jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਬਾਲੀਵੁੱਡ ਸਿਤਾਰਿਆਂ ਦੇ ਮੁਕਾਬਲੇ ਪੰਜਾਬੀ ਗਾਇਕ ਰਾਜਨੀਤੀ ਦੇ ਅਖਾੜੇ ਵਿੱਚ ਨਾਕਾਮ ਕਿਉਂ ?

www.sabblok.blogspot.com

kala_3.jpgਮਨਜਿੰਦਰ ਸਿੰਘ ਕਾਲਾ ਸਰੌਦ
ਮੇਰਾ ਅੱਜ ਦਾ ਵਿਸ਼ਾ ਆਮ ਵਿਸ਼ਿਆਂ ਨਾਲੋਂ ਕੁਝ ਹਟਵਾਂ ਤੇ ਵਿਚਾਰਨ ਯੋਗ ਹੈ। ਮੇਰੇ ਅੱਜ ਦੇ ਵਿਸ਼ੇ ਦਾ ਸਬੰਧ ਫ਼ਿਲਮੀ ਕਲਾਕਾਰਾਂ ਤੇ ਸਾਡੇ ਗਾਇਕਾਂ ਦਾ ਰਾਜਨੀਤੀ ਦੇ ਅਖਾੜੇ ਦੇ ਸਿਆਸੀ ਮਾਹਿਰਾਂ ਦੇ ਹੁੰਦੇ ਟਾਕਰੇ ਦੇ ਨਾਲ ਹੈ। ਸਾਡੀਆਂ ਸਿਆਸੀ ਪਾਰਟੀਆਂ ਵੱਲੋਂ ਜਦੋਂ ਕਿਸੇ ਦੂਜੀ ਪਾਰਟੀ ਦੇ ਵੱਡੇ ਆਗੂ ਨੂੰ ਪਟਕਣੀ ਲੁਆਉਣੀ ਹੋਵੇ ਤਾਂ ਗਲੈਮਰ ਦੀ ਦੁਨੀਆ ਦੇ ਵਿੱਚੋਂ ਕਿਸੇ ਫ਼ਿਲਮੀ ਸਿਤਾਰੇ ਨੂੰ ਉਸ ਵੱਡੇ ਆਗੂ ਦੇ ਮੁਕਾਬਲੇ 'ਤੇ ਲਿਆ ਕੇ ਚੋਣ ਲੜਾਉਂਦੀਆਂ ਹਨ। ਭਾਵੇਂ ਕਿ ਗੱਲ ਕਰੀਏ ਪੰਜਾਬ ਤੋਂ ਬਾਹਰ ਦੀ ਤਾਂ ਉੱਥੇ ਵੀ ਜਿੰਨੇ ਵੀ ਫ਼ਿਲਮੀ ਸਿਤਾਰੇ ਸਾਡੇ ਸਿਆਸੀ ਆਗੂਆਂ ਦੇ ਮੁਕਾਬਲੇ 'ਤੇ ਚੋਣ ਅਖਾੜੇ ਵਿੱਚ ਉੱਤਰੇ, ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਛੱਡ ਕੇ ਬਾਕੀ ਸਾਰੇ ਹੀ ਸਿਆਸੀ ਆਗੂਆਂ ਧੂੜ ਚਟਾਉਣ ਵਿੱਚ ਸਫ਼ਲ ਹੋਏ ਹਨ। ਉਹ ਭਾਵੇਂ ਮੁੰਬਈ ਤੋਂ ਫ਼ਿਲਮ ਸਟਾਰ ਗੋਬਿੰਦਾ ਹੋਵੇ ਜਾਂ ਰਾਜਸਥਾਨ ਤੋਂ ਪੰਜਾਬੀ ਪੁੱਤਰ ਧਰਮਿੰਦਰ, ਉੱਤਰ ਪ੍ਰਦੇਸ਼ ਤੋਂ ਫ਼ਿਲਮੀ ਹੀਰੋਇਨ ਜੈਪ੍ਰਦਾ ਹੋਵੇ ਜਾਂ ਸ਼ਤਰੂਘਨ ਸਿਨਹਾ ਤੇ ਪੰਜਾਬ ਤੋਂ ਵਿਨੋਦ ਖੰਨਾ ਹੋਵੇ (ਇਸ ਬਾਰ ਤੋਂ ਬਿਨਾਂ)। ਹੋਰ ਤਾਂ ਹੋਰ ਸਾਡੀ ਰਾਜਨੀਤੀ ਦੀਆਂ ਉੱਚੀਆਂ ਪੌੜੀਆਂ 'ਤੇ ਬਿਰਾਜਮਾਨ ਕਈਆਂ ਵੱਡੀਆਂ ਹਸਤੀਆਂ ਇਸ ਗਲੈਮਰ ਭਰੀ ਜ਼ਿੰਦਗੀ ਦਾ ਹੀ ਹਿੱਸਾ ਸਨ ਜੋ ਬਾਅਦ ਵਿੱਚ ਦਿੱਗਜ ਆਗੂ ਬਣੇ ਤੇ ਰਾਜਨੀਤੀ ਵਿੱਚ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ। ਹਾਂ, ਇਹ ਗੱਲ ਅਲੱਗ ਹੈ ਕਿ ਗਲੈਮਰ ਭਰੀ ਦੁਨੀਆਂ ਦੇ ਕੁਝ ਪੰਛੀ ਸ਼ਾਇਦ ਇਸ ਰਸਤੇ ਨੂੰ ਪਹਿਲਾਂ ਤਾਂ ਹੀਰਿਆਂ ਦਾ ਤਾਜ ਸਮਝ ਬੈਠੇ ਅਤੇ ਇਸ ਰਸਤੇ 'ਤੇ ਤੁਰੇ ਪਰ ਕੁਝ ਹੀ ਸਮੇਂ ਵਿੱਚ
ਤੌਬਾ ਕਰ ਬੈਠੇ। ਖ਼ੈਰ ਕੁਝ ਵੀ ਹੋਵੇ ਉਨ੍ਹਾਂ ਦੀ ਚੜ੍ਹਤ ਰਾਜਨੀਤੀ ਦੇ ਵਿੱਚ ਬਰਕਰਾਰ ਹੈ। ਹੁਣ ਗੱਲ ਕਰੀਏ ਆਪਣੀ ਧਰਤੀ ਪੰਜਾਬ ਦੀ, ਇੱਥੇ ਵੀ ਕੁਝ ਦਿਨਾਂ ਨੂੰ ਰਾਜਨੀਤੀ ਦੇ ਅਖਾੜੇ ਵਿੱਚ ਵੱਡੇ-ਵੱਡੇ ਮਹਾਰਥੀਆਂ ਦੇ ਭੇੜ ਦੇਖਣ ਨੂੰ ਮਿਲਣਗੇ। ਗੱਲ ਕਰ ਰਹੇ ਸੀ ਫ਼ਿਲਮੀ ਸਿਤਾਰਿਆਂ ਦੇ ਮੁਕਾਬਲੇ ਪੰਜਾਬੀ ਗਾਇਕਾਂ ਦੇ ਰਾਜਨੀਤੀ ਵਿੱਚ ਫੇਲ੍ਹ ਹੋਣ ਦੀ। ਉਧਰ ਦੇ ਮੁਕਾਬਲੇ ਜੇਕਰ ਸਾਡੇ ਪੰਜਾਬ ਗਾਇਕਾਂ ਨੇ ਜਿੰਨੀ ਵਾਰ ਵੀ ਪੰਜਾਬ ਦੇ ਅੰਦਰ ਸਿਆਸੀ ਆਗੂਆਂ ਦੇ ਬਰਾਬਰ ਆਪਣੀ ਚੜ੍ਹਤ ਪਰਖਣ ਦੀ ਕੋਸ਼ਿਸ਼ ਕੀਤੀ ਤਾਂ ਤਕਰੀਬਨ ਜੋ ਹਸ਼ਰ ਉਨ੍ਹਾਂ ਦਾ ਹੋਇਆ, ਉਹ ਸ਼ਾਇਦ ਬਿਆਨ ਕਰਨ ਦੀ ਲੋੜ ਨਹੀਂ। ਉਹ ਭਾਵੇਂ ਬਠਿੰਡਾ ਤੋਂ ਮਰਹੂਮ ਗਾਇਕ ਕੁਲਦੀਪ ਮਾਣਕ ਹੀ ਕਿਉਂ ਨਾ ਹੋਵੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਕੁਲਦੀਪ ਮਾਣਕ ਨੂੰ ਲੋਕਾਂ ਨੇ ਰਾਜਨੀਤੀ ਵਿੱਚ ਪਸੰਦ ਨਾ ਕੀਤਾ। ਉਸ ਤੋਂ ਬਾਅਦ ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਵੀ ਭਾਵੇਂ ਲੋਕ ਅਖਾੜਿਆਂ ਜਾਂ ਕੈਸਟਾਂ ਵਿੱਚ ਆਪਣਾ ਰੱਬ ਮੰਨਦੇ ਹੋਣ ਪਰ ਸਿਆਸੀ ਸਫ਼ਰ ਦੀ ਪਟੜੀ 'ਤੇ ਲੋਕਾਂ ਨੇ ਉਸ ਰਾਜ ਗਾਇਕ ਦੀ ਗੱਡੀ ਵੀ ਚੜ੍ਹਣ ਨਾ ਦਿੱਤੀ। ਅੱਜ ਤੋਂ ਕਈ ਵਰ੍ਹੇ ਪਹਿਲਾਂ ਇੱਕ ਪਾਰਟੀ ਵੱਲੋਂ ਪੰਜਾਬੀ ਗਾਇਕਾਂ ਦੇ ਰੂਹੇ-ਰਵਾਂ ਅਤੇ ਸੱਭਿਆਚਾਰ ਦੇ ਬਾਬਾ ਬੋਹੜ ਕਹਾਉਂਦੇ ਸ੍ਰ. ਜਗਦੇਵ ਸਿੰਘ ਜੱਸੋਵਾਲ ਨੂੰ ਇੱਕ ਵੱਡੇ ਆਗੂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਪਰ ਪੰਜਾਬ ਦੇ ਲੋਕਾਂ ਨੇ ਸ੍ਰ. ਜੱਸੋਵਾਲ ਨੂੰ ਵੀ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹਣ ਦਿੱਤਾ। ਹੁਣ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਗਾਇਕ ਤੇ ਹੀਰੋ ਵੱਲੋਂ ਮਾਨਸਾ ਤੋਂ ਚੋਣ ਮੈਦਾਨ ਵਿੱਚ ਆਉਣ ਦੀ ਚਰਚਾ ਸੁਣਾਈ ਦਿੱਤੀ ਪਰ ਸ਼ਾਇਦ ਪਤਾ ਨਹੀਂ ਕੀ ਕਾਰਨ ਬਣੇ, ਉਸ ਵੱਲੋਂ ਵੀ ਆਪਣਾ ਪੱਲਾ ਖਿਸਕਾ ਲੈਣਾ ਹੀ ਠੀਕ ਸਮਝਿਆ। ਹਾਂ ਇੱਕ ਕਮੇਡੀਅਨ ਵੀਰ ਵੱਲੋਂ ਪੰਜਾਬ ਦੇ ਅੰਦਰ ਨਿਜਾਮ ਬਦਲਣ ਦੀ ਦੁਹਾਈ ਦੇ ਕੇ ਪੰਜਾਬ ਦੇ ਕਿਸੇ ਹਲਕੇ ਤੋਂ ਰਾਜਨੀਤੀ ਦੇ ਅਖਾੜੇ ਵਿੱਚ ਕੁੱਦਣ ਦੀ ਤਿਆਰੀ ਕੀਤੀ ਹੋਈ ਹੈ ਪਰ ਅਫ਼ਸੋਸ ਕਿ ਉਹਨਾਂ ਵੀਰਾਂ ਵੱਲੋਂ ਰਸਤਾ ਹੀ ਧਰਮ ਤੋਂ ਦੂਰੀ ਬਣਾ ਕੇ ਚੱਲਣ ਦਾ  ਲਿਆ ਹੈ। ਖ਼ੈਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਕਲਾਕਾਰ ਵੀਰ ਸਿਆਸਤ ਦੀ ਪੌੜੀ 'ਤੇ ਕਿੰਨਾ ਕੁ ਟਿਕਦਾ ਹੈ। ਹੋਵੇ ਭਾਵੇਂ ਕੁਝ ਵੀ ਪਰ ਸਾਡੇ ਇਨ੍ਹਾਂ ਪੰਜਾਬੀ ਗਾਇਕਾਂ ਦੇ ਮੁਕਾਬਲੇ ਬਾਲੀਵੁੱਡ ਦੇ ਸਿਤਾਰੇ ਸਿਆਸਤ ਦੇ ਅਖਾੜੇ ਵਿੱਚ ਕਿਸਮਤ ਦੇ ਧਨੀ ਜ਼ਰੂਰ ਹਨ। ਹੁਣ ਸਵਾਲ ਇਹ ਹੈ ਕਿ ਹਜ਼ਾਰਾਂ, ਲੱਖਾਂ ਲੋਕਾਂ ਦੀ ਭੀੜ ਜੁਟਾਉਣ ਵਾਲੇ ਇਹ ਕਲਾਕਾਰ ਸਿਆਸੀ ਲੋਕਾਂ ਅੱਗੇ ਅਤੇ ਬਾਲੀਵੁੱਡ ਦੇ ਸਿਤਾਰਿਆਂ ਅੱਗੇ ਕਮਜ਼ੋਰ ਕਿਉਂ ਹਨ ? ਕਾਰਨ ਕਈ ਹਨ, ਜਾਂ ਤਾਂ ਜਨਤਾ ਇਨ੍ਹਾਂ ਕਲਾਕਾਰਾਂ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਹੀ ਮੰਨਦੀ ਹੈ, ਜੋ ਇਨ੍ਹਾਂ ਦੇ ਗੀਤ ਸੁਣਨ ਲਈ ਇਕੱਠੀ ਤਾਂ ਹੋ ਜਾਂਦੀ ਹੈ ਪਰ ਦੇਸ਼ ਦਾ ਭਵਿੱਖ ਇਨ੍ਹਾਂ ਤੋਂ ਦੂਰ ਹੀ ਰੱਖਣਾ ਚਾਹੁੰਦੀ ਹੈ। ਉਸ ਤੋਂ ਵੱਧ ਕੁਝ ਨਹੀਂ ਅਤੇ ਇਹਨਾਂ ਦੀ ਫੋਕੀ ਚਮਕ-ਦਮਕ ਨੂੰ ਸਿਰਫ਼ ਇੱਕ ਵਿਖਾਵਾ ਹੀ ਮੰਨਿਆ ਜਾਂਦਾ ਹੈ ਫਿਰ ਉਸ ਦੇ ਮੁਕਾਬਲੇ ਬਾਲੀਵੁੱਡ ਦੇ ਸਿਤਾਰੇ ਕਾਮਯਾਬ ਕਿਉਂ ? ਇਹ ਵੀ ਤਾਂ ਇਸ ਲਾਈਨ ਦੇ ਹੀ ਇੱਕ ਅੰਗ ਨੇ ਜਾਂ ਤਾਂ ਉਨ੍ਹਾਂ ਲੋਕਾਂ ਕੋਲ ਸੂਝ-ਬੂਝ ਤੇ ਲਿਆਕਤ ਹੀ ਐਨੀ ਹੈ ਕਿ ਉਹ ਜਨਤਾ ਨੂੰ ਭਰਮਾਉਣ ਦਾ ਮਾਦਾ ਰੱਖਦੇ ਹਨ। ਕੁਝ ਵੀ ਹੋਵੇ ਪੰਜਾਬੀ ਗਾਇਕਾਂ ਨੇ ਹਾਲੇ ਤੱਕ ਸਿਆਸਤ ਵਿੱਚ ਬਾਲੀਵੁੱਡ ਦੇ ਨਾਲ ਨਾਲ ਸਿਆਸੀ ਆਗੂਆਂ ਤੋਂ ਮਾਰ ਹੀ ਖਾਧੀ ਹੈ। ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਗਾਇਕ ਗੁਰਦੀਪ ਧਾਲੀਵਾਲ ਦਾ ਇਹ ਕਹਿਣਾ ਸੀ ਕਿ ਬਾਈ ਜੀ ਕੁਦਰਤ ਅਤੇ ਜਨਤਾ ਸਾਨੂੰ ਜਿਹੜੇ ਰੂਪ ਵਿੱਚ ਦੇਖਣਾ ਪਸੰਦ ਕਰਦੀ ਹੈ। ਰੱਬ ਕਰੇ ਅਸੀਂ ਉਸ ਰੂਪ ਦੇ ਰਾਹੀ ਬਣੀਏ ਨਹੀਂ ਤਾਂ ਹਸ਼ਰ ਸਭ ਦੇ ਸਾਹਮਣੇ ਹੈ। ਬਿਲਕੁੱਲ ਠੀਕ ਹੈ।
ਮਨਜਿੰਦਰ ਸਿੰਘ ਕਾਲਾ ਸਰੌਦ

No comments: