jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਖ਼ਾਲਸੇ ਦੀ ਸਿਰਜਣਾ ਦਾ ਮਹਾਤਮ

www.sabblok.blogspot.com

ਡਾ. ਗੁਰਮੋਹਨ ਸਿੰਘ ਵਾਲੀਆ

ਜਿਵੇਂ ਪੰਜਾਬ ਦਾ ਕਿਸਾਨ ਵੈਸਾਖੀ ਦੇ ਮੇਲੇ ’ਤੇ ਆਪਣੀ ਹਾਰਦਿਕ ਖ਼ੁਸ਼ੀ ਤੇ ਮਨੋਭਾਵ ਪ੍ਰਗਟ ਕਰ ਕੇ ਪੱਕੀ ਹੋਈ ਖੇਤੀ ਨੂੰ ਸੰਭਾਲਣ ਲਈ ਕਮਰਕੱਸਾ ਕਰ ਲੈਂਦਾ ਹੈ ਤਿਵੇਂ ਹੀ ਵੈਸਾਖ ਦੇ ਮਹੀਨੇ ਸੰਸਾਰ ਵਿੱਚ ਪਰਗਟ ਹੋਏ ਗੁਰੂ ਨਾਨਕ ਦੇਵ ਜੀ ਵੱਲੋਂ ਬੀਜੀ ਹੋਈ ਸਿੱਖੀ ਦੀ ਖੇਤੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੱਕਣ ’ਤੇ ਆਈ ਨੂੰ ਸੰਭਾਲਣ ਲਈ ਵੈਸਾਖੀ ਦੇ ਦਿਹਾੜੇ ਤਿਆਰ ਹੋ ਗਏ। ਖ਼ਾਲਸੇ ਦੀ ਸਿਰਜਣਾ ਅਤੇ ਇਸ ਦਾ ਪ੍ਰਗਟ ਹੋਣਾ ਕੇਵਲ ਵਕਤੀ ਲੋੜ ਨਹੀਂ ਸਗੋਂ ਇਹ ਨਦਰ ਤੇ ਸੁਚੱਜੀ ਸੋਚ ਦਾ ਸਿੱਟਾ ਸੀ। ਦਸ ਗੁਰੂ ਸਾਹਿਬਾਨ ਦੀ ਇੱਕੋ ਜੋਤ ਅਤੇ ਇੱਕੋ ਜੁਗਤੀ ਦਾ ਸਾਕਾਰ ਰੂਪ ਖ਼ਾਲਸਾ ਪ੍ਰਗਟ ਹੋਇਆ ਹੈ। ਸਿੱਖੀ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਅਤੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਕਰ ਕਮਲਾਂ ਦੁਆਰਾ ਇਹ ਨਿਰਾਲਾ ਪੰਥ ਵਿਲੱਖਣ ਰੂਪ ਵਿੱਚ ਪ੍ਰਵਾਨ ਚੜ੍ਹਿਆ। ਵੈਸਾਖੀ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸਦਾ ਅਰਥ ਹੈ- ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਖ਼ਾਲਸੇ ਦੀ ਸਿਰਜਣਾ ਸ਼ਬਦ ਅਤੇ ਸੁਰਤ ਦਾ ਡੂੰਘਾ ਸੁਮੇਲ ਹੈ। ਸਿੱਖੀ ਨੇ ਇੱਕ ਸਫ਼ਰ ਤੈਅ ਕੀਤਾ ਹੈ। ਇਹ ਨਨਕਾਣਾ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਹੁੰਦੀ ਹੋਈ ਖਡੂਰ ਸਾਹਿਬ ਪਹੁੰਚੀ ਜਿੱਥੇ ਬਾਲ ਵਿੱਦਿਆ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਸਿੱਖੀ ਦਾ ਅਗਲਾ ਪੜਾਅ ਗੋਇੰਦਵਾਲ ਸਾਹਿਬ ਸੀ, ਜਿੱਥੇ ਜਾਤ-ਪਾਤ ਦੇ ਕੋਹੜ ਨੂੰ ਮੁੱਢੋਂ ਪੁੱਟਣ ਲਈ ਤੇ ਬਰਾਬਰਤਾ ਲਿਆਉਣ ਹਿੱਤ  ਸੰਗਤ ਤੇ ਪੰਗਤ ਦਾ ਨਿਵੇਕਲਾ ਪ੍ਰਬੰਧ ਕਰ ਕੇ ਸਿੱਖੀ ਦੇ ਪਰਚਾਰ ਲਈ ਪੁਖ਼ਤਾ ਕਦਮ ਉਠਾਏ ਗਏ। ਸਿੱਖੀ ਸਿਧਾਂਤ ਨੂੰ ਸੰਸਾਰ ਪੱਧਰ ’ਤੇ ਲਿਜਾਣ ਲਈ ਕੇਂਦਰੀ ਅਸਥਾਨ ਦੀ ਲੋੜ ਭਾਂਪਦਿਆਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਗਈ। ਮਾਨਸਿਕ ਬੀਮਾਰੀਆਂ ਦਾ ਇਲਾਜ ਗੁਰਬਾਣੀ ਦੁਆਰਾ ਅਤੇ ਸਰੀਰਕ ਬੀਮਾਰੀਆਂ ਨੂੰ ਦੂਰ ਕਰਨ ਲਈ ਸੰਸਾਰ ਵਿੱਚ ਪਹਿਲਾ ਕੋਹੜੀ ਘਰ ਤਰਨ-ਤਾਰਨ ਵਿਖੇ ਸਥਾਪਤ ਕੀਤਾ ਗਿਆ। ਸਰਬੱਤ ਦੇ ਭਲੇ ਦੀ ਹੋਂਦ ਨੂੰ ਕਾਇਮ ਰੱਖਣ ਲਈ ਚਾਰ ਲੜਾਈਆਂ ਲੜੀਆਂ ਗਈਆਂ। ਮਨੁੱਖਤਾ ਨੂੰ ਇਨਸਾਫ਼ ਦੇਣ ਲਈ ਅਕਾਲ ਤਖ਼ਤ ਦੀ ਰਚਨਾ ਕੀਤੀ ਗਈ। ਕੀਰਤਪੁਰ ਦੀ ਧਰਤੀ ’ਤੇ ਵੱਡ-ਆਕਾਰੀ ਹਸਪਤਾਲ ਬਣਾ ਕੇ ਦੁਨੀਆਂ ਨੂੰ ਇਹ ਦਰਸਾ ਦਿੱਤਾ ਕਿ ਮਨੁੱਖਤਾ ਦੀ ਅਸਲ ਸੇਵਾ ਇੰਜ ਕੀਤੀ ਜਾ ਸਕਦੀ ਹੈ। ਭਿਆਨਕ ਬੀਮਾਰੀ ਦਾ ਟਾਕਰਾ ਕਰਨ ਲਈ ਗੁਰੂ ਸਾਹਿਬ ਨੇ ਦਿੱਲੀ ਜਾ ਕੇ ਆਦਰਸ਼ਕ ਸੇਵਕ ਬਣਨ ਦਾ ਨਵੇਕਲਾ ਪੂਰਨਾ ਪਾਇਆ। ਮਨੁੱਖੀ ਹੱਕਾਂ ਦੀ ਰਾਖੀ ਲਈ ਸਰਕਾਰ ਦੇ ਜ਼ੁਲਮ ਦਾ ਵਿਰੋਧ ਕਰਦਿਆਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਇਹ ਦੱਸ ਦਿੱਤਾ ਕਿ ਤੱਤੀ ਤਵੀ ਤੇ ਉਬਲਦੀ ਦੇਗ ਵੀ ਸਾਡੇ ਰਸਤੇ ਵਿੱਚ ਰੁਕਾਵਟ ਨਹੀਂ ਹੋ ਸਕਦੀ। ਸਿੱਖੀ ਇੱਕ ਸਫ਼ਰ ਤੈਅ ਕਰਦਿਆਂ ਆਨੰਦਪੁਰ ਦੀ ਧਰਤੀ ’ਤੇ ਪਹੁੰਚੀ ਤੇ ਜਾਤ-ਪਾਤ, ਛੂਤ-ਛਾਤ ਅਤੇ ਊਚ-ਨੀਚ ਦੇ ਵਿਤਕਰਿਆਂ ਨੂੰ ਖ਼ਤਮ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਵਿਸ਼ੇਸ਼ ਬਾਣਾ ਬਖਸ਼ਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ ਪੰਥ ਦਾ ਵਾਧਾ ਕਰਨ ਦੀ ਤਾਕੀਦ ਕੀਤੀ। 1699 ਈਸਵੀ ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿੱਚ ਹੋਏ ਇਕੱਠ ’ਚੋਂ ਉੱਠੇ ਪੰਜ ਪਿਆਰਿਆਂ ਤੋਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਗੁਰੂ ਸਾਹਿਬ ਨੇ ‘ਗੁਰੂ ਚੇਲੇ’ ਦਾ ਫ਼ਰਕ ਮਿਟਾ ਦਿੱਤਾ ਅਤੇ ‘ਖ਼ਾਲਸਾ ਮੇਰੋ ਰੂਪ ਹੈ ਖਾਸ ਖ਼ਾਲਸੇ ਮਹਿ ਹਉ ਕਰੋ ਨਿਵਾਸ’ ਕਹਿ ਕੇ ਖ਼ਾਲਸਾ ਪੰਥ ਨੂੰ ਗੁਰਿਆਈ ਬਖਸ਼ੀ। ਸਦੀਆਂ ਤੋਂ ਦਬਾਏ ਗਏ ਲੋਕਾਂ ਨੂੰ ਆਪਣੇ ਗਲ ਲਾਇਆ। ਅਕਾਲ ਪੁਰਖ ਨੇ ਆਪਣੇ ਦਰੋਂ ਜੋ ਬਖਸ਼ਿਸ਼ਾਂ ਦਾ ਭੰਡਾਰ, ਜੋ ਦਿਬ-ਦ੍ਰਿਸ਼ਟੀ ਬਖਸ਼ ਕੇ ਗੁਰੂ ਨਾਨਕ ਸ਼ਾਹ ਫ਼ਕੀਰ ਨੂੰ ਧਰਤ ਲੁਕਾਈ ਦੀ ਸੁਧਾਈ ਹੇਤ ਭੇਜਿਆ ਸੀ, ਉਸ ਦਿਬ-ਦ੍ਰਿਸ਼ਟੀ ਨੇ ਗੁਰੂ ਨਾਨਕ ਸਾਹਿਬ ਨੂੰ, ਲਹਿਣੇ ਨੂੰ ਅੰਗਦ ਕਰ ਦੇਣ ਦਾ ਰਾਹ ਦੱਸਿਆ। ਲਹਿਣਿਓਂ ਅੰਗਦ ਹੋਏ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਮੱਲ ਅਖਾੜੇ ਸਜਾਉਣ ਦਾ ਹੁਕਮ ਦਿੱਤਾ। ਆਪਣੇ  ਗੁਰਸਿੱਖਾਂ ਨੂੰ ਬਾਣੀ ਰਾਹੀਂ ਆਤਮਿਕ ਮਜ਼ਬੂਤੀ ਦੇਣ ਦੇ ਨਾਲ-ਨਾਲ ਮੱਲ ਅਖਾੜੇ ਸਜਾ ਕੇ, ਡੰਡ ਬੈਠਕਾਂ ਮਾਰਨ, ਕੁਸ਼ਤੀਆਂ ਲੜਨ ਤੇ ਘੋਲ ਕਰਨ ਦੇ ਹੁਕਮ ਆਪਣੇ ਪੰਥ ਨੂੰ ਸਰੀਰਕ ਪੱਖੋਂ ਮਜ਼ਬੂਤ ਕਰਨ ਦੇ ਵਸੀਲੇ ਬਣਾਏ।
ਪੰਥ ਦੇ ਹੱਥ ਮੀਰੀ ਦੀ ਕਿਰਪਾਨ ਫੜਾਉਣ ਤੋਂ ਪਹਿਲਾਂ ਚਾਰ ਜਾਮਿਆਂ ਦੇ ਲੰਮੇ ਸਮੇਂ ਕਾਲ ਦੌਰਾਨ ਪੰਥ ਨੂੰ ਪੀਰੀ  ਵਿੱਚ ਪਰਪੱਕ ਕਰਨ ਦਾ ਜੋ ਪੱਖ ਹੈ ਅਤੇ ਪੰਜਵੇਂ ਜਾਮੇ ਵਿੱਚ ਸ਼ੀਤਲਤਾ, ਸ਼ਾਂਤੀ, ਸਹਿਣਸ਼ੀਲਤਾ ਦੇ ਘਰ ਵਿੱਚ ਰਹਿ ਕੇ ਸ਼ਹਾਦਤ ਦੇਣ ਦਾ ਸਿੱਖਿਆ ਰੂਪੀ ਪੱਖ ਆਮ ਦੁਨਿਆਵੀ ਲੋਕਾਂ ਦੀ ਸਮਝ ਤੋਂ ਪਰ੍ਹੇ ਹੀ ਰਹਿ ਗਿਆ ਜਾਪਦਾ ਹੈ। ਪੀਰੀ ਦੇ ਹਰਿਮੰਦਰ ਦੀ ਸਾਜਨਾ ਦਾ ਕਾਰਜ ਪੰਜਵੇਂ ਜਾਮੇ ਵਿੱਚ ਸੰਪੂਰਨ ਕਰ ਲਿਆ ਗਿਆ ਸੀ। ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਸ਼ਾਸਤਰ ਦਾ ਰੂਪ ਦੇ ਕੇ ਸ਼ਸਤਰ ਫੜਾਉਣ ਤੋਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਸਾਜਨਾ ਕਰ ਕੇ ਸ਼ਸਤਰ ਚਲਾਉਣ, ਸ਼ਸਤਰ ਦੀ ਯੋਗ ਵਰਤੋਂ ਕਰਨ ਦਾ ਸੰਵਿਧਾਨ ਤਿਆਰ ਕੀਤਾ ਗਿਆ। ਉਸ ਤੋਂ ਉਪਰੰਤ ਹੀ ਪੀਰੀ ਦੇ ਹਰਿਮੰਦਰ ਦੇ ਸਨਮੁੱਖ ਮੀਰੀ ਦੇ ਤਖ਼ਤ ਦੀ ਸਾਜਨਾ ਕੀਤੀ ਗਈ। ਮੀਰੀ ਦੇ ਇਸ ਤਖ਼ਤ ਦੇ ਫ਼ੈਸਲੇ ਪੀਰੀ ਦੇ ਹਰਿਮੰਦਰ ਨੂੰ ਪ੍ਰਤੱਖ ਸਾਹਮਣੇ ਰੱਖ ਕੇ ਉਸ ਤੋਂ ਇਲਾਹੀ ਰੋਸ਼ਨੀ/ਮਾਰਗ ਦਰਸ਼ਨ ਲੈਂਦਿਆਂ ਕੀਤੇ ਜਾਣ ਦਾ ਧੁਰਾ ਬੰਨ੍ਹਿਆ ਗਿਆ। ਪੰਥ ਨੂੰ ਹੋਰ ਵੀ ਤਕੜੇ ਪੈਰਾਂ ’ਤੇ ਖੜਾ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਉਲੀਕੀ ਮੀਰੀ ਪੀਰੀ ਦੀ ਅਮਲੀ ਰੂਪ ਵਿੱਚ ਵਰਤੋਂ ਕੀਤੀ। ਛੇਵੇਂ ਜਾਮੇ ਵਿੱਚ ਆਪਣੇ ਸਿੱਖਾਂ ਨੂੰ ਚੰਗੇ ਸ਼ਸਤਰ ਅਤੇ ਚੰਗੇ ਘੋੜੇ ਲਿਆਉਣ ਦੇ ਫ਼ਰਮਾਨ ਕਰਨ ਤੋਂ ਕਿਤੇ ਪਹਿਲਾਂ ਹੀ ਗੁਰੂ ਸਾਹਿਬ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਨਾਮ-ਬਾਣੀ ਦੇ ਸ਼ਸਤਰ ਨਾਲ ਸੋਧਣ ਦੀ ਸਿਖਲਾਈ ਚੰਗੀ ਤਰ੍ਹਾਂ ਦਿੱਤੀ ਹੋਈ ਸੀ। ਸਿੱਖੀ ਦੇ ਮੂਲ ਉਦੇਸ਼ ਸਰਬੱਤ ਦੇ ਭਲੇ ਨੂੰ ਸਿਰੇ ਚਾੜ੍ਹਨ ਹਿੱਤ ਖੇਡ ਤਾਂ ਰਚਾਉਣੀ ਹੀ ਪੈਣੀ ਸੀ। ਗੁਰੂ ਕਾਲ ਵਿੱਚ ਹੋਈਆਂ ਸ਼ਸਤਰਬੱਧ ਜੰਗਾਂ ਕਿਸੇ ਰਾਜਸੀ ਹਿੱਤ ਲਈ ਨਾ ਹੋ ਕੇ ਸਰਬੱਤ ਦੇ ਭਲੇ, ਜਗਤ ਉਧਾਰਨ ਦੇ ਮੂਲ ਉਦੇਸ਼ ਨੂੰ ਸਿਰੇ ਲਾਉਣ ਦੇ ਯਤਨ ਵਜੋਂ ਹੋਈਆਂ। ਦਸਮ ਪਾਤਸ਼ਾਹ ਨੇ ਜਦੋਂ ਸਿੱਖ ਪੰਥ ਨੂੰ ਪੱਕੇ ਪੈਰਾਂ ’ਤੇ ਖੜ੍ਹੇ ਕਰ ਕੇ ਖੰਡੇ ਦੀ ਪਾਹੁਲ ਬਖਸ਼ ਕੇ ਸ਼ਸਤਰ ਧਾਰਨ ਕਰਨ ਦੇ ਸਿਧਾਂਤ ਨੂੰ ਲਾਜ਼ਮੀ ਬਣਾਇਆ ਤਾਂ ਜਿਹੜੇ ਪੰਥ ਦੇ ਹੱਥਾਂ ਵਿੱਚ ਸ਼ਸਤਰ ਫੜਾਏ ਗਏ, ਉਹ ਸ਼ਸਤਰ ਵਿੱਦਿਆ ਤੋਂ ਪਹਿਲਾਂ ਸ਼ਾਸਤਰ ਵਿੱਦਿਆ ਰਾਹੀਂ ਜਗਤ ਤਾਰਨ ਦੀ ਕਲਾ ਸਿੱਖ ਚੁੱਕਾ ਸੀ। ਉਸ ਦੇ ਹੱਥ ਵਿੱਚ ਫੜੇ ਸ਼ਸਤਰ ਦੁਆਰਾ ਕਿਸੇ ਦਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਸ਼ਾਸਤਰ ਦੇ ਨਾਲ ਸ਼ਸਤਰ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਹੀ ‘ਜੈ ਤੇਗੰ ’ਦੀ ਆਵਾਜ਼ ਬੁਲੰਦ ਕੀਤੀ ਗਈ।
ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ ਦੇ ਸੁਪਨੇ ਨੇ ਜਦੋਂ ਪ੍ਰਤੱਖ ਰੂਪ ਧਾਰਨ ਕੀਤਾ ਤਾਂ ਜਗਤ ਉਧਾਰ ਦਾ ਸੱਚਾ ਮੂਲ ਉਦੇਸ਼ ਸਾਕਾਰ ਹੋਣ ਵੱਲ ਵਧਦਾ ਸਪਸ਼ਟ ਦਿੱਸ ਪਿਆ। ਦਸਮ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ ਉਪਰੰਤ ਹੋਏ ਸ਼ਸਤਰਬੱਧ ਸੰਘਰਸ਼ਾਂ ਵਿੱਚ ਕਦੇ ਵੀ ਖ਼ਾਲਸੇ ਨੇ ਸ਼ਾਸਤਰ ਦੇ ਸੰਦੇਸ਼ ਨੂੰ ਨਹੀਂ ਛੱਡਿਆ। ਸ਼ਾਸਤਰ ਦਾ ਸੰਦੇਸ਼ ਮੂਲ ਉਦੇਸ਼ ਰਿਹਾ ਅਤੇ ਸ਼ਸਤਰ ਸਦਾ ਉਦੇਸ਼ ਹਾਸਲ ਕਰਨ ਦਾ ਵਸੀਲਾ।  ਵਸੀਲਿਆਂ ਤੋਂ ਬਿਨਾਂ ਉਦੇਸ਼ ਹਾਸਲ ਨਹੀਂ ਕੀਤੇ ਜਾ ਸਕਦੇ। ਕਮਜ਼ੋਰ ਹੱਥਾਂ ਨੇ ਭਲਾ ਕਿਸੇ ਨੂੰ ਕੀ ਤਾਰਨਾ ਹੋਇਆ? ਇਹੀ ਮੂਲ ਸਿਧਾਂਤ ਸਿੱਖੀ ਦਾ ਅਹਿਮ ਪੱਖ ਹੈ। ਇਸੇ ਸਿਧਾਂਤ ਨੇ ਸੰਤ ਸਿਪਾਹੀ ਰੂਪੀ ਸੰਪੂਰਨ ਮਨੁੱਖ ਦੀ ਸਾਜਨਾ ਕੀਤੀ। ਇਸ ਸੰਪੂਰਨ ਖ਼ਾਲਸੇ ਨੂੰ ਦਸ ਜਾਮਿਆਂ ਤਕ, ਨਿਰਭਉ, ਨਿਰਵੈਰੁ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਗਿਆ ਸੀ ਅਤੇ ਆਪਣੇ ਨਿਰਭਉ, ਨਿਰਵੈਰੁ ਇਸ਼ਟ ਦੇ ਇਨ੍ਹਾਂ ਗੁਣਾਂ ਦੇ ਧਾਰਨੀ, ਨਿਰਭਉ ਹੋ ਚੁੱਕੇ ਖ਼ਾਲਸੇ ਨੇ ਕਦੀ ਰਣਤੱਤੇ ਵਿੱਚ ਕੰਡ ਨਹੀਂ ਵਿਖਾਈ; ਨਿਰਵੈਰੁ ਹੋਣ ਦੇ ਗੁਣ ਨੇ ਉਸ ਨੂੰ ਕਿਸੇ ਦੋਸ਼ੀ ’ਤੇ ਵੀ ਜ਼ੁਲਮ ਨਹੀਂ ਕਰਨ ਦਿੱਤਾ। ਹੰਕਾਰੇ ਹੋਏ ਨੂੰ ਮਾਰਨਾ ਨਹੀਂ, ਉਨ੍ਹਾਂ ਦੇ ਮਨੋਂ ਹੰਕਾਰ ਦੇ ਰੋਗ ਨੂੰ ਸ਼ਾਸਤਰ ਅਤੇ ਸਰੀਰਕ ਬਲ ਦੇ ਹੰਕਾਰ ਨੂੰ ਸ਼ਸਤਰ ਨਾਲ ਸੋਧ ਕੇ ਉਨ੍ਹਾਂ ਨੂੰ ਤਾਰਨਾ ਹੀ ਖ਼ਾਲਸੇ ਦਾ ਮੂਲ ਸਿਧਾਂਤ ਰਿਹਾ। ਤਾਕਤ ਦੇ ਜ਼ੋਰ ਨਾਲ ਜ਼ਾਲਮ ਹਾਕਮ ਤਾਂ ਪੈਦਾ ਹੋ ਸਕਦੇ ਹਨ ਪਰ ਸੰਪੂਰਨ ਮਨੁੱਖ ਰੂਪੀ ਸ਼ਖ਼ਸੀਅਤਾਂ ਨਹੀਂ।
1699 ਦੀ ਵੈਸਾਖੀ ਵਾਲੇ ਦਿਨ ਖ਼ਾਲਸੇ ਦੀ ਸਿਰਜਣਾ ਇੱਕ ਕੌਤਕ ਸੀ। ਖ਼ਾਲਸੇ ਦੀ ਸਿਰਜਣਾ ਦੁਆਰਾ ਸੰਤ ਸਿਪਾਹੀਆਂ ਦੀ ਜਮਾਤ ਖੜੀ ਹੋਈ ਜਿਸ ਦਾ ਧੁਰਾ ਸੀ- ਆਪਸੀ ਸਾਂਝ, ਪਿਆਰ, ਬਰਾਬਰਤਾ, ਸਤਿਕਾਰ ਅਤੇ ਫ਼ੈਸਲੇ ਕਰਨ ਸਮੇਂ ਡਰਨ-ਡਰਾਉਣ ਤੋਂ ਰਹਿਤ ਹੋਣਾ। ਵਿਸਾਖੀ ਦਾ ਦਿਨ ਸੀ ਜਦੋਂ ਗੁਰੂ ਸਾਹਿਬ ਨੇ ਇਹ ਪ੍ਰਤਿੱਗਿਆ ਦੁਹਰਾਈ ਕਿ ਨਿੱਘਰ ਚੁੱਕੀ ਮਨੁੱਖਤਾ ਨੂੰ ਹੁਣ ਸ਼ਾਹੀ ਸਿੰਘਾਸਨ ’ਤੇ ਬੈਠਾਇਆ ਜਾਵੇਗਾ। ਮੈਂ ਆਪਣੇ ਅਕਾਲ ਪੁਰਖ ਦੀ ਬਰਕਤ ਸਦਕੇ ਦਲਿਤਾਂ, ਨੀਚਾਂ ਅਤੇ ਮਿੱਟੀ ਵਿੱਚ ਰੁਲ਼ ਰਹੇ ਕੀਟਾਂ ਨੂੰ ਜ਼ਿੰਦਗੀ ਦੇ ਸਰਦਾਰ ਬਣਾਵਾਂਗਾ। ਸ਼ਿਵਾਲਕ ਦੇ ਰਮਣੀਕ ਵਾਤਾਵਰਨ ਵਿੱਚ ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ ਵੱਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ, ਸਾਂਝੇ ਲੰਗਰ ਵੀ ਉਸੇ ਤਰ੍ਹਾਂ ਚੱਲ ਰਹੇ ਸਨ। ਸੰਗਤਾਂ ਸੇਵਾ ਅਤੇ ਸਿਮਰਨ ਵਿੱਚ ਜੁੜੀਆਂ ਹੋਈਆਂ ਸਨ। ਫੇਰ 30 ਮਾਰਚ ਦੀ ਸਵੇਰ ਕੀਰਤਨ ਉਪਰੰਤ ਗੁਰੂ ਗੋਬਿੰਦ ਰਾਏ ਨੇ ਲਿਸ਼ਕਦੀ ਕਿਰਪਾਨ ਲਹਿਰਾ ਕੇ ਗਰਜਵੀਂ ਆਵਾਜ਼ ਵਿੱਚ ਅਨੋਖੀ ਮੰਗ ਕਰਦਿਆਂ ਕਿਹਾ,‘‘ਮੈਨੂੰ ਇੱਕ ਸਿਰ ਦੀ ਲੋੜ ਹੈ।’’ ਪੰਡਾਲ ਵਿੱਚ ਜੁੜੇ ਇਕੱਠ ਵਿੱਚ ਸੁਨਾਟਾ ਛਾ ਗਿਆ। ਤੀਸਰੀ ਆਵਾਜ਼ ’ਤੇ ਲਾਹੌਰ ਵਾਸੀ ਦਇਆ ਰਾਮ ਖੱਤਰੀ ਹਾਜ਼ਰ ਹੋਇਆ। ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿੱਚ ਲੈ ਗਏ। ਕੁਝ ਦੇਰ ਬਾਅਦ ਤੰਬੂ ਤੋਂ ਬਾਹਰ ਆ ਕੇ ਇੱਕ ਸਿਰ ਦੀ ਹੋਰ ਮੰਗ ਕੀਤੀ। ਤਲਵਾਰ ਦੀ ਧਾਰ ਚੋਂ ਟਪਕਦਾ ਲਹੂ ਦੇਖ ਕੇ ਪੰਡਾਲ ਵਿੱਚ ਬੈਠੇ ਸੇਵਕਾਂ ਦੁਆਰਾ ਤੰਬੂ ਅੰਦਰ ਵਾਪਰੀ ਘਟਨਾ ਦਾ ਅੰਦਾਜ਼ਾ ਲਾਉਣਾ ਸੁਭਾਵਿਕ ਸੀ। ਦੂਜੀ ਆਵਾਜ਼ ’ਤੇ ਹਸਤਨਾਪੁਰ ਦਾ ਧਰਮਦਾਸ ਜੱਟ ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿੱਚ ਗਿਆ। ਫੇਰ ਉਸੇ ਤਰ੍ਹਾਂ ਗਰਜਵੀਂ ਆਵਾਜ਼, ਲਹੂ ਭਿੱਜੀ ਤਲਵਾਰ ਤੇ ਇੱਕ ਸਿਰ ਦੀ ਹੋਰ ਮੰਗ ਹੋਈ। ਪੰਡਾਲ ਵਿੱਚ ਵਿਰਲ ਪੈਣ ਲੱਗੀ। ਤੀਸਰੀ ਵੇਰ ਝੀਵਰ ਜਾਤੀ ਨਾਲ ਸਬੰਧ ਰੱਖਣ ਵਾਲਾ ਜਗਨਨਾਥ (ਗੁਜਰਾਤ) ਦਾ ਰਹਿਣ ਵਾਲਾ ਹਿੰਮਤ ਰਾਏ ਹਾਜ਼ਰ ਹੋਇਆ। ਚੌਥੀ ਵਾਰ ਦਵਾਰਕਾ ਨਿਵਾਸੀ ਮੋਹਕਮ ਚੰਦ ਛੀਂਬਾ ਅਤੇ ਪੰਜਵੀਂ ਵਾਰੀ ਬਿਦਰ (ਆਂਧਰਾ) ਨਿਵਾਸੀ ਸਾਹਿਬ ਚੰਦ ਨੂੰ ਤੰਬੂ ਵਿੱਚ ਲੈ ਜਾਣ ਉਪਰੰਤ ਕੁਝ ਦੇਰ ਲਈ ਖ਼ਾਮੋਸ਼ੀ ਪਸਰ ਗਈ। ਫਿਰ ਪੰਜਾਂ ਨੂੰ ਹੀ ਗੁਰੂ ਗੋਬਿੰਦ ਵਰਗਾ ਪਹਿਰਾਵਾ ਪਾਈ ਗੁਰੂ ਮਹਾਰਾਜ ਦੇ ਪਿੱਛੇ-ਪਿੱਛੇ ਤੰਬੂ ਤੋਂ ਬਾਹਰ ਆਉਂਦਿਆਂ ਤਕ ਕੇ ਪੰਡਾਲ ਵਿੱਚ ਬੈਠੇ ਸਾਰੇ ਲੋਕ ਹੈਰਾਨ ਹੋ ਗਏ। ਅੰਮ੍ਰਿਤ ਸੰਚਾਰ ਹੋਇਆ, ਪੰਜਾਂ ਦੇ ਨਾਮ ਨਾਲ ‘ਸਿੰਘ’ ਸ਼ਬਦ ਜੁੜ ਗਿਆ ਅਤੇ ਅੰਤ ਵਿੱਚ ਗੁਰੂ ਮਹਾਰਾਜ ਖ਼ੁਦ ਪੰਜਾਂ ਤੋਂ ਅੰਮ੍ਰਿਤ ਪਾਨ ਕਰ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਦੁਨੀਆਂ ਨੇ ਵੇਖਿਆ ਕਿ ਮਾਮੂਲੀ ਤੋਂ ਮਾਮੂਲੀ ਚਿੜੀਆਂ ਵਰਗੇ ਲੋਕਾਂ ਨੂੰ ਤੇਗਾਂ ਫੜਾ ਕੇ ਸ਼ਹਿਨਸ਼ਾਹੀਅਤ ਨਾਲ ਟਕਰਾਇਆ ਗਿਆ। ਅਮਰ ਤੋਂ ਨਿਰਭੈ ਜਾਗੀ ਜਨਤਾ ਨੇ ਆਪਣੀ ਵਚਿੱਤਰ ਸ਼ਕਤੀ ਨਾਲ ਸਾਮਰਾਜੀ ਹਾਥੀ ਨੂੰ ਪਿਛਾਂਹ ਧਕੇਲਿਆ। ਕਲਗੀਆਂ ਵਾਲੇ ਨੇ ਖ਼ੁਦ ਸਿੱਖਾਂ ਦੇ ਸਿਰਾਂ ’ਤੇ ਕਲਗੀਆਂ ਸਜਾਈਆਂ।
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਲੋਕਾਈ ਨੂੰ ਨਿਰਭਉ ਅਤੇ ਨਿਰਵੈਰ ਕਰਨ ਦੀ ਕਿਰਿਆ ਚੱਲਦੀ ਰਹੀ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਤਾਕਤ ਦਾ ਵਿਕੇਂਦਰੀਕਰਨ ਕੀਤਾ। ਆਪਣੀ ਤਾਕਤ ਪੰਜਾਂ ਪਿਆਰਿਆਂ ਵਿੱਚ ਵੰਡ ਦਿੱਤੀ। ਖ਼ੁਦ ਸਰਵਸ਼ਕਤੀਮਾਨ ਹੁੰਦਿਆਂ ਹੋਇਆਂ ਆਪਣੇ ਸੇਵਕਾਂ ਅੱਗੇ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗ ਕੇ ਇਹ ਸਾਬਤ ਕਰ ਦਿੱਤਾ ਕਿ ਕੀ ਵੱਡਾ, ਕੀ ਛੋਟਾ ਨਿਯਮ ਸਭ ’ਤੇ ਲਾਗੂ ਹੁੰਦਾ ਹੈ। ਦੂਸਰਾ ਤਲਵਾਰ ਦੀ ਨੋਕ ’ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਉਹ ਹੀ ਅੱਗੇ ਆਏ ਜਿਨ੍ਹਾਂ ਨੇ ਤਨ ਵੀ ਤੇਰਾ ਅਤੇ ਮਨ ਵੀ ਤੇਰਾ ਸਮਝਦਿਆਂ ਆਪਣਾ ਆਪ ਗੁਰੂ ਮਹਾਰਾਜ ਨੂੰ ਅਰਪਨ ਕੀਤਾ ਸੀ। ਇਸ ਤਰ੍ਹਾਂ ਦੀ ਚੋਣ ਕਰ ਕੇ ਗੁਰੂ ਜੀ ਨੇ ਆਪਣੇ ਖ਼ਾਲਸੇ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਸੀ ਕਿ ਆਗੂਆਂ ਦੀ ਚੋਣ ਸਮੇਂ ਨਾ ਜਾਤ-ਪਾਤ ਦੀ ਬੰਦਿਸ਼ ਅਤੇ ਨਾ ਧੜੇਬਾਜ਼ੀ ਦੇ ਪ੍ਰਭਾਵ ਥੱਲੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਲੋਕ ਯੁੱਗ ਦਾ ਮੋਢੀ ਮਹਾਨ ਗੁਰੂ ਇਹ ਚਾਹੁੰਦਾ ਸੀ ਕਿ ਜ਼ਿੰਦਗੀ ਦੀ ਗੁਰਿਆਈ ਧਰਤੀ ਦੇ ਸਰਦਾਰ ਨੂੰ ਸੌਂਪੀ ਜਾਵੇ। ਇਹ ਨਾ ਹੋਵੇ ਕਿ ਲੋਕ ਸਦਾ ਅਰਸ਼ਾਂ ਤੋਂ ਉਤਰਨ ਵਾਲੇ ਨਬੀਆਂ, ਪੀਰਾਂ ਜਾਂ ਅਵਤਾਰਾਂ ਦੀ ਉਡੀਕ ਵਿੱਚ ਵਿਅਰਥ ਸਮਾਂ ਗੁਆਉਂਦੇ ਰਹਿਣ।  ਉਨ੍ਹਾਂ ਕਲਾ ਵਰਤਾ ਕੇ ਮਨੁੱਖ ਦੇ ਅੰਦਰਲੇ ਰੱਬ ਨੂੰ ਜਗਾਇਆ। ‘ਮਨ ਤੂੰ ਜੋਤਿ ਸਰੂਪ ਹੈ’ ਦਾ ਮੰਤਰ ਦ੍ਰਿੜਾਉਣ ਦਾ ਮੰਤਵ ਇਹ ਸੀ ਕਿ ਪਰਮੇਸ਼ਰ ਦਾ ਸ਼ਹਿਜਾਦਾ ਨਿਰਧਨਾਂ ਵਾਂਗ ਦਿਨ ਨਾ ਬਿਤਾਵੇ ਸਗੋਂ ਚੰਗੀ ਤਰ੍ਹਾਂ ਜਾਣੇ ਕਿ ਦੇਗ ਅਤੇ ਤੇਗ ਉਸ ਦੇ ਖੱਬੇ ਹੱਥ ਦੇ ਕਰਤੱਵ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਵਰਗਾ ਮਹਾਂਪੁਰਸ਼ ਇਸ ਦਾ ਪਹਿਲਾ ਸ਼ਿਸ਼ ਬਣਿਆ ਜਿਸ ਨੇ ਇਸ ਤੋਂ ਪਾਹੁਲ ਲਈ। ਦੁਨੀਆਂ ਦੇ ਇਤਿਹਾਸ ਵਿੱਚ ਜਾਗ੍ਰਿਤ ਜਨਤਾ ਨੂੰ ਗੁਰੂ ਮੰਨਣ ਦੀ ਸ਼ਾਇਦ ਇਹ ਪਹਿਲੀ ਘਟਨਾ ਸੀ ਜਦੋਂ ਕਿ ਅਜੇ ਰਾਜਸੀ ਸੰਸਾਰ ਵਿੱਚ ਵੀ ਲੋਕਰਾਜ ਨਾਂ ਦੀ ਕੋਈ ਚੀਜ਼ ਮੂਰਤੀਮਾਨ  ਨਹੀਂ ਸੀ ਹੋਈ। ਨਿਆਰਾ ਸਰੂਪ ਅਤੇ ਸਿਧਾਂਤ ਹਾਸਲ ਕਰ ਖ਼ਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ 14 ਜੰਗਾਂ ਜ਼ਬਰ, ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਲੋਹਗੜ੍ਹ ਦੇ ਮੁਕਾਮ ’ਤੇ ਖ਼ਾਲਸਾਈ ਕਦਰਾਂ-ਕੀਮਤਾਂ ਲਾਗੂ ਕੀਤੀਆਂ। ਅਠਾਰ੍ਹਵੀਂ ਸਦੀ ਦੇ ਸੰਘਰਸ਼ਾਂ/ਘੱਲੂਘਾਰਿਆਂ ਨੇ ਖ਼ਾਲਸਾ ਪੰਥ ਨੂੰ ਸਿਧਾਂਤਕ ਵਿਕਾਸ ਦਾ ਬੇਪਨਾਹ ਮੌਕਾ ਦਿੱਤਾ। ਅਠਾਰ੍ਹਵੀਂ ਸਦੀ ਦੇ ਸੰਘਰਸ਼ਾਂ ਅਤੇ ਘੱਲੂਘਾਰਿਆਂ ਮਗਰੋਂ ਕੁੰਦਨ ਹੋ ਕੇ ਨਿੱਤਰਿਆ ਖ਼ਾਲਸਾ ਪੰਥ ਜ਼ਾਹਰਾ ਰੂਪ ਵਿੱਚ ‘ਰਾਜ ਕਰਨ’ ਦੇ ਯੋਗ ਹੋ ਗਿਆ ਸੀ। ਵੈਸਾਖੀ, ਜੋ ਕਦੇ ਮੇਲਾ ਸੀ ਇੱਕ ਪੁਰਬ ਬਣਿਆ ਅਤੇ 1699 ਦੀ ਵੈਸਾਖੀ ਤੋਂ ਬਾਅਦ ਵੈਸਾਖੀ ਰਾਜਸੀ ਫ਼ੈਸਲੇ ਕਰਨ ਯੋਗ ਹੋ ਗਈ।
ਮਨੁੱਖ ਦੀ ਅੰਦਰਲੀ ਜੋਤਿ ਨੂੰ ਜਗਾ ਕੇ ਅੰਧਕਾਰੀ ਸੰਸਾਰ ਨੂੰ ਜਗਮਗਾ ਦੇਣਾ ਇੱਕ ਮਹਾਨ ਕਰਾਮਾਤ ਸੀ। ਇਹ ਸਭ ਵਿਸਾਖੀ ਦਾ ਕ੍ਰਿਸ਼ਮਾ ਸੀ। ਸ੍ਰੀ ਆਨੰਦਪੁਰ ਸਾਹਿਬ ਦੀ ਵਿਸਾਖੀ ਦੀ ਇਹ ਵੀ ਇੱਕ ਅਲੌਕਿਕ ਘਟਨਾ ਸੀ ਕਿ ਸੱਚੇ ਪ੍ਰੇਮ ਮਾਰਗ ਵਿੱਚ ਸਿਰ ਦੇਣਾ ਇੱਕ ਮਾਮੂਲੀ ਗੱਲ ਹੈ। ਜਾਤ-ਪਾਤ ਦੇ ਹੱਦ-ਬੰਨੇ ਭੰਨ ਕੇ ਮਨੁੱਖੀ ਸਮਾਨਤਾ ਵਿੱਚ ਵਿਸ਼ਵਾਸ ਦ੍ਰਿੜ੍ਹਾਉਣਾ ਇੱਕ ਹੋਰ ਕਰਾਮਾਤ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖੰਡਾ ਅਤੇ ਮਾਤਾ ਸਾਹਿਬ ਵੱਲੋਂ ਪਾਏ ਪਤਾਸੇ ਇਸ ਗੱਲ ਦਾ ਸੰਕੇਤ ਸਨ ਕਿ ਜ਼ਿੰਦਗੀ ਜਿਉਣ ਲਈ ਤੇਜ਼ ਤੇ ਮਧੁਰਤਾ ਦੋਹਾਂ ਦੀ ਲੋੜ ਹੈ। ਪੁਰਾਣੀ ਧਾਰਮਿਕ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਇੱਕ ਹੋਰ ਕਦਮ ਉਠਾਇਆ ਗਿਆ ਕਿ ਜਾਗ੍ਰਿਤ ਜਨਤਾ (ਪੰਥ) ਗੁਰੂ ਹੈ, ਹੋਰ ਕੋਈ ਗੁਰੂ ਨਹੀਂ। ਇਸ ਮਰਿਯਾਦਾ ਨੂੰ ਚਲਾਉਣ ਜਾਂ ਅੱਗੇ ਵਧਾਉਣ ਲਈ ਕਿਸੇ ਗ਼ੈਬੀ ਅਵਤਾਰ ਦੀ ਲੋੜ ਨਹੀਂ ਸਗੋਂ ਅੰਮ੍ਰਿਤ-ਬਾਣੀ ਦੇ ਸਦਕੇ ਜਾਗ੍ਰਿਤ ਪੰਜ ਪੁਰਸ਼ ਕਿਤੇ ਵੀ ਇਹ ਪ੍ਰਵਾਹ ਚਲਾ ਸਕਦੇ ਹਨ।

No comments: