ਇਹ ਸੱਦ ਅਜਿਹਾ ਹੀ ਦ੍ਰਿਸ਼ ਸਾਕਾਰ ਕਰਦੀ ਹੈ:
ਪੱਕ ਪਈਆਂ ਕਣਕਾਂ ਲੁਕਾਠ ਰਸਿਆ
ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ 
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ
ਸਾਈਂ ਦੀ ਨਿਗ੍ਹਾ ਜੱਗਤੇ ਸਵੱਲੀ
ਚੱਲ ਨੀਂ ਪ੍ਰੇਮੀਏ ਵਿਸਾਖੀ ਚੱਲੀਏ!
ਕਿਸਾਨੀ ਜੀਵਨ ਦੀ ਸਮੁੱਚੀ ਆਰਥਿਕਤਾ ਅਤੇ ਸਮਾਜਿਕਤਾ ਖੇਤੀ ਦੀ ਪੈਦਾਵਾਰ ਉੱਤੇ ਨਿਰਭਰ ਕਰਦੀ ਹੈ। ਜੇ ਪੱਕੀ ਖੇਤੀ ਘਰ ਆ ਜਾਵੇ ਤਾਂ ਹੀ ਉਸ ਨੂੰ ਆਪਣੀ ਜਾਨਣਾ ਚਾਹੀਦਾ ਹੈ। ਅਜਿਹੇ ਮੌਕੇ ਕਿਸਾਨ ਮਾਨਸਿਕ ਤੌਰ ’ਤੇ ਜਿਹੜੇ ਤੌਖਲੇ ਹੰਢਾ ਰਿਹਾ ਹੈ ਦਾ ਜ਼ਿਕਰ ਕਰਨਾ ਵੀ ਵਾਜਬ ਹੈ:
ਤਨ ਟੰਗਿਆ ਵਿੱਚ ਕਾਰ ਦੇ, ਜਾਨ ਟੰਗੀ ਅਸਮਾਨ,
ਮੁੱਠ ਵਿੱਚ ਤੇਰੇ ਕਾਲਜਾ, ਬੱਦਲਾਂ ਵਿੱਚ ਧਿਆਨ।
ਰੱਖ ਲਏ ਰੱਬ ਜੇ ਸੋਕਿਓਂ, ਤਦ ਝੱਖੜੋਂ ਸੁੱਕਦਾ ਸਾਹ,
ਗੜਿਓਂ, ਅਹਿਣੋਂ, ਕੁੰਗੀਓਂ, ਪੈਂਦਾ ਨਹੀਂ ਵਿਸਾਹ।
ਸੁੱਖ-ਸੁੱਖ ਲੱਖ ਸਰੀਣੀਆਂ, ਪੱਕਣ ਚਾਰ ਕਸੀਰ,
ਤਦ ਭੀ ਸੁਣ-ਸੁਣ ਕਹਿਬਤਾਂ, ਤੈਨੂੰ ਆਉਂਦਾ ਨਹੀਂ ਖਲ੍ਹੀਰ।
ਪੱਕੀ ਖੇਤੀ ਵੇਖ ਕੇ, ਗਰਬ ਕਰੇ ਕਿਰਸਾਨ,
ਵਾਓਂ, ਝੱਖੜ-ਝੋਲਿਓਂ, ਘਰ ਆਵੇ ਤਾਂ ਜਾਣ।
ਜੋਬਨ ਰੁੱਤੇ ਆਈਆਂ ਫ਼ਸਲਾਂ ਕਿਸਾਨ ਨੂੰ ‘ਵਾਜਾਂ ਮਾਰਦੀਆਂ ਹੋਈਆਂ ਖ਼ੁਸ਼ੀਆਂ-ਖੇੜੇ ਪ੍ਰਦਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਸੇ ਖੇੜੇ ਵਿੱਚੋਂ ਇਨ੍ਹਾਂ ਬੋਲਾਂ ਨੇ ਜਨਮ ਲਿਆ:
ਹੁਣ ਵਾਢੀਆਂ ਦੇ ਵੱਜ ਗਏ ਨੇ ਢੋਲ
ਚੰਨਾ ਬੋਲ ਤੇ ਭਾਵੇਂ ਨਾ ਬੋਲ
ਵੱਸ ਅੱਖੀਆਂ ਦੇ ਕੋਲ।
ਲੋਕ ਗੀਤ ਦੇ ਬੋਲ ਹਨ:
ਤਾਰਾ-ਮੀਰਾ ਪਾਵੇ ਬੋਲੀਆਂ
ਘੁੰਡ ਸਰ੍ਹੋਂ ਨੂੰ ਕੱਢਣਾ ਨਾ ਆਵੇ।
ਪੰਜਾਬ ਨਿਵਾਸੀਆਂ ਦੀ ਜੀਵਨ ਚਾਲ ਵਿੱਚ ਵਾਢੀਆਂ ਦੇ ਦਿਨਾਂ ਦੀ ਅਹਿਮੀਅਤ ਇਨ੍ਹੀਂ ਦਿਨੀਂ ਵੇਖਦਿਆਂ ਹੀ ਬਣਦੀ ਹੈ। ਲੱਖਾਂ ਸੱਧਰਾਂ, ਲੋੜਾਂ, ਕਾਮਨਾਵਾਂ ਅਤੇ ਚਾਹਤਾਂ ਉਮੜ-ਉਮੜ ਪੈਂਦੀਆਂ ਹਨ। ਧੀਆਂ, ਭੈਣਾਂ ਦੇ ਸ਼ੁਭ ਕਾਰਜ ਕਰਨ ਵਾਸਤੇ ਫ਼ਸਲਾਂ ਤੋਂ ਕਮਾਈ ਆਉਣੀ ਜ਼ਰੂਰੀ ਹੁੰਦੀ ਹੈ। ਇਸੇ ਹੀ ਪ੍ਰਸੰਗਤਾ ਵਿੱਚ ਕਿਸੇ ਨਿਸ਼ਚਿਤ ਸੁੱਤੇ ਬਾਬਲ ਨੂੰ, ਉਸ ਦੀ ਧੀ ਵੱਲੋਂ ਕੁਝ ਅਜਿਹੇ ਸਵਾਲ-ਜਵਾਬ ਵਰਗੇ ਬੋਲ ਸੁਣਨੇ ਜਾਂ ਸੁਣਾਉਣੇ ਪੈਂਦੇ ਹਨ:
ਵੇ ਬਾਬਲਾ ਸੁੱਤਿਆ, ਤੈਨੂੰ ਆਈ ਬਨੇਰੇ ਦੀ ਛਾਂ,
ਤੂੰ ਸੁੱਤਾ ਜੱਗ ਜਾਗਦਾ, ਘਰ ਧੀ ਤਾਂ ਹੋਈ ਜਵਾਨ।
ਪੱਕਣ ਦੇ ਧੀਏ ਕਣਕਾਂ ਤੇ ਰਸਣ ਦੇ ਨੀਂ ਕਮਾਦ।
ਵਾਢੀ ਕਣਕ, ਜੌਂ, ਛੋਲੇ, ਮਸਰ, ਮੱਕੀ, ਬਾਜਰਾ, ਝੋਨਾ-ਬਾਸਮਤੀ, ਮਾਂਹ ਮੂੰਗੀ, ਮੋਠ, ਤਿਲ, ਕਮਾਦ, ਕਪਾਹ ਆਦਿ ਕਿਸੇ ਫ਼ਸਲ ਦੀ ਵੀ ਕਿਉਂ ਨਾ ਹੋਵੇ, ਪੰਜਾਬੀਆਂ ਨੇ ਸਭਨਾਂ ਫ਼ਸਲਾਂ ਸਬੰਧੀ ਗੀਤ ਸਿਰਜੇ ਹੋਏ ਹਨ ਪਰ ਕਣਕ ਦੀ ਵਾਢੀ ਹੋਰਨਾਂ ਫ਼ਸਲਾਂ ਦੀ ਵਾਢੀ ਤੋਂ ਵਧੇਰੇ ਧਿਆਨ ਖਿੱਚੂ ਅਤੇ ਮਸ਼ੱਕਤ ਵਾਲੀ ਮੰਨੀ ਜਾਂਦੀ ਹੈ। ਬਹੁਤ ਸਾਰੇ ਗੀਤ ਅਤੇ ਲੋਕ ਗੀਤ ਪ੍ਰਚਲਤ ਹਨ, ਉਨ੍ਹਾਂ ਵਿੱਚੋਂ ਕੁਝ ਬੋਲ ਦਿਲਚਸਪੀ ਹਿੱਤ ਪੇਸ਼ ਹਨ:
-‘ਹੋਲੀਕਣਕਾਂ ਰੰਗ ਕੇ ਲੰਘਗੀ, ਰੰਗਿਆ ਰੂਪ ਸੁਨਹਿਰੀ
ਜੱਟ ਦੀ ਮਿਹਨਤ ਨੂੰ ਫਲ ਲੱਗੇ, ਖਿੜਗੀ ਸਿਖਰ ਦੁਪਹਿਰੀ।
- ਮੁੱਕਿਆ ਚੇਤ ਵਿਸਾਖੀ ਆਈ, ਕਣਕਾਂ ਜੋਬਨ ਚੜ੍ਹਿਆ
ਸਾਰੇ ਪਾਸੇ ਪਸਰ ਗਈਆਂ, ਸੋਨ-ਸੁਨਹਿਰੀ ਲੜੀਆਂ।
- ਛੋਲੇ ਪੱਕੇ, ਸਰੋ੍ਹਆਂ ਪੱਕੀਆਂ ਜੱਟੀ ਨੱਚ ਨੱਚ ਗਾਵੇ
ਰੱਬ ਤਕ ਕਰੇ ਅਰਜੋਈ, ਰੱਬਾ! ਫ਼ਸਲ ਛੇਤੀ ਘਰ ਆਵੇ।
ਢੋਲ ਢਮੱਕੇ ਦੇ ਵਿੱਚ ਯਾਰੋ! ਪੈ ਗਈ ਵਾਢੀ ਸਾਰੇ,
ਆਏ ਥਰੈਸ਼ਰ ਘੀਂ-ਘੀਂ ਕਰਦੇ, ਫੁੱਲਾਂ ਨਾਲ ਸ਼ਿੰਗਾਰੇ।
ਵਧੇਰੇ ਰੁਝੇਵਿਆਂ ਸਦਕਾ ਵਾਢੀਆਂ ਦੇ ਦਿਨੀਂ ਅੰਗ-ਸਾਕ ਇੱਕ ਦੂਜੇ ਰਿਸ਼ਤੇਦਾਰ ਕੋਲ ਜਾਣੋਂ ਗੁਰੇਜ਼ ਕਰਦੇ ਹਨ ਕਿਉਂਕਿ ਸਭਨਾਂ ਨੇ ਆਪਣੀ ਮਹੀਨਿਆਂਬੱਧੀ ਕੀਤੀ ਕਿਰਤ ਦੀ ਕਮਾਈ ਨੂੰ ਸੰਭਾਲਣਾ ਹੁੰਦਾ ਹੈ। ਕਈ ਨੇੜਲੇ ਰਿਸ਼ਤੇਦਾਰ ਜਿਨ੍ਹਾਂ ਦੇ ਸਾਹ ਨਾਲ ਸਾਹ ਸਾਂਝੇ ਹੁੰਦੇ ਹਨ, ਜਿਵੇਂ ਮਾਂ-ਧੀ, ਪਿਓ-ਧੀ, ਭਰਾ-ਭੈਣ ਹੈ, ਇਨ੍ਹਾਂ ਨੂੰ ਵੀ ਕੁਝ ਚਿਰ ਲਈ ਵਿਸਾਰ ਦਿੱਤਾ ਜਾਂਦਾ ਹੈ ਪਰ ਧੀ-ਭੈਣ, ਇਸ ਵਿਸਾਰੇ ਜਾਣ ਨੂੰ ਸਹਿਣ ਨਹੀਂ ਕਰਦੀ। ਲੋਕ-ਗੀਤ ਇਸ ਗਵਾਹੀ ਦਾ ਸਾਰਥਿਕ ਪ੍ਰਗਟਾਵਾ ਕਰਦੇ ਹਨ। ਇੱਕ ਲੰਮੇ ਲੋਕ ਗੀਤ ਦਾ ਮੁਖੜਾ ਹੈ:
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਨੀਂ ਮਾਏ,
ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ
ਕੋਈ ਟੁੱਟਦੀ ਕਹਿਰਾਂ ਦੇ ਨਾਲ,
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿੱਸਰੀਆਂ ਨੀਂ ਮਾਏ
ਹੌਸਲਾ ਬੁਲੰਦ ਕਰਕੇ ਉਹ ਅਹਿਸਾਸ ਕਰ ਲੈਂਦੀ ਹੈ ਕਿ ਅਜਿਹਾ ਉਦਰੇਵਾਂ ਉਸ ਨੂੰ ਝੱਲਣਾ ਹੀ ਪੈਣਾ ਹੈ ਅਤੇ ਉਸ ਨੂੰ ਆਪਣੇ ਘਰ ਹੀ ਚਿੱਤ ਲਾਉਣਾ ਪੈਣਾ ਹੈ ਪਰ ਇਨ੍ਹਾਂ ਪੱਕੀਆਂ ਰਸੀਆਂ ਅਤੇ ਵੱਢਣਯੋਗ ਫ਼ਸਲਾਂ ਦੇ ਬਿੰਬ ਉਸਾਰ ਕੇ ਉਹ ਫਿਰ ਦਿਲ ਦੀ ਭੜਾਸ ਕੱਢਦੀ ਹੈ:
ਕਣਕਾਂ ਤੇ ਛੋਲਿਆਂ ਦਾ ਖੇਤ, ਹੌਲੀ ਹੌਲੀ ਨਿੱਸਰ ਗਿਆ
ਬਾਬਾ ਧਰਮੀ ਦਾ ਦੇਸ਼, ਹੌਲੀ ਹੌਲੀ ਵਿੱਸਰ ਗਿਆ
ਭਾਬੋ ਨਾ ਬੋਲ ਮੰਦੜੇ ਬੋਲ, ਅਸੀਂ ਤੇਰੇ ਨਾ ਆਵਾਂਗੇ,
ਵੀਰੇ ਧਰਮੀ ਦੇ ਦੇਸ ਨੀਂ ਕਦੇ, ਫੇਰਾ ਪਾ ਜਾਵਾਂਗੇ
ਸਮਾਜਿਕ ਜ਼ਿੰਮੇਵਾਰੀਆਂ ਨੂੰ ਕੁਝ ਚਿਰ ਲਈ ਪਿੱਛੇ ਪਾ ਕੇ ਕਿਸਾਨੀ ਪਰਿਵਾਰ ਦਾ ਹਰੇਕ ਜੀਅ ਵਾਢੀਆਂ ਵਿੱਚ ਜੁੱਟ ਪੈਂਦਾ ਹੈ। ਗਰਮੀ ਦੀ ਪਰਵਾਹ ਕੀਤੇ ਬਿਨਾਂ, ਨੱਚਦਿਆਂ-ਟੱਪਦਿਆਂ, ਗਾਉਂਦਿਆਂ ਹੋਇਆਂ ਮਸ਼ੱਕਤ ਭਰੀ ਕਾਰਜ ਸ਼ੈਲੀ ਨੂੰ ਰੋਚਕ ਬਣਾਇਆ ਜਾਂਦਾ ਹੈ ਕਿਉਂ ਜੋ ਘਰ ਨਵੇਂ ਦਾਣੇ ਜੋ ਆਉਣੇ ਹੁੰਦੇ ਹਨ। ਚਾਵਾਂ ਨੂੰ ਉਮਡਦਿਆਂ ਭਾਂਪਣ ਲਈ ਇਹ ਬੋਲ ਮਾਣੋ:
ਪੱਕ ਗਈ ਕਣਕ ਆਓ ਕਣਕ ਵੱਢੀਏ,
ਵੱਢੀਏ ਤੇ ਨਾਲ-ਨਾਲ ਦਾਣੇ ਕੱਢੀਏ।
ਕੱਢ-ਕੱਢ ਦਾਣਿਆਂ ਦੇ ਲਾਉਣੇ ਢੇਰ ਨੇ,
ਬੱਕਰੇ ਬੁਲਾਉਣੇ ਵੇਖੀਂ ਜੱਟਾਂ ਫੇਰ ਨੇ!
ਵਾਢੀਆਂ ਦਾ ਕਾਰਜ ਸਾਧਾਰਨ ਅਤੇ ਸੌਖਾ ਨਹੀਂ ਹੈ। ਇਹ ਸਿਰੜੀ, ਤਕੜਿਆਂ ਅਤੇ ਅਣਥੱਕ ਪ੍ਰਾਣੀਆਂ ਦਾ ਕਾਰਜ ਹੈ। ਕਿਸਾਨੀ ਪਰਿਵਾਰ ਤੋਂ ਇਲਾਵਾ ਖੇਤੀ ਦੇ ਸਹਾਇਕ ਧੰਦਿਆਂ ਨਾਲ ਜੁੜੇ ਪਰਿਵਾਰਾਂ ਦੇ ਜੀਅ ਵੀ ਇਸ ਕਾਰਜ ਵਿੱਚ ਭਰਵਾਂ ਸਹਿਯੋਗ ਦਿੰਦੇ ਹਨ। ਦੂਰ-ਦੁਰੇਡੇ ਹਰ ਥਾਂ ਰਲ-ਮਿਲ ਕੇ ਵਾਢੀ ਵਿੱਚ ਜੁਟਿਆ ਜਾਂਦਾ ਹੈ, ਪੂਰੀ ਤਿਆਰੀ ਦੀ ਇੱਕ ਝਲਕ ਹੈ:
ਜੋ ਲੋੜੀਂਦੇ ਹੈ ਸਨ, ਉਹ ਸੰਦ ਬਣਾ ਲਏ ਨੇ
ਲੁਹਾਰ ਦੇ ਕੋਲੋਂ ਦਾਤੀ ਨੂੰ ਦੰਦੇ ਕਢਵਾ ਲਏ ਨੇ
ਵੱਢ-ਵੱਢ ਕਣਕਾਂ ਦੇ ਢੇਰ ਲਾਉਣੇ, ਭਾਵੇਂ ਆਏ ਹੋਣ ਪਰਾਹੁਣੇ,
ਉਹ ਵੀ ਆਪਣੇ ਨਾਲ ਹੀ ਡਾਹੁਣੇ, ਚਾਹੇ ਧੀ-ਜਵਾਈ ,
ਵੇਖ ਵਿਸਾਖੀ ਜੱਟਾਂ ਨੇ, ਵਾਢੀ ਪਾਈ ਏ।
ਵਰਤਮਾਨ ਸਮੇਂ ਵਿੱਚ ਵਾਢੀ ਦੇ ਤੇਵਰ ਬਦਲ ਗਏ ਹਨ, ਮਸ਼ੀਨੀਕਰਨ ਭਾਰੂ ਹੋ ਗਿਆ ਹੈ ਪਰ ਫਿਰ ਵੀ ਦਾਤੀ (ਦਾਤਰੀ) ਦੀ ਮਹਾਨਤਾ ਨਹੀਂ ਘਟੀ। ਇਹ ਬੋਲ ਵਾਚੋ:
ਹੁਣ ਗਾਹੁਣ ਕਣਕਾਂ ਮਸ਼ੀਨਾਂ ਗਈਆਂ,
ਲੈ ਮੋਟਰੀਂ, ਇੰਜਣੀਂ ਲਾ ਲਈਆਂ
ਰਾਤਾਂ ਜਾਗ ਕੇ ਕਈ ਲੰਘਾ ਲਈਆਂ,
ਰੁੱਗ ਸੁੱਤੇ-ਉਨੀਂਦਰੇ ਲਾ ਕੇ,
ਖੇਤਾਂ ਵਿੱਚ ਕਣਕਾਂ ਪੱਕੀਆਂ ਨੇ,
ਜੱਟਾਂ ਨੇ ਦਾਤੀਆਂ ਚੱਕੀਆਂ ਨੇ।
ਜਦੋਂ ਕਣਕਾਂ ਪੱਕੀਆਂ ਰਸੀਆਂ ਹੋਣ, ਸਾਰੇ ਪਾਸੇ ਲੋਕਾਂ ਨੇ ਵਾਢੀਆਂ ਪਾ ਲਈਆਂ ਹੋਣ, ਵਸਲਾਂ ਦੀ ਰੀਝ ਜਾਗ ਚੁੱਕੀ ਹੋਵੇ ਪਰ ਕਿਸੇ ਸਜ-ਵਿਆਹੀ ਮੁਟਿਆਰ ਦਾ ਮਾਹੀ ਪਰਦੇਸ ਵਿੱਚ ਨੌਕਰੀ ਕਰ ਰਿਹਾ ਹੋਵੇ ਤਾਂ ਉਸ ਦੇ ਹਾਵ ਭਾਵ ਕੀ ਹੋਣਗੇ, ਉਹ ਵੀ ਵਾਢੀਆਂ ਸਬੰਧੀ ਲੋਕ ਗੀਤ ਦੇ ਬੋਲਾਂ ਵਿੱਚ ਸਾਡੇ ਕੋਲ ਹਨ:
ਲਿਖ ਲਿਖ ਚਿੱਠੀਆਂ ਉਹਦੇ ਵੱਲ ਪਾਂਵਦੀ
ਕਾਵਾਂ ਨੂੰ ਉਡਾਂਵਦੀ,
ਵਿੱਚ ਘੱਲਦੀ ਸੱਸੂ ਦੇ ਬੋਲ।
ਚਿੱਠੀਆਂ ਜਾ ਆਉਂਦੀਆਂ
ਉਹ ਚਿੱਠੀਆਂ ਨੂੰ ਵਾਚਦਾ,
ਵਿੱਚ ਵਿੱਚ ਵਾਚਦਾ ਮਾਤਾ ਦੇ ਬੋਲ।
ਕਣਕਾਂ ਵੀ ਪੱਕੀਆਂ
ਛੋਲੇ ਵੀ ਗੱਦਰੇ
ਤੁਸੀਂ ਘਰ ਆਉਣਾ ਚੇਤ ਵਿਸਾਖ!
ਲਿਖ-ਲਿਖ ਚਿੱਠੀ ਉਹ ਮੋੜਵੀਂ ਹੈ ਪਾਂਵਦਾ ਤੇ ਕਰਦਾ ਏ ਇੰਜ ਬਿਆਨ:
ਲਾਣਿਆਂ ਨੂੰ ਲਾ ਲਵੀਂ, ਕਣਕ ਵਢਾਅ ਲਈਂ,
ਅਸੀਂ ਨਹੀਓਂ ਆਉਣਾ ਚੇਤ ਵਿਸਾਖ!
ਇਸੇ ਤਰ੍ਹਾਂ ਹੋਰ ਵੀ ਪਿਆਰ, ਮੁਹੱਬਤ ਤੇ ਅਨੇਕਾਂ ਗੀਤ/ਲੋਕ ਗੀਤ ਹਨ ਜਿਨ੍ਹਾਂ ਵਿੱਚ ਪਤੀ ਵੱਲੋਂ ਪਤਨੀ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਦੇ ਵਾਅਦੇ, ਘਰੇਲੂ ਤੰਗੀਆਂ-ਤੁਰਸ਼ੀਆਂ ਸਦਕਾ ਕਈ ਵਾਅਦੇ ਵਫ਼ਾ ਹੋ ਜਾਣ ਅਤੇ ਕਈ ਫੇਰ ਅਗਲੀ ਫ਼ਸਲ ਦੀ ਆਮਦ ਤਕ ਲਾਰਾ ਬਣ ਕੇ ਵੀ ਰਹਿ ਜਾਂਦੇ ਹਨ ਆਦਿ ਦਾ ਜ਼ਿਕਰ ਖ਼ੂਬ ਮਿਲਦਾ ਹੈ।
ਛੋਟੀ ਕਿਸਾਨੀ ਆਪਣੇ ਹੱਥੀਂ ਵਢਾਈ ਦਾ ਕਾਰਜ ਕਰਦੀ ਹੈ। ਇਸੇ  ਬਿਰਤੀ ਵਿੱਚੋਂ ਇਨ੍ਹਾਂ ਬੋਲਾਂ ਨੇ ਜਨਮ ਲਿਆ ਸੀ ਕਿ ‘ਵਾਢੀ ਕਰੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ’ ਪਰ ਕਈ ਵਾਰ ਮਜਬੂਰੀਵੱਸ ਮੁਟਿਆਰ ਇਹ ਵੀ ਕਹਿ ਲੈਂਦੀ ਹੈ:
ਸੱਸ ਕੋਲੋਂ ਸੰਗ ਲੱਗਦੀ, ਉਹਨੂੰ ਦੱਸ ਮੈਂ ਕਿਵੇਂ ਸਮਝਾਵਾਂ,
ਵੇ ਢੋਲਾ ਮੇਰਾ ਜੀਅ ਕਰਦਾ, ਵਾਢੀ ਨਾਲ ਮੈਂ ਤੇਰੇ ਕਰ ਆਵਾਂ।
ਇਹ ਤਾਂ ਹੋਈ ਸਾਂਝੇ ਦਿਲਾਂ ਦੀ ਇੱਕ ਧੜਕਣ ਨੂੰ ਟੋਹਣ ਦੀ ਗੱਲ ਪਰ ਮਨ ਵਿੱਚ ਜੇ ਹਾਰ-ਸ਼ਿੰਗਾਰ ਨੂੰ ਬਰਕਰਾਰ ਰੱਖਣ ਦੀ ਲਾਲਸਾ ਹੋਵੇ ਤਾਂ ਇਹੋ ਮੁਟਿਆਰ ਆਪਣੇ ਲਾਡਲੇ ਦਿਓਰ ਨੂੰ ਉਸ ਦੇ ਕਹਿਣ ’ਤੇ ਕਿ ਭਾਬੀ ਬਾਜਰੇ ਦੀ ਰਾਖੀ ਕਰੇ, ਠੁਕਰਾਉਂਦੀ ਹੋਈ ਕਹਿ ਦਿੰਦੀ ਹੈ:
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ,
ਜੇ ਮੈਂ ਤਾੜੀ ਮਾਰ ਉਡਾਵਾਂ ਮੇਰੀ ਮਹਿੰਦੀ ਲਹਿੰਦੀ ਵੇ,
ਜੇ ਮੈਂ ਸੀਟੀ ਮਾਰ ਉਡਾਵਾਂ, ਮੇਰੀ ਸੁਰਖ਼ੀ ਲਹਿੰਦੀ ਵੇ
ਫ਼ਸਲਾਂ ਦੀ ਕਟਾਈ-ਵਢਾਈ ਦੇ ਦਿਨਾਂ ਵਿੱਚ ਜਦੋਂ ਕਦੇ ਕੁਦਰਤ ਸਾਥ ਨਹੀਂ ਦਿੰਦੀ ਜਾਂ ਕੁਝ ਗ਼ਲਤ ਅਨਸਰਾਂ ਵੱਲੋਂ ਕਿਸੇ ਸ਼ਰਾਰਤ ਨਾਲ ਨੁਕਸਾਨ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਪੰਜਾਬੀ ਲੋਕ ਜਿੱਥੇ ਰੱਬ ਦਾ ਭਾਣਾ ਵੀ ਮੰਨ ਲੈਂਦੇ ਹਨ, ਉੱਥੇ ਦੂਜੇ ਪਾਸੇ ਕਿੜ ਕੱਢਣ ਲਈ ਮਨ ਵਿੱਚ ਗੰਢ ਵੀ ਮਾਰ ਲੈਂਦੇ ਹਨ। ਕੁਝ ਇੱਕ ਗੀਤ ਦੇ ਬੋਲ ਹਨ:
ਖੇਤੀਂ ਫ਼ਸਲਾਂ ਪੱਕੀਆਂ ਨੇ, ਔਹ ਉੱਠ ਕੇ ਦੇਖੀਂ ਬਾਬਲਾ,
ਪਤਾ ਘਰ ਦਾ ਪੁੱਛਦੀਆਂ ਨੇ।
ਜਦੋਂ ਕਣਕਾਂ ਨੂੰ ਹੱਥ ਪਾਇਆ
ਜ਼ਿੰਦਗੀ ਤਾਂ ਗਈ ਸੂਤੀ,
ਬੱਦਲ ਇੱਕੋ ਹੱਲੇ ਚੜ੍ਹ ਆਇਆ।
ਘੁੱਟ ਸਬਰਾਂ ਦਾ ਭਰ ਲਈਂ
ਭਰ ਲਈਂ ਤੂੰ ਮੇਰੇ ਬਾਬਲਾ,
ਕੱਠਾ ਦਾਣਾ ਦਾਣਾ ਕਰ ਲਈਂ …!
ਪੰਜਾਬੀਆਂ ਦੀ ਇਹ ਖਾਸੀਅਤ ਹੈ ਕਿ ਇਨ੍ਹਾਂ ਨੇ ਦੱਬ ਕੇ ਵਾਹਿਆ ਹੈ, ਰੱਜ ਕੇ ਖਾਧਾ ਹੈ ਅਤੇ ਖ਼ੁਸ਼ੀਆਂ ਮਨਾਈਆਂ ਹਨ। ਇਨ੍ਹਾਂ ਸਭਨਾਂ ਖ਼ੁਸ਼ੀਆਂ ਦੀ ਚਰਮ ਸੀਮਾ ਉਦੋਂ ਹੁੰਦੀ ਹੈ ਜਦੋਂ ਵਾਢੀਆਂ ਕਰਦੇ ਜਾਂ ਵਾਢੀਆਂ ਕਰ ਹਟਣ ਮਗਰੋਂ ਗੱਭਰੂ ਭੰਗੜੇ ਪਾਉਂਦੇ ਨਹੀਂ ਥੱਕਦੇ ਅਤੇ ਮੁਟਿਆਰਾਂ ਗਿੱਧੇ ਪਾਉਂਦੀਆਂ ਨਹੀਂ ਥੱਕਦੀਆਂ। ਇਨ੍ਹਾਂ ਖ਼ੁਸ਼ੀਆਂ-ਖੇੜਿਆਂ ਅਤੇ ਨੱਚਣ-ਟੱਪਣ ਦੇ ਸਮੇਂ ਜਿਹੜੇ ਗੀਤ ਜਾਂ ਜਿਹੜੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਵੀ ਫ਼ਸਲਾਂ ਦੀ ਵਢਾਈ-ਕਟਾਈ ਦੀ ਮਹੱਤਤਾ ਦੇ ਰਸ ਭਰੇ ਬੋਲ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਵਿੱਚੋਂ ਪੰਜਾਬ ਦੀ ਰਸੀਲੀ ਅਤੇ ਮਘਦੀ ਹੋਈ ਜੀਵਨ ਤੋਰ ਦਾ ਪਤਾ ਲੱਗਦਾ ਹੈ। ਉਦਾਹਰਣ ਵਜੋਂ ਭੰਗੜੇ ਅਤੇ ਗਿੱਧੇ ਦੀਆਂ ਕੁਝ ਬੋਲੀਆਂ ਵੇਖੀਆਂ ਜਾ ਸਕਦੀਆਂ ਹਨ:
() ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ, ਬਈ ਕਣਕਾਂ ਵੱਢੀਆਂ ਨੇ।
ਵਾਢੀ ਕਰਦੀ ਮੁਰੱਬਿਆਂ ਵਾਲੀ, ਬਈ ਤਿਪ-ਤਿਪ ਚੋਵੇ ਮੁੜਕਾ।
ਵਾਢੀ ਕਰਦੇ ਜੱਟ ਲੱਗਣ ਸੋਹਣੇ, ਬਈ ਵਿਹਲਿਆਂ ਨੂੰ ਪੈਣ ਝਿੜਕਾਂ।
() ਸਾਨੂੰ ਰੀਝ ਲੌਂਗ ਦੀ ਆਵੇ, ਬਾਜਰੇ ਨੇ ਲਾਈਆਂ ਦੇਰੀਆਂ।
ਛੋਲੇ ਵੱਢ ਕੇ ਬੀਜ ਲੈ ਨਰਮਾ, ਚੁਗਣੇ ਨੂੰ ਮੈਂ ਤਗੜੀ।
ਅਸਾਂ ਬਾਜਰੇ ਤੋਂ ਘੱਗਰਾ ਸੁਆਣਾ, ਸਿੱਟੇ ਨਾ ਉਜਾੜੋ ਤੋਤਿਓ।
ਘਰੋਂ ਤਾਂ ਗਿਆ ਸੀ ਮੁੰਡਾ ਕਣਕ ਦੀ  ਵਾਢੀ
ਉੱਥੇ ਜਾ ਕੇ ਸੌਂ ਗਿਆ, ਸੁੱਤੇ ਦਾ ਡੇਲਾ ਭੌਂ ਗਿਆ।
ਨਿਰਸੰਦੇਹ, ਪੰਜਾਬੀ ਲੋਕ-ਮਾਨਸਿਕਤਾ ਵਿੱਚ ਵਾਢੀਆਂ ਦੇ ਕਾਰਜ ਦੀ ਅਹਿਮ ਭੂਮਿਕਾ ਹੈ ਕਿਉਂਕਿ ਪੰਜਾਬੀ ਕੌਮ ਦੀ ਖ਼ੁਸ਼ਹਾਲੀ ਦਾ ਰਾਜ਼ ਇਨ੍ਹਾਂ ਵਾਢੀਆਂ ਦੀ ਭਰਪੂਰ ਕਮਾਈ ਵਿੱਚ ਛੁਪਿਆ ਹੋਇਆ ਹੈ। ਸੱਚਮੁੱਚ ਵਾਢੀਆਂ ਪੰਜਾਬੀ ਜੀਵਨ ਤੋਰ ਦੇ ਸਾਰਥਿਕ ਪਹਿਲੂਆਂ ਦੇ ਕੀਰਤੀਮਾਨਾਂ ਨੂੰ ਪ੍ਰਗਟ ਕਰਦੀਆਂ ਹਨ। ਸ਼ਾਲਾ! ਪੰਜਾਬੀ ਲੋਕ ਆਪਣੀ ਫ਼ਸਲ ਹੱਥੀਂ ਬੀਜਣ, ਪਾਲਣ ਅਤੇ ਵੱਢਣ!!
-ਡਾ. ਜਗੀਰ ਸਿੰਘ ਨੂਰ
* ਸੰਪਰਕ:98142-09732

No comments: