jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਗੋਆ ਦੀ ਚਿੰਤਨ ਬੈਠਕ ਕੁਝ ਸਵਾਲ ਕੁਝ ਸੁਝਾਅ

www.sabblok.blogspot.com

ਗੁਰਮੀਤ ਪਲਾਹੀ
ਲੇਖਕ
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਦੋਵਂੇ ਭਾਈਵਾਲ ਪਿਛਲੇ 6 ਸਾਲਾਂ ਦੇ ਸਮੇਂ ਦੌਰਾਨ ਪਹਿਲੀ ਵਾਰ ਆਪਣੀ ਸਰਕਾਰ ਦੀ ਪ੍ਰਾਪਤੀ ਅਤੇ ਅੱਗੋਂ ਉਲੀਕੇ ਜਾਣ ਵਾਲੇ ਪ੍ਰੋਗਰਾਮ ਲਈ ਚਿੰਤਨ ਬੈਠਕ 7 ਅਪ੍ਰੈਲ ਤੋਂ ਗੋਆ ਵਿਚ ਕਰ ਰਹੇ ਹਨ, ਚਿੰਤਨ ਬੈਠਕ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਹੋ ਰਹੇ ਪੰਜਾਬ ਦੀ ਸਥਿਤੀ ਦਾ ਮੰਥਨ ਹੋਵੇਗਾ, ਜਿਹੜਾ ਸਮਾਂ ਦਰ ਸਮਾਂ ਸਾਹ ਸਤ ਹੀਨ ਹੁੰਦਾ ਜਾ ਰਿਹਾ ਹੈ, ਬਾਵਜੂਦ ਯਤਨਾਂ ਦੇ ਜਿਹੜਾ ਦਿਨੋ ਦਿਨ ਉਪਰਾਮ ਤੇ ਬੀਮਾਰ ਹੁੰਦਾ ਜਾ ਰਿਹਾ ਹੈ, ਉਹ ਇਹੋ ਜਿਹੇ ਚਿੰਤਨਾਂ ਦੀ ਲੰਮੇ ਸਮੇਂ ਤੋਂ ਲੋੜ ਮਹਿਸੂਸ ਕਰ ਰਿਹਾ ਸੀ, ਜਿਸ ਵਿੱਚ ਪੰਜਾਬ ਦੇ ਅਹਿਮ ਮਸਲਿਆਂ ਨੂੰ ਵਿਚਾਰਨ ਲਈ ਸਿਰ ਜੋੜਕੇ ਸਾਰੀਆਂ ਪਾਰਟੀਆਂ , ਸਾਰੇ ਧੜੇ, ਸਾਰੇ ਪੰਜਾਬੀ ਚਿੰਤਕ, ਸੂਝਵਾਨ , ਧਾਰਮਿਕ ਹਸਤੀਆਂ ਇਕੱਠੀਆਂ ਹੋਣ ਅਤੇ ਬਿਨਾਂ ਕਿਸੇ ਰਾਜਸੀ ਸ਼ੌਕਣ ਬਾਜੀ ਦੇ ਮਰ ਰਹੇ ਪੰਜਾਬ ਨੂੰ ਆਕਸੀਜਨ ਦੇਣ।
ਪੰਜਾਬ ਆਰਥਿਕ ਪੱਖੋਂ ਕਮਜ਼ੋਰ ਤੇ ਕਰਜ਼ਾਈ ਹੋ ਰਿਹਾ ਹੈ। ਇਸ ਦਾ ਕਾਰਨ ਸਿਰਫ ਸਰਕਾਰੀ ਅਫਸਰ ਹੀ ਨਾ ਲੱਭਣ ਅਤੇ ਇਸ ਦਾ ਹੱਲ ਵੀ ਏ.ਸੀ.ਕਮਰਿਆਂ ਜਾ ਸੈਲਾਨੀ ਥਾਵਾਂ ਉਤੇ ਜਾਕੇ ਨਾ ਲੱਭਿਆ ਜਾਵੇ, ਇਸਦੇ ਕਾਰਨ ਤੇ ਹੱਲ ਲੋਕ ਰਾਏ ਨਾਲ ਕੀਤੇ ਜਾਣ।
ਪੰਜਾਬ ਸਿਹਤ ਪੱਖੋਂ ਕਮਜ਼ੋਰ ਹੋ ਰਿਹਾ ਹੈ। ਕੈਂਸਰ ਵਰਗੀਆਂ ਬੀਮਾਰੀਆਂ, ਨਸ਼ੇ ਵਰਗਾ ਕੋਹੜ ਇਸਦੀ ਜਾਨ ਸੂਤ ਰਿਹਾ ਹੈ, ਨੌਜਵਾਨਾਂ ਦੀ ਸਿਹਤ ਨਸ਼ਟ ਹੋ ਰਹੀ ਹੈ, ਬਹਾਦਰ ਕੌਮ ਨਿਤਾਣੀ ਨਿਮਾਣੀ ਬਣ ਰਹੀ ਹੈ, ਅਬਾਦੀ ਵੱਧ ਰਹੀ ਹੈ, ਕੁਪੋਸ਼ਨ ਵਾਲੇ ਬੱਚੇ ਪੈਦਾ ਹੋ ਰਹੇ ਹਨ। ਪੰਜਾਬ ਜਿਹੜਾ ਸਿਹਤ ਪੱਖੋਂ ਦੁਨੀਆਂ ਭਰ ਵਿਚੋਂ ਆਪਣਾ ਨਾਮ ਰੱਖਦਾ ਸੀ, ਅੱਜ ਖੋਖਲਾ , ਆਤੁਰ, ਕਮਜ਼ੋਰ, ਨਿਮਾਣਾ, ਨਿਤਾਣਾ ਹੋ ਰਿਹਾ ਹੈ।
ਸਿੱਖਿਆ ਦੇ ਪੱਖੋਂ ਪਹਿਲੇ ਪੰਜਾਂ ਸੂਬਿਆਂ ‘ਚ ਰਹਿਣ ਵਾਲਾ ਪੰਜਾਬ, ਬਾਵਜੂਦ ਵੱਡੀਆਂ ਖੁੱਲੀਆਂ ਯੂਨੀਵਰਸਿਟੀਆਂ , ਦੇ ਬੇਅੰਤ  ਖੁੱਲੇ ਨਵੇਂ ਕਾਲਜਾਂ ਦੇ ਪਿਛੇ ਦੀ ਪਿੱਛੇ ਹੁੰਦਾ ਜਾ ਰਿਹਾ ਹੈ। ਉਹ ਪੰਜਾਬ ਜਿਹਦੇ ਨੌਜਵਾਨ ਮੁੰਡੇ-ਕੁੜੀਆਂ ਬਾਹਰਲੇ ਸੂਬਿਆਂ ‘ਚ ਸਿੱਖਿਆ ਪ੍ਰਾਪਤ ਕਰਕੇ ਵੀ ਉਪਰਲੇ ਸਥਾਨਾਂ ‘ਤੇ ਰਹਿ ਰਹੇ ਸਨ, ਅੱਜ ਬਾਵਜੂਦ ਵੱਡੀਆਂ ਸੰਸਥਾਵਾਂ ਪੰਜਾਬ ਵਿੱਚ ਹੀ ਉਪਲੱਬਧ ਹੋਣ ਦੇ ਮਹਿੰਗੀ ਪੜਾਈ ਨਹੀਂ  ਕਰ ਸਕਦੇ। ਪੰਜਾਬ ਦੀ ਆਪਣੀ ਸਿੱਖਿਆ ਨੀਤੀ ਨਾ ਹੋਣ ਕਾਰਨ ਕਦੇ ਕਿਧਰ ਅਤੇ ਕਦੇ ਕਿਧਰ ਦਾ ਰਸਤਾ ਲੈਣ ਲਈ ਪੰਜਾਬ ਮਜ਼ਬਰ ਹੋ ਰਿਹਾ ਹੈ। ਕਦੇ ਮਜ਼ਬੂਰੀ ਬੱਸ 1650 ਪ੍ਰਾਈਵੇਟ ਐਸੋਸੀਏਟ ਸਕੂਲਾਂ ਨੂੰ ਬੰਦ ਕਰਕੇ 2 ਲੱਖ ਬੱਚਿਆਂ ਦਾ ਭਵਿੱਖ  ਸੜਕਾਂ ਤੇ ਸੁੱਟ ਰਿਹਾ ਹੈ ਅਤੇ ਕਦੇ 700 ਐਲੀਮੈਂਟਰੀ ਸਕੂਲਾਂ ਨੂੰ ਬੰਦ ਕਰਕੇ ਪੇਂਡੂ ਲੋਕਾਂ ਦੇ ਬੱਚਿਆਂ ਤੋ ਧੱਕੇ ਨਾਲ ਪੜਾਈ ਖੋਹ ਕ । ਕੀ ਪੰਜਾਬ ਇੱਕ ਠੋਸ ਸਿਖਿਆ ਨੀਤੀ ਲਾਗੂ ਕਰਕੇ ਸਾਰੇ ਬੱਚਿਆਂ ਨੂੰ ਮੁਢਲੀ ਸਿਖਿਆ ਦੇ ਕੇ, ਉਨਾਂ ਦੀ ਰੁਚੀ ਅਨੁਸਾਰ ਪ੍ਰੋਫੈਸ਼ਨ ਅਤੇ ਅਕਾਦਮਿਕ ਸਿੱਖਿਆ ਵੱਲ ਭੇਜਕੇ ਬਾਕੀਆਂ ਨੂੰ ਸਿਖਿਅਤ ਲੇਬਰ ਲਈ ਵੋਕੇਸ਼ਨਲ ਸਿਖਿਆ ਦੇ ਕਿੱਤਾ ਮੁਖੀ ਕੋਰਸਾਂ ਦਾ ਪ੍ਰਬੰਧ ਨਹੀਂ ਕਰ ਸਕਦਾ ਤਾਂ ਕਿ ਨੌਜਵਾਨ ਜਿਸ ਢੰਗ ਨਾਲ ਹੁਣ ਪੰਜਾਬ ਤੋਂ ਆਰੁਚਿਤ ਹੋਕੇ ਵਿਦੇਸ਼ਾਂ ਵੱਲ ਭਜ ਰਹੇ ਹਨ, ਜਾਂ ਨਸ਼ਿਆ ਵੱਲ ਜਾ ਰਹੇ ਹਨ, ਉਹ ਰੁਕ ਸਕਣ। ਕੀ ਪੰਜਾਬ ਦੇ ਸਿਆਣੇ ਬੁਧੀਮਾਨ, ਤਜ਼ਰਬੇਕਾਰ ਨੇਤਾ ਇਤਨੇ ਬੇਬਸ ਹੋ ਗਏ ਹਨ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਦਿਲ ਦੀ ਗੱਲ ਵੀ ਜਾਣ ਨਹੀਂ ਸਕੇ ਅਤੇ ਉਨਾਂ ਦੀ ਰੋਟੀ, ਰੋਜ਼ੀ ਦਾ ਪ੍ਰਬੰਧ ਨਾ ਕਰਕੇ ਉਨਾਂ ਨੂੰ ਗਲਤ ਰਸਤਿਆਂ ਤੇ ਚੱਲਣ ਲਈ ਮਜ਼ਬੂਰ ਕਰ ਰਹੇ ਹਨ।
ਪੰਜਾਬ ਸਦਾ ਹੀ ਚਿੰਤਕਾਂ ਦੀ ਭੁਮੀ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਸਦੇ ਚਿੰਤਕ ਸਦਾ ਹੀ ਸਮੇਂ ਦੇ ਹਾਣ ਦੇ ਬਣਕੇ ਲੋਕ ਦੇ ਦਿਲ ਦਾ ਦਰਦ ਜਾਣਕ,ੇ ਉਨਾਂ ਦੇ ਅੰਗ ਸੰਗ ਖੜਕੇ , ਉਨਾਂ ਦੇ ਮਸਲਿਆਂ ਦਾ ਹੱਲ ਕਰਦੇ ਰਹੇ ਹਨ। ਪਰ ਅੱਜ ਕਿਉਂ ਖੋਰਾ ਲੱਗ ਰਿਹਾ ਹੈ ਪੰਜਾਬ ਨੂੰ? ਅੱਜ ਕਿਉਂ ਸਿਆਣੇ ਨੇਤਾਵਾਂ ਦੇ ਰੱਥਾਂ ‘ਚ ਵੀ ਪੰਜਾਬ ਸੁੰਗੜਦਾ ਜਾ ਰਿਹਾ ਹੈ। ਕੀ ਸਿਰਫ ਇਸ ਕਰਕੇ ਕਿ ਕੋਈ ਉੱਚ ਹਾਕਮਾਂ ਨੂੰ ਸਮੇਂ ਦਾ ਸੱਚ ਕਹਿਣ ਦੀ ਦਲੇਰੀ ਨਹੀਂ ਕਰ ਰਿਹਾ ? ਪੰਜਾਬ ਦੇ ਨੇਤਾਵਾਂ ਦਾ ਇਕੱਠੇ ਹੋ ਕੇ ਚਿੰਤਨ ਕਰਨਾ , ਮੰਥਨ ਕਰਨਾ ਅਤੇ ਕੁਝ ਸਾਰਥਿਕ ਸਿੱਟੇ ਕਢਣਾ , ਪੰਜਾਬ ਦੇ ਲੋਕਾਂ ਦੇ ਔਝੜੇ ਜੀਵਨ ਤੇ ਤੰਗ ਤੁਰਸ਼ੀਆਂ ਦੇ ਹੱਲ ਲਈ ਚੰਗੇਰਾ ਯਤਨ ਸਾਬਤ ਹੋ ਸਕਦਾ ਹੈ।
ਸ਼ਹਿਰਾਂ ਪਿੰਡਾਂ ‘ਚ ਵਸਦਾ ਪੰਜਾਬ ਅਤੇ ਇਸਦੇ ਵਾਸੀ ਇਸ ਸਰਕਾਰ ਤੋਂ ਇਹੋ ਜਿਹੀਆਂ ਆਸਾਂ ਲਾਈ ਬੈਠੇ ਹਨ, ਜਿਨਾਂ ਆਸਾਂ ਨੂੰ ਪੂਰਿਆਂ ਕਰਨਾਂ ਇਸ ਸਰਕਾਰ ਅਤੇ ਇਸਦੇ ਮੁੱਖੀ ਦਾ ਫਰਜ਼ ਵੀ ਹੈ, ਪੰਜਾਬ ਕੁਰੱਪਸ਼ਨ ਨਾਲ ਗੁੰਨਿਆ ਪਿਆ ਹੈ। ਪੰਜਾਬ ਘੱਟ ਕੰਮ ਕਰਨ ਵਾਲੇ ਲੋਕਾਂ ‘ਚ ਗਿਣਿਆ ਜਾਣ ਲੱਗਾ ਹੈ। ਇਸ ਤੋਂ ਕੀ ਪੰਜਾਬ ਦੇ ਵਿਕਾਸ ਦੀਆਂ ਕਹਾਣੀਆਂ ਬੀਤੇ ਸਮੇਂ ਦੀ ਗੱਲ ਹੀ ਨਾ ਬਣਕੇ ਰਹਿ ਜਾਣ , ਇਸ ਲਈ ਇਸ ਚਿੰਤਨ ਬੈਠਕ ‘ਚ ਸਰਕਾਰ ‘ਚ ਬੈਠੇ ਉੱਚ ਨੇਤਾਵਾਂ ਨੂੰ ਹੇਠ ਲਿਖਤ ਮਸਲਿਆਂ ਬਾਰੇ ਗੰਭੀਰਤਾਂ ਨਾਲ ਵਿਚਾਰ ਕਰਨਾ ਹੋਵੇਗਾ-
1. ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੁਆਰਾ ਪੰਜਾਬ ਦੇ ਪਿੰਡਾਂ ਲਈ ਵਿਕਾਸ ਦੇ ਕੀਤੇ ਸਾਰੇ ਕੰਮਾਂ ਦੀ ਮੋਨੀਟਰਿੰਗ ਕਰ ਲਈ ਇੱਕ ਸਟੇਟ ਪੱਧਰ ਦੀ ਮੋਨੀਟਰਿੰਗ ਕਮੇਟੀ ਬਣਾਈ ਜਾਵੇ, ਜੋ ਸਿਹਤ, ਸਿਖਿਆ, ਰੁਜ਼ਗਾਰ ਅਤੇ ਵਾਤਾਰਣ ਸੁਧਾਰ ਪ੍ਰਤੀ ਕੀਤੇ ਗਏ ਕੰਮਾਂ ਦੀ ਵਿਧੀ ਬੱਧ ਨਿਰੀਖਣ ਕਰੇ, ਤਾਂ ਕਿ ਪਤਾ ਲਗਾਇਆਂ ਜਾ ਸਕੇ ਕਿ ਜਮੀਨੀ ਪੱਧਰ ਤੇ ਕਿਹੋ ਜਿਹੇ ਕੰਮ ਹੋ ਸਕੇ ਹਨ। ਇਸ ਕਮੇਟੀ ਵਿੱਚ ਜਿਥੇ ਰਾਜਨੀਤਕ ਨੇਤਾ ਹੋਣ , ਉਥੇ ਸਿਹਤ, ਸਿੱਖਿਆ, ਰੁਜ਼ਗਾਰ, ਵਾਤਾਵਰਨ ਸੁਧਾਰ ਨਾਲ ਜੁੜੇ ਮਾਹਿਰ, ਸਮਾਜ ਸੇਵਕ ਵੀ ਸ਼ਾਮਲ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਯੋਗ ਯੋਜਨਾ ਬੰਦੀ ਕਰਕੇ ਉਨਾਂ ਘਾਟਾਂ ਨੂੰ ਪੂਰਿਆਂ ਕੀਤਾ ਜਾਵੇ ਅਤੇ ਹਰ ਬਲਾਕ ਪੱਧਰ ਉਤੇ ਹਰ ਪਿੰਡ ਦੀ ਪਲਾਨਿੰਗ ਦਾ ਖਾਕਾ ਤਿਆਰ ਕਰਕੇ ਹੀ ਉਸ ਪਿੰਡ ਨੂੰ ਲੋੜੀਂਦੀਆਂ ਗ੍ਰਾਂਟਾਂ ਦਿੱਤੀਆਂ ਜਾਣ ਕਿਉਂਕਿ ਲੋੜ ਤੋਂ ਬਿਨਾਂ ਦਿੱਤੀਆਂ ਗ੍ਰਾਂਟਾਂ ਪਿੰਡਾ ਦਾ ਵਿਕਾਸ ਨਹੀਂ ਵਿਨਾਸ਼ ਕਰ ਦੇਣਗੀਆਂ।
2. ਰੁਜ਼ਗਾਰ ਦੇ ਖੇਤਰ ਵਿੱਚ ਜਿਥੇ ਨੌਜਵਾਨ ਯੁਵਕਾਂ ਲਈ ਕਿੱਤਾ ਸਿਖਲਾਈ ਦੇ ਸੈਂਟਰ ਖੋਲ ਕੇ ਉਸ ਖਿੱਤੇ ਦੀਆਂ ਸਿੱਖਿਅਤ ਕਾਮਿਆਂ ਦੀਆਂ ਲੋੜਾਂ ਪੂਰੀਆਂ ਕੀਤੀਆ ਜਾਣ, ਉਥੇ ਪੇਂਡੂ ਔਰਤਾਂ ਲਈ ਵੀ ਖੇਤੀ ਨਾਲ ਸਬੰਧਤ ਕੰਮ ਕਾਜ਼ ਦੀ ਲੋੜ ਹੈ, ਕਿਉਂਕਿ ਸ਼ਹਿਰਾਂ ਵਾਂਗਰ ਪਿੰਡਾਂ ‘ਚ ਵੀ ਪੜੀਆਂ ਲਿਖੀਆਂ-ਔਰਤਾਂ ਦੀ ਗਿਣਤੀ ਵੱਧ ਰਹੀ ਹੈ, ਇਸ ਕਰਕੇ ਉਨਾਂ ਨੂੰ ਲਾਹੇਬੰਦ ਕਿੱਤਿਆਂ ‘ਚ ਸਿਖਲਾਈ ਦੇ ਕੇ ਰੁਜ਼ਗਾਰ ਕਰਨ ਦੀ ਲੋੜ ਹੈ। ਇਸ ਸਮੇਂ ਪੰਜਾਬ ਵਿੱਚ ਵੱਖੋਂ ਵਖਰੇ ਮਹਿਕਮਿਆਂ ਵਲੋਂ ਟਰੇਨਿੰਗ ਦੇਣ ਦੇ ਪ੍ਰਬੰਧ ਕੀਤੇ ਗਏ ਹਨ, ਜਿਹੜੇ ਅਸਲ ਅਰਥਾਂ ‘ਚ ਯੋਗ ਸਿੱਟੇ ਨਹੀਂ ਕੱਢ ਰਹੇ, ਜੇਕਰ ਪੰਜਾਬ ਪੱਧਰ ਦੀ ‘‘ਕਿੱਤਾ ਸਿਖਲਾਈ ਕੌਂਸਲ’’ ਬਣਾਈ ਜਾਵੇ ਤੇ ਸਿਖਲਾਈ ਲਈ ਵੱਖੋ ਵੱਖਰੇ ਮਹਿਕਮਿਆਂ ਦਾ ਸਹਿਯੋਗ ਲਿਆ ਜਾਵੇ ਤਾਂ ਸਾਰਥਕ ਸਿੱਟੇ ਨਿਕਲ ਸਕਦੇ ਹਨ। ਬਾਕੀ ਮਹਿਕਮਿਆਂ ਨਾਲੋਂ ਪੰਜਾਬ ਵਿੱਚ ਸਹਿਕਾਰੀ ਮਹਿਕਮੇਂ ਵਲੋਂ ਚਲਾਈਆਂ ਜਾ ਰਹੀਆਂ ਪੇਂਡੂ ਸਹਿਕਾਰੀ ਸਭਾਵਾਂ ਦਾ ਆਮ ਲੋਕਾਂ ਨਾਲ ਸਿੱਧਾ ਵਾਸਤਾ ਹੈ। ਜੇਕਰ ਇਸ ਮਹਿਕਮੇ ਰਾਂਹੀ ਵੱਖੋਂ ਵੱਖਰੇ ਕਿੱਤਿਆਂ ਦੀ ਟਰੇਨਿੰਗ ਪ੍ਰਬੰਧ ਹੋ ਸਕੇ ਤਾਂ ਲੋਕਾਂ ਦੀ ਪ੍ਰਬੰਧ ਵਿੱਚ ਸਿੱਧੀ ਸ਼ਮੂਲੀਅਤ ਵੀ ਹੋ ਸਕੇਗੀ ਅਤੇ ਕਿੱਤਾ ਸਿੱਖੇ ਲੋਕਾਂ ਨੂੰ ਸਥਾਨਿਕ ਪੱਧਰ ਤੇ ਖੇਤੀ ਨਾਲ ਸਬੰਧਤ ਰੁਜ਼ਗਾਰ ਵੀ ਮਿਲ ਸਕੇਗਾ।
3. ਪੰਜਾਬ ਵਿੱਚ ਐਗਰੋ ਇਡੰਸਟਰੀ ਦੀ ਵੱਡੀ ਘਾਟ ਹੈ। ਜਿਥੇ ਖੰਡ ਮਿਲਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਉਥੇ ਗੁੜ, ਸ਼ੱਕਰ ਬਨਾਉਣ ਲਈ ਆਮ ਕਿਸਾਨਾਂ ਨੂੰ ਵੀ ਪ੍ਰੇਰਨ ਲਈ ਯਤਨ ਕਰਨ ਦੀ ਲੋੜ ਹੈ। ਇਸ ਤਰਾਂ ਮੱਕੀ ਤੋਂ ਸਟਾਰਚ ਬਨਾਉਣ, ਟਮਾਟਰਾਂ ਤੋਂ ਹੋਰ ਫੂਡ ਪ੍ਰਾਡਕਟ ਬਨਾਉਣ ਲਈ ਖੇਤੀ ਅਧਾਰਤ ਫੈਕਟਰੀਆਂ ਲਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਵੱਡੇ ਕਾਰਪੋਰੇਟ ਜਗਤ-ਪ੍ਰਵਾਸੀ ਵੀਰਾਂ ਨੂੰ ਇਸ ਲਈ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
4. ਪਿੰਡਾ ਵਿੱਚ ਸਿਹਤ ਸਹੂਲਤਾਂ  ਦੀ ਬਾਵਜੂਦ ਵੱਡੇ ਸਰਕਾਰੀ ਯਤਨਾਂ ਦੇ ਹਾਲੀ ਵੀ ਘਾਟ ਹੈ, ਪਿੰਡਾਂ ‘ਚ ਡਿਸਪੈਂਸਰੀਆਂ ਵੀ ਹਨ, ਪਰ ਸਪੈਸ਼ਲਿਸਟ ਡਾਕਟਰੀ ਅਮਲੇ ਦੀ ਘਾਟ ਹੈ, ਸਿੱਟਾ ਪੇਂਡੂਆਂ ਨੂੰ ਪ੍ਰਾਈਵੇਟ ਇਲਾਜ ਵੱਲ ਜਾਣਾ ਪੈ ਰਿਹਾ ਹੈ। ਰਾਤ ਵੇਲੇ ਪਿੰਡਾਂ ‘ਚ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ ਤੇ ਪ੍ਰਸੂਤਾ ਔਰਤਾਂ ਨੂੰ । ਇਸ ਸਬੰਧੀ ਸਿਹਤ ਵਿਭਾਗ ਰਾਂਹੀਂ ਰਾਤ ਵੇਲੇ ਮੋਬਾਈਲ ਹਸਪਤਾਲ , ਜਿਸ ਵਿਚ ਪ੍ਰਸੂਤਾ ਔਰਤਾਂ ਨੂੰ ਲਈ ਡਲਿਵਰੀ ਦਾ ਪ੍ਰਬੰਧ ਹੋਵੇ ਚਾਲੂ ਕੀਤੇ ਜਾਣ । ਇਹ ਸਹੂਲਤ ਹਰ 20 ਪਿੰਡਾਂ ਲਈ ਇੱਕ ਹਸਪਤਾਲ ਦਿੱਤੇ ਜਾਣ ਦੀ ਲੋੜ ਹੈ।
5. ਪੰਜਾਬ ਵਿੱਚ ਪਾਣੀ ਦਾ ਹੇਠਲਾ ਸਤਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ, ਜੋ ਇੱਕ ਘਾਤਕ ਸੰਕੇਤ ਹੈ, ਬਦਲਵੇਂ ਖੇਤੀ ਚੱਕਰ ਨਾਲ ਕਣਕ, ਝੋਨੇ ਵਾਂਗਰ ਹੋਰ ਫਸਲਾਂ ਲਈ ਵੀ ਸਹਾਇਕ ਕੀਮਤ ਤੇ ਬੀਮਾ ਯੋਜਨਾ ਆਰੰਭੀ ਜਾਵੇ।
6.ਦੂਸ਼ਿਤ ਹੁੰਦੇ ਜਾ ਰਹੇ ਪਾਣੀ, ਹਵਾ ਪ੍ਰਦੂਸ਼ਣ ਜਿਸ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ, ਨੂੰ ਰੋਕਣ ਲਈ ਸਿਹਤ , ਵਾਤਾਵਰਣ ਐਮਰਜੈਂਸੀ ਲਗਾਈ ਜਾਵੇ ਅਤੇ ਇਸ ਸਬੰਧੀ ਵਿਸ਼ੇਸ਼ ਕੇਂਦਰੀ ਗ੍ਰਾਂਟਾਂ ਪ੍ਰਾਪਤ ਕੀਤੀਆਂ ਜਾਣ।
7. ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਪੂਰਾ ਯੋਗ ਸਥਾਨ ਦੇਕੇ ਇਸਦੀ ਪ੍ਰਫੁਲਤਾ ਲਈ ਸਫਲ ਨਤੀਜਾ ਵੱਧ ਉਪਰਾਲੇ ਕਰਨ ਦੀ ਲੋੜ ਹੈ। ਤਾਂ ਕਿ ਪੰਜਾਬੀ ਇਕਮੁੱਠਤਾ ਨਾਲ ਭਾਈਚਾਰਕ , ਸਭਿਆਚਾਰਕ ਸਾਂਝ  ਪਾਕੇ ਰਹਿ ਸਕਣ।
8. ਸ਼ਹਿਰੀਕਰਨ ਦਾ ਵਾਧਾ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਅਤੇ ਵਧੇਰੇ ਸਲੱਮ ਏਰੀਆਂ ਵੀ ਬਨਾ ਰਿਹਾ ਹੈ, ਇਸ ਕਰਕੇ ਪਿੰਡਾਂ ‘ਚ ਹੀ ਸ਼ਹਿਰਾਂ ਵਰਗੀਆਂ ਮੁਢਲਾ ਢਾਂਚਾ ਸਹੂਲਤਾਂ ਪੈਦਾ ਕਰਨ ਲਈ ਯੋਜਨਾਵਾਂ ਹੀ ਨਾ ਤਿਆਰ ਕੀਤੀਆਂ ਜਾਣ ਸਗੋਂ ਲਾਗੂ ਵੀ ਹੋਣ।
9. ਪੰਜਾਬ ਲਈ ਠੋਸ ਸਿੱਖਿਆ ਨੀਤੀ ਬਨਾਉਣ ਤੇ ਲਾਗੂ ਕਰਨ ਲਈ ਸਮਾਂ ਬੱਧ ਯੋਜਨਾ ਬਣਾਈ ਜਾਵੇ।
10. ਪੰਜਾਬੀ ਸਚਮੁੱਚ ਮੌਜੂਦਾ ਸਰਕਾਰ ਤੋਂ ਕੁਝ ਭਲੇ ਦੀ ਆਸ ਰੱਖੀ ਬੈਠੇ ਹਨ, ਜੋ ਵਿਰੋਧੀ ਸਾਰਥਿਕ ਸੁਰਾਂ ਸੁਣਕੇ ਉਨਾਂ ਨੂੰ ਵੀ ਮੰਨੇ ਤੇ ਲਾਗੂ ਕਰੇ ਤਾਂ ਕਿ ਪੰਜਾਬ ਸਭਨਾਂ ਦਾ ਹੋ ਸਕੇ।

No comments: