jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਉਦਾਸ ਹੋਈ ਪਿੰਡ ਦੀ ਜੂਹ, ਪਿੰਡ ਵਾਸੀਆਂ ਵੱਲੋਂ ਚੱਕਾ ਜਾਮ

www.sabblok.blogspot.com

ਪ੍ਰੋ. ਭੁੱਲਰ ਬਾਰੇ ਅਦਾਲਤ ਦਾ ਫ਼ੈਸਲਾ ਸੁਣ ਕੇ ਉਨ੍ਹਾ ਦੇ ਪਿੰਡ ਵਾਸੀ ਤੇ ਰਿਸ਼ੇਤਦਾਰ ਆਪਣੇ ਅੱਥਰੂ ਨਾ ਰੋਕ ਸਕੇ
ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰਹਿਣ ਕਾਰਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਆਲਪੁਰਾ ਭਾਈਕਾ ਵਿਚ ਅੱਜ ਭਾਰੀ ਫਿਕਰਮੰਦੀ ਵਾਲਾ ਮਹੌਲ ਦੇਖਣ ਨੂੰ ਮਿਲਿਆ | ਪ੍ਰੋ: ਭੁੱਲਰ ਇਸ ਪਿੰਡ ਦੇ ਜੰਮਪਲ ਹਨ | ਅੱਜ ਸਵੇਰ ਤੋਂ ਹੀ ਪਿੰਡ ਵਾਸੀਆਂ ਨੂੰ ਸੁਪਰੀਮ ਕੋਰਟ ਤੋਂ ਕਾਫੀ ਉਮੀਦ ਸੀ ਕਿ ਪ੍ਰੋ: ਭੁੱਲਰ ਨੂੰ ਫਾਂਸੀ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਜਦੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਬਰਕਰਾਰ ਰਹਿਣ ਦੀ ਖਬਰ ਮਿਲੀ ਤਾਂ ਪਿੰਡ ਦੇ ਲੋਕ ਧੁਰ ਅੰਦਰ ਤੱਕ ਕੰਬ ਗਏ | ਗੌਰਤਲਬ ਹੈ ਕਿ ਫਾਂਸੀ ਦੇ ਸਬੰਧ ਵਿਚ ਜਦੋਂ ਵੀ ਦੇਸ਼ ਵਿਚ ਕੋਈ ਫ਼ੈਸਲਾ ਹੁੰਦਾ ਹੈ ਜਾਂ ਘਟਨਾ ਵਾਪਰਦੀ ਹੈ ਤਾਂ ਇਸ ਪਿੰਡ ਦੇ ਲੋਕਾਂ ਅੰਦਰ ਡਰ ਦਾ ਮਾਹੌਲ ਬਣ ਜਾਂਦਾ ਹੈ | ਗੁਆਂਢੀਆਂ ਦੇ ਦੱਸਣ ਮੁਤਾਬਕ ਦਵਿੰਦਰਪਾਲ ਦੇ ਘਰ ਨੂੰ ਹਮੇਸ਼ਾ ਤਾਲਾ ਲੱਗਾ ਰਹਿੰਦਾ ਹੈ ਅਤੇ ਕਦੇ-ਕਦਾਈਂ ਹੀ ਉਸ ਦੇ 80 ਸਾਲਾਂ ਬਿਰਧ ਮਾਤਾ ਉਪਕਾਰ ਕੌਰ ਪਿੰਡ ਗੇੜਾ ਮਾਰਦੇ ਹਨ | ਅੱਜ ਦੇ ਫ਼ੈਸਲੇ ਤੋਂ ਬਾਅਦ ਪਿੰਡ ਵਿਚ ਹਰ ਪਾਸੇ ਪ੍ਰੋ: ਭੁੱਲਰ ਦੀ ਹੀ ਗੱਲ ਹੋ ਰਹੀ ਸੀ | ਗੱਲਬਾਤ ਦੌਰਾਨ ਪਿੰਡ ਦਾ ਹਰ ਇਕ ਵਿਅਕਤੀ ਬਸ ਇਹੀ ਦੁਆ ਕਰ ਰਿਹਾ ਸੀ ਕਿ ਦਵਿੰਦਰਪਾਲ ਮੁੜ ਪਿੰਡ ਪਰਤੇ ਅਤੇ ਉਨ੍ਹਾਂ ਦੇ ਘਰ ਅਤੇ ਪਿੰਡ ਨੂੰ ਕਿਸੇ ਤਰ੍ਹਾਂ ਦਾ ਮਾੜਾ ਸਮਾਂ ਮੁੜ ਨਾ ਦੇਖਣਾ ਪਵੇ | ਲੋਕਾਂ ਨੇ ਦੱਸਿਆ ਕਿ ਇਸ ਘਰ ਨੇ ਪਿਛਲੇ ਲਗਭਗ 22 ਸਾਲਾਂ ਤੋਂ ਦੁੱਖ-ਤਖ਼ਲੀਫ਼ਾਂ ਦਾ ਹੀ ਸਾਹਮਣਾ ਕੀਤਾ ਹੈ ਅਤੇ ਕਦੇ ਕਿਸੇ ਪਾਸਿਉਂ ਸੁੱਖ ਦਾ ਬੁੱਲ੍ਹਾ ਨਹੀਂ ਆਇਆ | ਪਿੰਡ ਦੇ ਸਾਬਕਾ ਸਰਪੰਚ ਅਤੇ ਸਰਕਲ ਜਥੇਦਾਰ ਚਤੁਰ ਸਿੰਘ ਗੁੱਡ ਨੇ ਕਿਹਾ ਕਿ ਅੱਜ ਦੇ ਫ਼ੈਸਲੇ ਨਾਲ ਪਿੰਡ ਵਾਸੀਆਂ ਦੀਆਂ ਆਸਾਂ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ | ਉਨ੍ਹਾਂ ਕਿਹਾ ਕਿ ਪ੍ਰੋ: ਭੁੱਲਰ ਆਪਣੀ ਸਾਰੀ ਜਵਾਨੀ ਜੇਲ੍ਹ ਵਿਚ ਗਾਲ ਚੁੱਕੇ ਹਨ ਅਤੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਹਨ | ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਸੀ | ਪਿੰਡ ਦੇ ਸਰਪੰਚ ਸੁਖਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰੋ: ਭੁੱਲਰ ਜ਼ਿੰਦਗੀ ਦਾ ਲੰਬਾ ਸਮਾਂ ਜੇਲ੍ਹ ਵਿਚ ਬਿਤਾਅ ਚੁੱਕੇ ਹਨ, ਇਸ ਲਈ ਉਨ੍ਹਾਂ ਦੀ ਰਹਿਮ ਦੀ ਅਪੀਲ ‘ਤੇ ਮੁੜ ਵਿਚਾਰ ਹੋਣੀ ਚਾਹੀਦੀ ਹੈ | ਪਿੰਡ ਦਿਆਲਪੁਰਾ ਭਾਈਕਾ ਅਤੇ ਇਲਾਕੇ ਦੀਆਂ ਪੰਚਾਇਤਾਂ ਵੀ ਇਸ ਸਬੰਧ ਵਿਚ ਅਨੇਕਾਂ ਵਾਰ ਰਾਸ਼ਟਰਪਤੀ ਨੂੰ ਮਤੇ ਭੇਜ ਕੇ ਉਨ੍ਹਾਂ ਦੀ ਰਹਿਮ ਦੀ ਅਪੀਲ ‘ਤੇ ਮੁੜ ਨਜ਼ਰਸਾਨੀ ਕਰਨ ਦੀ ਮੰਗ ਕਰ ਚੁੱਕੀਆਂ ਹਨ | ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਅਤੇ ਬਾਬਾ ਸਤਨਾਮ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਸ ਫੈਸਲੇ ਨਾਲ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਪ੍ਰੋ: ਭੁੱਲਰ ਦੇ ਮਾਮਲੇ ਵਿਚ ਗਵਾਹਾਂ ਵੱਲੋਂ ਪੁਲਿਸ ਵੱਲੋਂ ਦੱਸੀ ਕਹਾਣੀ ਦੇ ਉਲਟ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਵਿਚੋਂ ਕਿਸੇ ਨੂੰ ਵੀ ਅਜਿਹੀ ਸਜ਼ਾ ਨਹੀਂ ਦਿੱਤੀ ਗਈ |
ਦਿਆਲਪੁਰਾ ਭਾਈਕਾ (ਬਠਿੰਡਾ), 12 ਅਪਰੈਲ : ਇਸ ਤਰ੍ਹਾਂ ਆਸ ਦੀ ਆਖਰੀ ਤੰਦ ਹੀ ਟੁੱਟ ਜਾਵੇਗੀ, ਇਸ ਪਿੰਡ ਦੀ ਜੂਹ ਨੇ ਵੀ ਕਦੇ ਕਿਆਸ ਨਹੀਂ ਕੀਤਾ ਸੀ। ਇਸ ਪਿੰਡ ਦੇ ਉਸ ਘਰ(ਦਵਿੰਦਰਪਾਲ ਸਿੰਘ ਭੁੱਲਰ ਦੇ ਘਰ) ਨਾਲ ਹੁਣ ਕੀ ਬੀਤੇਗੀ ਜਿਸ ਨੂੰ ਵਰ੍ਹਿਆਂ ਤੋਂ ਤਾਲਾ ਲੱਗਾ ਹੋਇਆ ਹੈ। ਵਰ੍ਹਿਆਂ ਤੋਂ ਉਦਾਸੀ ਵਿੱਚ ਘਿਰੇ ਇਸ ਘਰ ਦੀ ਆਸ ਦੀ ਆਖਰੀ ਤੰਦ ਵੀ ਹੁਣ ਟੁੱਟ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਨੇ ਇਸ ਘਰ ਦੀ ਹੋਣੀ ਵੀ ਤੈਅ ਕਰ ਦਿੱਤੀ ਹੈ। ਦਵਿੰਦਰਪਾਲ ਸਿੰਘ ਭੁੱਲਰ ਦੇ ਇਸ ਘਰ ਨੂੰ ਸੁਪਰੀਮ ਕੋਰਟ ਤੋਂ ਹੀ ਇੱਕੋ ਇੱਕ ਆਸ ਬਚੀ ਸੀ।
ਜਦੋਂ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਇਸ ਪਿੰਡ ਦੀ ਧੜਕਣ ਹੀ ਰੱੁਕ ਗਈ। ਅੱਜ ਦਾ ਦਿਨ ਇਸ ਪਿੰਡ ਲਈ ਅਹਿਮ ਸੀ। ਲੋਕ ਸਵੇਰ ਤੋਂ ਹੀ ਟੀ.ਵੀ. ਨਾਲ ਜੁੜੇ ਹੋਏ ਸਨ। ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਤਾਂ ਦੱੁਖ ਵਿੱਚ ਪਿੰਡ ਦੇ ਲੋਕਾਂ ਨੇ ਕੰਮ ਧੰਦੇ ਹੀ ਛੱਡ ਦਿੱਤੇ। ਸੁਪਰੀਮ ਕੋਰਟ ਨੇ ਇਸ ਪਿੰਡ ਦੇ ਵਸਨੀਕ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖ ਦਿੱਤੀ ਹੈ।
ਪਿੰਡ ਦਿਆਲਪੁਰਾ ਵਿੱਚ ਅੱਜ ਸਵੇਰ ਸਮੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਭੂਆ ਜੰਗੀਰ ਕੌਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਦੇ ਗੁਰੂ ਘਰਾਂ ਵਿੱਚ ਅਰਦਾਸ ਕੀਤੀ ਕਿ ਦਿੱਲੀ ਤੋਂ ਸੁੱਖ ਦਾ ਸੁਨੇਹਾ ਆਵੇ। ਉਸ ਨੇ ਤਾਂ ਸੁੱਖਣਾ ਵੀ ਸੁੱਖੀ ਕਿ ਹਵਾ ਦਾ ਠੰਢਾ ਬੁੱਲਾ ਆਇਆ ਤਾਂ ਅਗਲੇ ਵਰ੍ਹੇ ਆਖੰਡ ਪਾਠ ਵੀ ਕਰਾਏਗੀ। ਜਦੋਂ ਟੀ.ਵੀ. ‘ਤੇ ਖ਼ਬਰ ਆਈ ਤਾਂ ਉਸ ਨੂੰ ਹੌਲ ਪੈ ਗਿਆ। ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਖਿਆ ਹੁਣ ਕੁਝ ਪੱਲੇ ਨਹੀਂ ਰਿਹਾ, ਬੱਸ ਘਰ ਉਜੜ ਗਿਆ।
ਉਸ ਨੇ ਆਖਿਆ ਕਿ ਇਹ ਆਸ ਨਹੀਂ ਸੀ ਕਿ ਸੁਪਰੀਮ ਕੋਰਟ ‘ਚੋਂ ਇਹ ਫੈਸਲਾ ਆ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਵਿੰਦਰਪਾਲ ਭੁੱਲਰ ਦੇ ਛੋਟੇ ਭਰਾ ਤੇਜਿੰਦਰਪਾਲ ਸਿੰਘ ਨੇ ਰਾਤ ਅਮਰੀਕਾ ‘ਚੋਂ ਪਿੰਡ ਦਿਆਲਪੁਰਾ ਵਿੱਚ ਫੋਨ ਕੀਤਾ ਸੀ ਤੇ ਉਮੀਦ ਪ੍ਰਗਟਾਈ ਸੀ ਕਿ ਅੱਜ ਦਾ ਦਿਨ ਚੰਗਾ ਸੁਨੇਹਾ ਲੈ ਕੇ ਆਵੇਗਾ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਤੇਜਿੰਦਰਪਾਲ ਸਿੰਘ ਆਪਣੇ ਪਿੰਡ ਆ ਕੇ ਗਿਆ ਸੀ ਤੇ ਦਵਿੰਦਰਪਾਲ ਭੁੱਲਰ ਦੀ ਮਾਂ ਉਪਕਾਰ ਕੌਰ ਵੀ ਕੁਝ ਸਮਾਂ ਪਹਿਲਾਂ ਹੀ ਮੁੜ ਅਮਰੀਕਾ      ਗਈ ਹੈ।
ਭੁੱਲਰ ਦੀ ਭਤੀਜੀ ਸਤਵੀਰ ਕੌਰ ਦਾ ਕਹਿਣਾ ਸੀ ਕਿ ਇਸ ਫੈਸਲੇ ਨੇ ਤਾਂ ਦੁੱਖਾਂ ਦਾ ਪਹਾੜ ਹੀ ਸੁੱਟ ਦਿੱਤਾ ਹੈ। ਉਸ ਨੇ ਕਿਹਾ ਕਿ ਪਰਿਵਾਰ ਤਾਂ ਪਹਿਲਾਂ ਹੀ 20 ਵਰ੍ਹਿਆਂ ਤੋਂ ਦੁੱਖਾਂ ਦੀ ਚੱਕੀ ਵਿੱਚ ਪਿਸ ਰਿਹਾ ਹੈ। ਉੱਪਰੋਂ ਹੁਣ ਆਖਰੀ ਉਮੀਦ ਟੱੁਟਣ ਕਰਕੇ ਕੋਈ ਦਰ ਨਹੀਂ ਬਚਿਆ। ਅੱਜ ਦੇਵਿੰਦਰਪਾਲ ਸਿੰਘ ਦੇ ਘਰ ਕੋਲ ਰਹਿੰਦੇ ਚਾਚੇ- ਤਾਇਆਂ ਦੇ ਘਰ ਪਿੰਡ ਦੇ ਲੋਕ ਪੁੱਜਣੇ ਸ਼ੁਰੂ ਹੋ ਗਏ ਤਾਂ ਜੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਸਕੇ। ਪਿੰਡ ਦੀਆਂ ਸੱਥਾਂ ਵੀ ਅੱਜ ਚੁੱਪ ਹੋ ਗਈਆਂ ਅਤੇ ਘਰ ਘਰ ‘ਚੋਂ ਇੱਕੋ ਆਵਾਜ਼ ਸੁਣ ਰਹੀ ਸੀ ਕਿ ਹੁਣ ਕਿਸ ਦਰ ‘ਤੇ ਜਾਈਏ।
ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਦਾ ਗੁਆਂਢੀ ਸੁਬੇਗ ਸਿੰਘ ਆਖਦਾ ਹੈ ਕਿ ਦਵਿੰਦਰਪਾਲ ਤਾਂ ਵਰ੍ਹਿਆਂ ਤੋਂ ਜੇਲ੍ਹ ਵਿੱਚ ਪਲ ਪਲ ਮਰ ਰਿਹਾ ਹੈ, ਹੋਰ ਕਸਰ ਕੋਈ ਬਾਕੀ ਰਹਿੰਦੀ ਸੀ। ਉਸ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਗੁਆਂਢ ਵਿੱਚ ਹੁਣ ਖੁਸ਼ੀਆਂ ਦਾ ਵਾਸਾ ਹੋਣ ਦੀ ਕੋਈ ਉਮੀਦ ਨਹੀਂ ਬਚੀ ਹੈ। ਦੱਸਣਯੋਗ ਹੈ ਕਿ ਦਵਿੰਦਰਪਾਲ ਭੁੱਲਰ ਕੋਲ ਕਰੀਬ 15 ਏਕੜ ਜ਼ਮੀਨ ਹੈ ਜੋ ਕਿ ਠੇਕੇ ‘ਤੇ ਦਿੱਤੀ ਜਾਂਦੀ ਹੈ। ਦਵਿੰਦਰਪਾਲ ਸਿੰਘ ਭੁੱਲਰ ਦੇ ਪਿਓ ਬਲਵੰਤ ਸਿੰਘ ਪੱਟੀ ਨੇ ਕਰੀਬ 43 ਸਾਲ ਪਹਿਲਾਂ ਇਸ ਪਿੰਡ ਵਿੱਚ ਮਕਾਨ ਬਣਾਇਆ ਸੀ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਾਲੇ ਦਿਨਾਂ ਵਿੱਚ ਉਹ ਵੀ ਮਾਰਿਆ ਗਿਆ ਸੀ ਤੇ ਉਸ ਦਾ ਇੱਕ ਰਿਸ਼ਤੇਦਾਰ ਵੀ ਮਾਰਿਆ ਗਿਆ ਸੀ। ਦਵਿੰਦਰਪਾਲ ਸਿੰਘ ਭੁੱਲਰ ਨੂੰ ਕਦੋਂ ਦਰਗਾਹੋਂ ਸੱਦਾ ਆ ਜਾਵੇ, ਹੁਣ ਇਹ ਵੀ ਕੋਈ ਪਤਾ ਨਹੀਂ। ਸਰਕਾਰੀ ਰਾਹ ਪੱਧਰੇ ਹੋ ਗਏ ਹਨ।
ਮਨੁੱਖੀ ਅਧਿਕਾਰ ਸੰਗਠਨ ਨੇ ਨਿਰਾਸ਼ਾ ਜ਼ਾਹਿਰ ਕੀਤੀ
ਗੁਹਾਟੀ, 12 ਅਪ੍ਰੈਲ : ਮਾਨਵੀ ਹੱਕਾਂ ਦੀ ਵਕਾਲਤ ਕਰਨ ਵਾਲੇ ਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ ਨੇ ਸੁਪਰੀਮ ਕੋਰਟ ਵਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਖਾਰਜ ਕਰਨ ‘ਤੇ ਅਫ਼ਸੋਸ ਜ਼ਾਹਿਰ ਕੀਤਾ ਹੈ | ਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ ਦੇ ਡਾਇਰੈਕਟਰ ਸੁਹਾਸ ਚਕਮਾ ਨੇ ਇਕ ਬਿਆਨ ਵਿਚ ਕਿਹਾ ਕਿ ‘ਡੈਥ ਰੋਅ ਸਿੰਡੋਰਮ (ਸਜ਼ਾ ਦੇ ਲਾਗੂ ਹੋਣ ਦੀ ਉਡੀਕ ‘ਚ ਹੋਣ ਵਾਲੀ ਮਾਨਸਿਕ ਬਿਮਾਰੀ) ਨੂੰ ਮਾਨਤਾ ਦੇਣ ਦਾ ਮੌਕਾ ਖੁਸ ਗਿਆ ਹੈ | ਮਾਨਵੀ ਹੱਕਾਂ ਬਾਰੇ ਯੂਰਪੀਨ ਅਦਾਲਤ ਨੇ ਸੋਰਿੰਗ ਬਨਾਮ ਯੂਨਾਈਟਡ ਕਿੰਗਡਮ ਮਾਮਲੇ ਵਿਚ ਆਪਣੇ ਫ਼ੈਸਲੇ ‘ਚ ਪਹਿਲਾਂ ਹੀ ਡੈਮ ਰੋਅ ਸਿੰਡੋਰਮ ਨੂੰ ਮਾਨਵੀ ਹੱਕਾਂ ਦੀ ਉਲੰਘਣਾ ਵਜੋਂ ਤਸਲੀਮ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਭੁੱਲਰ ਦਾ ਮਾਮਲਾ ਰਾਸ਼ਟਰਪਤੀ ਵਲੋਂ ਰਹਿਮ ਦੀਆਂ ਅਪੀਲਾਂ ‘ਤੇ ਵਿਚਾਰ ਲਈ ਮਾਪਦੰਡਾਂ ਦੇ ਵਿਕਾਸ ਦਾ ਸੱਦਾ ਦਿੰਦਾ ਹੈ |

ਭੁੱਲਰ ਦੇ ਪਿੰਡ ਵਾਸੀਆਂ ਵੱਲੋਂ ਚੱਕਾ ਜਾਮ

ਸੁਪਰੀਮ ਕੋਰਟ ਵੱਲੋਂ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਘਟਾਉਣ ਦੀ ਪਟੀਸ਼ਨ ਖਾਰਜ ਕੀਤੇ ਜਾਣ ਪਿੱਛੋਂ ਰੋਹ ਵਿੱਚ ਆਈਆਂ ਸੰਗਤਾਂ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਵਿੱਚ ਬਾਜਾਖਾਨਾ-ਬਰਨਾਲਾ ਸੜਕ ’ਤੇ ਜਾਮ ਲਾਇਆ ਗਿਆ।
ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਨੀ) ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਵਧੇਗੀ। ਦਿੱਲੀ ਦੰਗਿਆਂ ਦੀ ਉਦਹਾਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਆਪਣੇ ਹੀ ਦੇਸ਼ ਵਿੱਚ ਸਿੱਖਾਂ ਨਾਲ ਇਨਸਾਫ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਉਪਰੰਤ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਬਰਨਾਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਪ੍ਰੀਤਮ ਸਿੰਘ ਟੋਨੀ ਸੰਘੇੜਾ ਨੇ ਕਿਹਾ ਹੈ ਕਿ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਨਾਲ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਵਧੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਪ੍ਰੋ. ਭੁੱਲਰ ਨੂੰ ਵਿਦੇਸ਼ ਵਿੱਚੋਂ ਲਿਆਉਂਦੇ ਸਮੇਂ ਦਿੱਤੇ ਲਿਖਤੀ ਭਰੋਸੇ ਦੀ ਘੋਰ ਉਲੰਘਣਾ ਹੋਈ ਹੈ, ਉਥੇ ਹੀ ਕਸਾਈ ਕਿਸ਼ੋਰ ਲਾਲ ਦੀਆਂ ਸੱਤ ਫਾਂਸੀਆ ਨੂੰ ਰੱਦ ਕਰਕੇ ਸਿਰਫ ਕੁਝ ਸਾਲ ਜੇਲ੍ਹ ਦੀ ਸਜ਼ਾ ਸੁਣਾਉਣਾ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਂਦਾ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀਆਂ ਲਈ ਕਾਨੂੰਨ ਅਲੱਗ ਹਨ।

No comments: