ਪੂਣੇ—ਪੂਣੇ 'ਚ ਇਕ ਪੁਲਸ ਕਾਂਸਟੇਬਲ ਵੱਲੋਂ ਆਪਣੇ ਮਾਲਕ ਦੀ ਗੱਡੀ ਰੋਕਣ 'ਤੇ ਮਾਲਕ ਵੱਲੋਂ ਉਸ ਨੂੰ ਇਨਾਮ ਦਿੱਤਾ ਗਿਆ। ਸੂਤਰਾਂ ਮੁਤਾਬਕ ਡਿਊਟੀ 'ਤੇ ਤਾਇਨਾਤ ਇਕ ਟ੍ਰੈਫਿਕ ਪੁਲਸ ਕਾਂਸਟੇਬਲ ਉਮੇਸ਼ ਦਿਓਕਰ ਨੇ ਦੇਖਿਆ ਕਿ ਇਕ ਗੱਡੀ 'ਚ ਡਰਾਈਵਰ ਨੇ ਸੀਟ ਬੈਲਟ ਨਹੀਂ ਲਗਾਈ ਹੋਈ, ਜਿਸ ਨੂੰ ਦੇਖ ਕੇ ਪੁਲਸ ਕਾਂਸਟੇਬਲ ਨੇ ਝੰਡਾ ਦਿਖਾ ਕੇ ਗੱਡੀ ਨੂੰ ਰੋਕਿਆ ਅਤੇ ਜਦੋਂ ਡਰਾਈਵਰ ਨੇ ਆਪਣੀ ਗੱਡੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਕਾਂਸਟੇਬਲ ਨੇ ਦੇਖਿਆ ਕਿ ਉਸ ਦੇ ਮਾਲਕ ਡਿਪਟੀ ਕਮਿਸ਼ਨਰ ਆਫ ਪੁਲਸ (ਟ੍ਰੈਫਿਕ) ਵਿਸ਼ਵਾਸ ਪੰਧਾਰੇ ਹੀ ਗੱਡੀ 'ਚ ਬੈਠੇ ਸਨ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਜਦੋਂ ਡੀ. ਸੀ. ਪੀ. ਪੰਧਾਰੇ ਨੇ ਉਮੇਸ਼ ਦਿਓਕਰ ਨੂੰ ਪੁੱਛਿਆ ਕਿ ਉਸ ਨੂੰ ਕਿਉਂ ਰੋਕਿਆ ਗਿਆ ਹੈ ਤਾਂ ਉਮੇਸ਼ ਨੇ ਕਿਹਾ ਕਿ ਉਸ ਨੇ ਦੂਰੋਂ ਦੇਖਿਆ ਸੀ ਕਿ ਡਰਾਈਵਰ ਨੇ ਸੀਟ ਬੈਲਟ ਨਹੀਂ ਲਗਾਈ ਹੋਈ, ਜਿਸ 'ਤੇ ਉਸ ਨੇ ਗੱਡੀ ਨੂੰ ਰੋਕ ਲਿਆ। ਬਾਅਦ 'ਚ ਉਮੇਸ਼ ਨੇ ਗੱਡੀ ਦਾ ਚਲਾਨ ਬਣਾ ਕੇ ਬਾਕੀ ਸਾਰੀ ਕਾਰਵਾਈ ਕਰਕੇ ਉਨ੍ਹਾਂ ਨੂੰ ਜਾਣ ਦਿੱਤਾ। ਇਹ ਜਾਣਕਾਰੀ ਡੀ. ਸੀ. ਪੀ. ਪੰਧਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ, ਜਿਸ ਤੋਂ ਬਾਅਦ ਟਰੈਫਿਕ ਪੁਲਸ ਕਾਂਸਟੇਬਲ ਉਮੇਸ਼ ਦਿਓਕਰ ਨੂੰ ਡੀ. ਸੀ. ਪੀ. ਪੰਧਾਰੇ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।