jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਬਿਕਰਮ ਮਜੀਠੀਆ ਦੀ ਪ੍ਰਸ਼ਾਸਨ ਨੂੰ ਚਿਤਾਵਨੀ


 ਅੰਮ੍ਰਿਤਸਰ.24 ਅਪ੍ਰੈਲ.( ਪੀ ਟੀ ਆਈ ) – ਪਾਕਿਸਤਾਨ ਨਾਲ ਕਾਰੋਬਾਰ ਕਰਨ ਵਾਲੇ ਵਪਾਰੀਆਂ ਵਲੋਂ ਉਪ ਮੁੱਖ ਮੰਤਰੀਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਿਥੇ ਦਿੱਲੀ ਤੇ ਪੰਜਾਬ ਦੇ ਵਪਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਆਪਣੇ ਅੰਦਾਜ਼ ਵਿਚ ਡੀ. ਆਈ. ਜੀ. ਬਾਰਡਰ ਰੇਂਜ ਪੀ. ਐੱਸ. ਉਮਰਾਨੰਗਲ, ਡਿਪਟੀ ਕਮਿਸ਼ਨਰ ਰਜਤ ਅਗਰਵਾਲ ਤੇ ਐੱਸ. ਐੱਸ. ਪੀ. ਦਿਹਾਤੀ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਆਈ. ਸੀ. ਪੀ. ‘ਤੇ ਕੰਮ ਕਰਨ ਵਾਲੇ ਵਪਾਰੀਆਂ ਨੂੰ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਈ ਤਾਂ ਇਸ ਲਈ ਉਕਤ ਪ੍ਰਬੰਧਕੀ ਤੇ ਪੁਲਸ ਅਧਿਕਾਰੀ ਜ਼ਿੰਮੇਵਾਰ ਹੋਣਗੇ। ਜਾਣਕਾਰੀ ਅਨੁਸਾਰ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਪਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਚਲਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ, ਜਿਨ੍ਹਾਂ ਵਿਚ ਵਪਾਰੀਆਂ ਨੇ ਮਜੀਠੀਆ ਨੂੰ ਦੱਸਿਆ ਕਿ ਅਟਾਰੀ ਬਾਰਡਰ ‘ਤੇ ਕੰਮ ਕਰਨ ਵਾਲੀ ਇਕ ਟਰੱਕ ਯੂਨੀਅਨ ਵਲੋਂ ਸ਼ਰੇਆਮ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਪਾਰੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਥਾਨਕ ਟਰੱਕ ਯੂਨੀਅਨ ਦੇ ਮੈਂਬਰ ਬਾਹਰੀ ਰਾਜਾਂ ਤੋਂ ਆਉਣ ਵਾਲੇ ਟਰੱਕਾਂ ਨੂੰ ਅੰਮ੍ਰਿਤਸਰ ਤੇ ਅਟਾਰੀ ਵਿਚ ਆਪਣੇ ਸਾਮਾਨ ਦੀ ਅਨਲੋਡਿੰਗ ਕਰਨ ਲਈ ਜ਼ਬਰਦਸਤੀ ਕਰਦੇ ਹਨ ਤੇ ਇਹ ਦਾਅਵਾ ਕਰਦੇ ਹਨ ਕਿ ਜੋ ਵਪਾਰੀ ਅਟਾਰੀ ਟਰੱਕ ਯੂਨੀਅਨ ਦੇ ਟਰੱਕਾਂ ਵਿਚ ਮਾਲ ਲੱਦੇਗਾ, ਉਨ੍ਹਾਂ ਦਾ ਟਰੱਕ ਪਹਿਲਾਂ ਆਈ. ਸੀ. ਪੀ. ਦੇ ਅੰਦਰ ਜਾਵੇਗਾ। ਇਸਦੀ ਇਵਜ਼ ਵਿਚ ਟਰੱਕ ਯੂਨੀਅਨ ਵਲੋਂ ਆਮ ਕਿਰਾਏ ਬਦਲੇ ਤਿੰਨ ਗੁਣਾ ਜ਼ਿਆਦਾ ਕਿਰਾਇਆ ਲਿਆ ਜਾਂਦਾ ਹੈ। ਇੰਨਾ ਹੀ ਨਹੀਂ ਜੋ ਵਪਾਰੀ ਅਟਾਰੀ ਯੂਨੀਅਨ ਦੇ ਟਰੱਕਾਂ ਵਿਚ ਸਾਮਾਨ ਲੋਡ ਨਹੀਂ ਕਰਦੇ, ਦੇ ਟਰੱਕਾਂ ਦੀ ਭੰਨਤੋੜ ਕੀਤੀ ਜਾਂਦੀ ਹੈ ਤੇ ਡਰਾਈਵਰਾਂ ਨਾਲ ਵੀ ਮਾਰਕੁੱਟ ਕੀਤੀ ਜਾਂਦੀ ਹੈ। ਡਰਾਈਵਰਾਂ ਦੀ ਮਾਰਕੁੱਟ ਦੇ ਕਈ ਮਾਮਲੇ ਪ੍ਰਸ਼ਾਸਨ ਦੇ ਸਾਹਮਣੇ ਵੀ ਆ ਚੁੱਕੇ ਹਨ। ਗੱਲ ਇਥੇ ਹੀ ਖਤਮ ਨਹੀਂ ਹੋ ਜਾਂਦੀ। ਹਾਲਾਤ ਇਹ ਹਨ ਕਿ ਉਕਤ ਟਰੱਕ ਯੂਨੀਅਨ ਵਲੋਂ ਅਟਾਰੀ ਬਾਰਡਰ ਦੇ ਰਸਤੇ ਵਿਚ ਹੀ ਨਾਕਾ ਵੀ ਲਾਇਆ ਗਿਆ ਹੈ ਜਦੋਂਕਿ ਅਟਾਰੀ ਵਰਗੇ ਨਾਜ਼ੁਕ ਸਰਹੱਦੀ ਇਲਾਕੇ ਵਿਚ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਨਾਕਾਬੰਦੀ ਨਹੀਂ ਕਰ ਸਕਦਾ, ਸਿਰਫ ਪੁਲਸ ਜਾਂ ਫਿਰ ਫੌਜ ਹੀ ਬਾਰਡਰ ‘ਤੇ ਨਾਕਾਬੰਦੀ ਕਰ ਸਕਦੀ ਹੈ ਪਰ ਯੂਨੀਅਨ ਦੇ ਮੈਂਬਰ ਸ਼ਰੇਆਮ ਅਟਾਰੀ ਬਾਰਡਰ ਦੇ ਰਸਤੇ ਵਿਚ ਨਾਕਾਬੰਦੀ ਕਰਕੇ ਬੈਠੇ ਹਨ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਟਾਰੀ ਯੂਨੀਅਨ ਦੇ ਟਰੱਕਾਂ ਵਿਚ ਜੋ ਵਪਾਰੀ ਆਪਣਾ ਸਾਮਾਨ ਲੋਡ ਕਰ ਦਿੰਦੇ ਹਨ, ਉਨ੍ਹਾਂ ਦੇ ਟਰੱਕ ਪਹਿਲਾਂ ਆਈ. ਸੀ. ਪੀ. ਵਿਚ ਦਾਖਲ ਹੋ ਜਾਂਦੇ ਹਨ ਜਦੋਂ ਕਿ ਦੂਜੇ ਟਰੱਕਾਂ ਨੂੰ ਕਈ-ਕਈ ਦਿਨਾਂ ਤਕ ਲਾਈਨ ਵਿਚ ਹੀ ਖੜ੍ਹੇ ਰਹਿਣਾ ਪੈਂਦਾ ਹੈ। ਕਈ ਵਾਰ ਤਾਂ ਅਜਿਹੇ ਹਾਲਾਤ ਬਣੇ ਹਨ ਕਿ ਜਦੋਂ ਪਾਕਿਸਤਾਨ ਜਾਣ ਵਾਲੇ ਟਰੱਕਾਂ ਨੂੰ ਇਕ ਜਾਂ ਦੋ ਹਫ਼ਤੇ ਲਾਈਨ ਵਿਚ ਖੜ੍ਹੇ ਹੋਣ ਦੇ ਬਾਅਦ ਉਨ੍ਹਾਂ ਦੀਆਂ ਪੈਰੀਸ਼ੇਬਲ ਗੁਡਜ਼ ਹੀ ਖ਼ਰਾਬ ਹੋ ਜਾਂਦੀਆਂ ਹਨ ਤੇ ਵਪਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪੈਂਦਾ ਹੈ। ਵਪਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹਾਲਾਤ ਵਿਚ ਪਾਕਿਸਤਾਨ ਨਾਲ ਵਪਾਰ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਹੁਣ ਤਾਂ ਕਈ ਵਪਾਰੀ ਜਿਥੇ ਅਟਾਰੀ ਬਾਰਡਰ ਦੀ ਬਜਾਏ ਕਿਸੇ ਦੂਜੇ ਬਾਰਡਰ ਦੇ ਰਸਤੇ ਵਪਾਰ ਕਰਨ ਦੀ ਸੋਚ ਰਹੇ ਹਨ, ਉਥੇ ਹੀ ਮਜੀਠੀਆ ਨੇ ਪੁਲਸ ਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਵਿਅਕਤੀ ਵਪਾਰੀਆਂ ਨੂੰ ਪ੍ਰੇਸ਼ਾਨ ਕਰਦਾ ਹੈ, ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਮਜੀਠੀਆ ਨੇ ਅਟਾਰੀ ਟਰੱਕ ਯੂਨੀਅਨ ਦੇ ਮੈਂਬਰਾਂ ਨੂੰ ਵੀ ਕਿਹਾ ਹੈ ਕਿ ਉਹ ਕੰਮ ਕਰਨ ਪਰ ਇਸਦੀ ਇਵਜ਼ ਵਿਚ ਆਮ ਕਿਰਾਇਆ ਲੈਣ, ਨਾ ਕਿ ਦੋ ਗੁਣਾ ਜਾਂ ਫਿਰ ਤਿੰਨ ਗੁਣਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ ਨਾਲ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਹਮਣੇ ਆਪਣੀ ਸਮੱਸਿਆ ਰੱਖੀ ਸੀ।
ਕਿਵੇਂ ਸੱਚ ਹੋਵੇਗਾ ਸੁਖਬੀਰ ਬਾਦਲ ਦਾ ਸੁਪਨਾ? 
ਉਂਝ ਤਾਂ ਪਾਕਿਸਤਾਨ ਨਾਲ ਅਟਾਰੀ ਬਾਰਡਰ ਰਸਤੇ ਕਾਰੋਬਾਰ ਕਈ ਸਾਲਾਂ ਤੋਂ ਜਾਰੀ ਹੈ ਪਰ ਸੱਤਾ ਵਿਚ ਆਉਣ ਦੇ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪ ਪਾਕਿਸਤਾਨ ਨਾਲ ਕਾਰੋਬਾਰ ਵਿਚ ਨਾ ਸਿਰਫ ਦਿਲਚਸਪੀ ਵਿਖਾਈ, ਸਗੋਂ ਇਸਨੂੰ ਅਮਲੀ-ਜਾਮਾ ਵੀ ਪਹਿਨਾਇਆ ਤੇ ਇਸ ਕੰਮ ਨੂੰ ਪੂਰਾ ਕਰਨ ਲਈ ਉਹ ਪਾਕਿਸਤਾਨ ਵੀ ਗਏ। ਪਾਕਿਸਤਾਨ ਜਾਣ ਵਾਲੇ ਵਫਦ ਵਿਚ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਸਮੇਤ ਹੋਰ ਮੰਤਰੀਆਂ ਦੇ ਇਲਾਵਾ ਡੀ. ਸੀ. ਰਜਤ ਅਗਰਵਾਲ ਨੂੰ ਵੀ ਸ਼ਾਮਲ ਕੀਤਾ ਗਿਆ। ਇੰਨਾ ਹੀ ਨਹੀਂ ਅੰਮ੍ਰਿਤਸਰ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਹਿਲ ਦੇ ਬਾਅਦ ਪਹਿਲੀ ਵਾਰ ਗੁਜਰਾਤ ਚੈਂਬਰ ਆਫ ਕਾਮਰਸ, ਝੰਗ ਚੈਂਬਰ ਆਫ ਕਾਮਰਸ ਤੇ ਪਾਕਿਸਤਾਨ ਦੇ ਛੇ ਵੱਡੇ ਵਪਾਰਕ ਚੈਂਬਰਾਂ ਨੇ ਭਾਰਤੀ ਵਪਾਰੀਆਂ ਨਾਲ ਐੱਮ. ਓ. ਯੂ. ਸਾਈਨ ਕੀਤਾ ਪਰ ਜਿਸ ਤਰ੍ਹਾਂ ਅਟਾਰੀ ਟਰੱਕ ਯੂਨੀਅਨ ਵਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਟਰੱਕ ਚਾਲਕਾਂ ਨਾਲ ਮਨਮਾਨੀ ਕੀਤੀ ਜਾ ਰਹੀ ਹੈ, ਉਸ ਨਾਲ ਭਾਰਤ-ਪਾਕਿ ਕੰਮਕਾਜ ਵਿਚ ਰੁਕਾਵਟ ਪੈਦਾ ਹੋ ਰਹੀ ਹੈ।
ਡੀ. ਸੀ. ਨੇ ਭੰਗ ਕੀਤੀ ਸੀ ਅਟਾਰੀ ਟਰੱਕ ਯੂਨੀਅਨ
ਅੰਤਰਰਾਸ਼ਟਰੀ ਅਟਾਰੀ ਬਾਰਡਰ ‘ਤੇ ਪਾਕਿਸਤਾਨ ਜਾਣ ਵਾਲੇ ਟਰੱਕਾਂ ਨੂੰ ਸਥਾਨਕ ਟਰੱਕ ਯੂਨੀਅਨ ਵਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਮਾਮਲਾ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ, ਸਗੋਂ ਇਸ ਤੋਂ ਪਹਿਲਾਂ ਵੀ ਇਹ ਮਾਮਲਾ ਪ੍ਰਸ਼ਾਸਨ ਸਾਹਮਣੇ ਆ ਚੁੱਕਾ ਹੈ, ਜਿਸ ਵਿਚ ਅਟਾਰੀ ਟਰੱਕ ਯੂਨੀਅਨ ਵਲੋਂ ਪਰਚੀ ਲਾਏ ਜਾਣ ਤੇ ਬਾਹਰੀ ਰਾਜਾਂ ਦੇ ਟਰੱਕ ਚਾਲਕਾਂ ਦੀ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਇਥੋਂ ਤਕ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਸਾਹਮਣੇ ਵੀ ਵਪਾਰੀਆਂ ਨੇ ਇਹ ਮਾਮਲਾ ਰੱਖਿਆ ਸੀ, ਜਿਸਦੇ ਬਾਅਦ ਡੀ. ਸੀ. ਰਜਤ ਅਗਰਵਾਲ ਨੇ ਅਟਾਰੀ ਟਰੱਕ ਯੂਨੀਅਨ ਨੂੰ ਭੰਗ ਕਰ ਦਿੱਤਾ ਸੀ ਕਿਉਂਕਿ ਅਟਾਰੀ ਬਾਰਡਰ ਇਕ ਅੰਤਰਰਾਸ਼ਟਰੀ ਬਾਰਡਰ ਹੈ, ਇਸ ਲਈ ਇਥੇ ਪਰਚੀ ਲਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਇਹ ਵੀ ਸਥਾਨਕ ਟਰੱਕ ਯੂਨੀਅਨ ਨੂੰ ਸਪੱਸ਼ਟ ਕੀਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਫਿਰ ਪੁਰਾਣੇ ਹਾਲਾਤ ਬਣ ਗਏ। ਇਹ ਵੀ ਸਪੱਸ਼ਟ ਹੈ ਕਿ ਪ੍ਰਸ਼ਾਸਨ ਤੇ ਪੁਲਸ ਵਲੋਂ ਤਾਂ ਇਸ ਸਮੱਸਿਆ ਦਾ ਹੱਲ ਕਰਨ ਦੀ ਸਖ਼ਤ ਕੋਸ਼ਿਸ਼ ਕੀਤੀ ਗਈ ਪਰ ਸਿਆਸੀ ਦਬਾਅ ਵਿਚ ਅਧਿਕਾਰੀਆਂ ਦੇ ਹੱਥ ਬੰਨ੍ਹ ਦਿੱਤੇ ਜਾ ਰਹੇ ਸਨ।
ਡੀ. ਸੀ. ਨੇ ਬਣਾਈ 13 ਮੈਂਬਰੀ ਕਮੇਟੀ
ਭਾਰਤ-ਪਾਕਿ ਕੰਮਕਾਜ ਵਿਚ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਲਈ ਡੀ. ਸੀ. ਰਜਤ ਅਗਰਵਾਲ ਨੇ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਪ੍ਰਬੰਧਕੀ ਤੇ ਪੁਲਸ ਅਧਿਕਾਰੀਆਂ ਦੇ ਇਲਾਵਾ ਦਿੱਲੀ ਤੇ ਪੰਜਾਬ ਦੇ ਵਪਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਇਕ-ਦੂਜੇ ਨਾਲ ਤਾਲਮੇਲ ਰੱਖੇਗੀ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਉਣ ‘ਤੇ ਐਕਸ਼ਨ ਲਵੇਗੀ।
ਕੌਣ ਸ਼ਹਿ ਦੇ ਰਿਹੈ ਅਟਾਰੀ ਟਰੱਕ ਯੂਨੀਅਨ ਨੂੰ? 
ਇਕ ਅੰਤਰਰਾਸ਼ਟਰੀ ਬਾਰਡਰ, ਜਿਸ ਵਿਚ 15 ਤੋਂ 20 ਮੈਂਬਰਾਂ ਵਾਲੀ ਇਕ ਟਰੱਕ ਯੂਨੀਅਨ, ਜਿਸਨੂੰ ਪ੍ਰਸ਼ਾਸਨ ਵਲੋਂ ਭੰਗ ਵੀ ਕੀਤਾ ਜਾ ਚੁੱਕਾ ਹੈ ਪਰ ਇਹ ਟਰੱਕ ਯੂਨੀਅਨ ਵਾਰ-ਵਾਰ ਪਰਚੀ ਲਾਉਂਦੀ ਹੈ, ਬਾਹਰੀ ਰਾਜਾਂ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਅਣਪਛਾਤੇ ਲੋਕਾਂ ਵਲੋਂ ਵਾਰ-ਵਾਰ ਮਾਰਕੁੱਟ ਕੀਤੀ ਜਾਂਦੀ ਹੈ ਤੇ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਟਾਰੀ ਬਾਰਡਰ ਦੇ ਰਸਤੇ ਵਿਚ ਨਾਕਾ ਵੀ ਲਾਇਆ ਜਾਂਦਾ ਹੈ, ਤੋਂ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਆਖ਼ਿਰਕਾਰ ਅਜਿਹੀ ਕਿਹੜੀ ਤਾਕਤ ਹੈ ਜੋ ਇਸ 15-20 ਲੋਕਾਂ ਦੇ ਗਰੁੱਪ ਪਿੱਛੇ ਕੰਮ ਕਰ ਰਹੀ ਹੈ। ਇਕ ਸਰਕਾਰੀ ਵਿਭਾਗ, ਜਿਸ ਵਿਚ ਪੁਲਸ ਜਾਂ ਫਿਰ ਫੌਜ ਹੀ ਬਾਰਡਰ ਵੱਲ ਜਾਣ ਵਾਲੇ ਰਸਤੇ ‘ਤੇ ਨਾਕਾ ਲਾ ਸਕਦੀ ਹੈ, ‘ਤੇ ਪ੍ਰਾਈਵੇਟ ਲੋਕ ਹੀ ਨਾਕਾ ਲਾ ਕੇ ਬੈਠੇ ਹਨ ਅਤੇ ਬਾਹਰੀ ਰਾਜਾਂ ਦੇ ਟਰੱਕਾਂ ਨੂੰ ਘੇਰ ਰਹੇ ਹਨ। ਇਸ ਮਾਮਲੇ ਵਿਚ ਹਮੇਸ਼ਾ ਚਰਚਾ ਰਹੀ ਹੈ ਕਿ ਅਟਾਰੀ ਹਲਕੇ ਦੇ ਇਕ ਸੀਨੀਅਰ ਆਗੂ ਦੀ ਹੀ ਸ਼ਹਿ ‘ਤੇ ਇਹ ਸਾਰਾ ਕੰਮ ਹੁੰਦਾ ਹੈ।
ਡੀ. ਸੀ. ਨੇ ਆਈ. ਸੀ. ਪੀ. ‘ਚ ਰੱਖੀ ਬੈਠਕ
ਡੀ. ਸੀ. ਰਜਤ ਅਗਰਵਾਲ ਨੇ ਆਈ. ਸੀ. ਪੀ. ‘ਤੇ ਕੰਮ ਕਰਨ ਵਾਲੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਈ. ਸੀ. ਪੀ. ਉੱਤੇ ਵੀਰਵਾਰ ਨੂੰ ਇਕ ਬੈਠਕ ਰੱਖੀ ਹੈ, ਜਿਸ ਵਿਚ ਉਕਤ ਸਮੱਸਿਆਵਾਂ ਦਾ ਨਿਬੇੜਾ ਕੀਤਾ ਜਾਵੇਗਾ। ਇਸ ਵਿਚ ਕਸਟਮ ਵਿਭਾਗ ਤੇ ਲੈਂਡ ਪੋਰਟ ਅਥਾਰਟੀ ਅਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਇਸ ਵਿਭਾਗ ਦੀ ਮਦਦ ਨਾਲ ਵਪਾਰੀਆਂ ਨੂੰ ਆ ਰਹੀ ਸਮੱਸਿਆ ਦਾ ਜੜ੍ਹੋਂ ਖਾਤਮਾ ਕੀਤਾ ਜਾ ਸਕਦਾ ਹੈ।

No comments: