ਨਵੀਂ ਦਿੱਲੀ, 14 ਅਪ੍ਰੈਲ(ਏਜੰਸੀਆਂ)-ਦਿੱਲੀ ਹਾਈਕੋਰਟ ਨੇ ਪੌਂਟੀ ਚੱਡਾ ਅਤੇ ਉਸਦੇ ਭਰਾ ਹਰਦੀਪ ਦੇ ਕਤਲ ਦੇ ਮੁਲਜ਼ਮ ਨੂੰ ਮਾਨਵਤਾ ਆਧਾਰ 'ਤੇ ਦੋ ਮਹੀਨੇ ਦੀ ਆਰਜ਼ੀ ਜ਼ਮਾਨਤ ਦੇ ਦਿੱਤੀ ਹੈ। ਨਰਿੰਦਰ ਅਹਲਾਵਤ ਜੋ ਪੌਂਟੀ ਚੱਡਾ ਦੇ ਮੈਨੇਜਰ ਵਜੋਂ ਕੰਮ ਕਰਦਾ ਸੀ, ਉਸਨੂੰ ਵਧੀਕ ਸੈਸ਼ਨ ਜੱਜ ਨੇ ਆਰਜ਼ੀ ਜ਼ਮਾਨਤ ਦੇ ਦਿੱਤੀ। ਜੱਜ ਨੇ ਅਹਲਾਵਤ 'ਤੇ ਕੁਝ ਸ਼ਰਤਾਂ ਵੀ ਲਗਾਈਆਂ ਕਿ ਉਹ ਕਿਸੇ ਵੀ ਤਰੀਕੇ ਨਾਲ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਅਦਾਲਤ ਦੀ ਮੰਜੂਰੀ ਤੋਂ ਬਿਨ੍ਹਾਂ ਦਿੱਲੀ ਨਹੀਂ ਛੱਡੇਗਾ। ਜੇਲ੍ਹ ਹਸਪਤਾਲ ਤੋਂ ਪਤਾ ਲੱਗਾ ਹੈ ਕਿ ਅਹਲਾਵਤ ਦੀ ਸਿਹਤ ਦਿਨੋ ਦਿਨ ਸੁਧਰਨ ਦੀ ਥਾਂ ਵਿਗੜ ਰਹੀ ਹੈ। ਅਹਲਾਵਤ ਤੁਰ ਨਹੀਂ ਸਕਦਾ ਅਤੇ ਉਸ ਦੀ ਇਸ ਹਾਲਤ ਨੂੰ ਧਿਆਨ ਵਿਚ ਰੱਖ ਕੇ ਉਸਨੂੰ ਆਰਜ਼ੀ ਜਮਾਨਤ ਦਿੱਤੀ ਗਈ ਹੈ, ਤਾਂ ਜੋ ਉਹ ਆਪਣਾ ਇਲਾਜ ਕਰਾ ਸਕੇ। ਅਹਲਾਵਤ 14 ਫਰਵਰੀ ਤੋਂ ਜੇਲ੍ਹ ਵਿਚ ਹੈ। ਉਸਦੇ ਵਕੀਲ ਕੇ.ਕੇ.ਮੰਨਣ ਨੇ ਕਿਹਾ ਕਿ ਅਹਲਾਵਤ ਕੇਵਲ ਪੌਂਟੀ ਚੱਡਾ ਦਾ ਮੁਲਾਜ਼ਮ ਹੈ ਅਤੇ ਬਦਕਿਸਮਤੀ ਨਾਲ ਦੁਰਘਟਨਾ ਵਾਲੀ ਥਾਂ 'ਤੇ ਮੌਜੂਦ ਸੀ।