ਜਲੰਧਰ,(ਪੁਨੀਤ) - ਅਕਾਲੀ ਦਲ ਨੇ ਗੋਆ 'ਚ ਚਿੰਤਨ ਸੰਮੇਲਨ ਕਰਕੇ ਪੰਜਾਬ ਵਾਸੀਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਗੋਆ ਤੋਂ ਆਉਂਦੇ ਹੀ ਉਨ੍ਹਾਂ ਬਿਜਲੀ ਦੀਆਂ ਦਰਾਂ 'ਚ ਬੇਤਹਾਸ਼ਾ ਵਾਧਾ ਕਰਕੇ ਪੰਜਾਬ ਵਾਸੀਆਂ ਨੂੰ ਬਿਜਲੀ ਦਾ ਝਟਕਾ ਦਿੱਤਾ ਹੈ ਜਿਸ ਦਾ ਕਾਂਗਰਸ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ ਤੇ ਪ੍ਰਦੇਸ਼ ਕਾਰਜਕਾਰਨੀ ਦੇ ਫੈਸਲੇ ਮੁਤਾਬਕ ਰੋਸ ਵਿਖਾਵੇ ਤੇ ਰੈਲੀਆਂ ਕੀਤੀਆਂ ਜਾਣਗੀਆਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਹਰਿਆਣਾ ਤੋਂ ਸਸਤੀ ਬਿਜਲੀ ਦੇਣ ਦੇ ਝੂਠੇ ਵਾਅਦੇ ਕਰ ਰਹੇ ਹਨ ਜਦਕਿ ਅਸਲ 'ਚ ਬਿਜਲੀ ਦੀਆਂ ਦਰਾਂ ਵਧਣ ਨਾਲ ਪਹਿਲਾਂ ਜਿੱਥੇ ਪੰਜਾਬ 'ਚ ਬਿਜਲੀ ਦਰ 100 ਯੂਨਿਟ ਤਕ 4.56 ਸੀ ਉੱਥੇ ਹਰਿਆਣਾ 'ਚ 2.98, 300 ਯੂਨਿਟ ਤਕ ਪੰਜਾਬ 'ਚ 6.02 ਜਦਕਿ ਹਰਿਆਣਾ 'ਚ 4.75 ਸੀ। ਇਸੇ ਤਰ੍ਹਾਂ 300 ਯੂਨਿਟ ਤੋਂ ਵੱਧ 'ਚ ਪੰਜਾਬ 6.44 ਰੁਪਏ ਪ੍ਰਤੀ ਯੂਨਿਟ ਚਾਰਜ ਕਰ ਰਿਹਾ ਸੀ। ਉੱਥੇ ਹਰਿਆਣਾ ਦਾ ਰੇਟ 4.90 ਸੀ। ਭੱਠਲ ਨੇ ਕਿਹਾ ਕਿ ਪੰਜਾਬ ਨੇ ਬਿਜਲੀ ਦਰਾਂ 'ਚ ਵਾਧਾ ਕਰਕੇ 17.82 ਕਰੋੜ ਦਾ ਭਾਰ ਪਬਲਿਕ 'ਤੇ ਪਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 25 ਸਾਲ ਦੇ ਸਾਸ਼ਨ 'ਚ ਬਿਜਲੀ ਦੇ ਰੇਟ ਕੇਵਲ 22 ਫੀਸਦੀ ਵਧੇ ਜਦਕਿ ਅਕਾਲੀ ਦਲ ਦੇ ਸੱਤਾ 'ਚ ਹੋਣ 'ਤੇ ਇਹ ਰੇਟ 79 ਫੀਸਦੀ ਤਕ ਵਧੇ ਹਨ। ਸਿੱਧੂ ਦੇ ਮਾਮਲੇ 'ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਚੰਗਾ ਇਨਸਾਨ ਹੈ ਪਰ ਉਸ ਨੇ ਗਲਤ ਪਾਰਟੀ ਜੁਆਇਨ ਕਰ ਲਈ ਜਿਸ ਦੇ ਕਾਰਨ ਅੱਜ ਉਸ ਨੂੰ ਪਾਰਟੀ 'ਚ ਘੁਟਣ ਮਹਿਸੂਸ ਹੋ ਰਹੀ ਹੈ।  ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਫਿਲਹਾਲ ਸਿੱਧੂ ਉਨ੍ਹਾਂ ਦੇ ਸੰਪਰਕ 'ਚ ਨਹੀਂ। ਹਾਈਕਮਾਨ ਦੇ ਸੰਪਰਕ 'ਚ ਹੋਵੇ ਤਾਂ ਉਹ ਕੁਝ ਕਹਿ ਨਹੀਂ ਸਕਦੀ। ਪੰਚਾਇਤੀ ਚੋਣਾਂ ਦੇ ਬਾਰੇ ਭੱਠਲ ਨੇ ਕਿਹਾ ਕਿ ਇਨ੍ਹਾਂ 'ਚ ਅਕਾਲੀ ਦਲ ਦੀ ਧੜੇਬੰਦੀ ਉੱਭਰ ਕੇ ਸਾਹਮਣੇ ਆਵੇਗੀ।
ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ 'ਤੇ ਪੁੱਛੇ ਗਏ ਸਵਾਲ 'ਚ ਉਨ੍ਹਾਂ ਕਿਹਾ ਕਿ ਇਹ ਸਿਆਸੀ ਮਾਮਲਾ ਨਹੀਂ ਹੈ। ਇਸ ਲਈ ਉਹ ਇਸ ਬਾਰੇ 'ਚ ਪਾਰਟੀ ਪੱਧਰ 'ਤੇ ਕੁਝ ਨਹੀਂ ਕਹਿਣਾ ਚਾਹੁਣਗੇ। ਭੱਠਲ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਦੀਆਂ ਲੱਤਾਂ ਕਮਜ਼ੋਰ ਹੋ ਚੁੱਕੀਆਂ ਹਨ। ਇਸ ਲਈ ਉਹ ਕਦੀ ਧਰਮ ਤੇ ਕਦੀ ਭਾਜਪਾ ਦਾ ਸਹਾਰਾ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਭੁੱਲਰ ਦੇ ਮਾਮਲੇ 'ਚ ਪਹਿਲਾਂ ਦੋਵੇਂ ਪਾਰਟੀਆਂ ਆਪਸੀ ਸਹਿਮਤੀ ਬਣਾਉਣ ਤਾਂ ਹੀ ਪਤਾ ਲੱਗੇਗਾ ਕਿ ਦੋਵਾਂ 'ਚ ਆਪਸੀ ਤਾਲਮੇਲ ਕੀ ਹੈ।  ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਸਰਕਾਰ ਸਰਪਲਸ ਬਿਜਲੀ ਦੀ ਦਾਅਵੇ ਕਰ ਰਹੀ ਹੈ, ਜੋ ਕਿ ਅਜੇ ਤਕ ਪੂਰੇ ਨਹੀਂ ਹੋ ਸਕੇ। ਇਸ ਤੋਂ ਪਤਾ ਲੱਗਦਾ ਹੈ ਕਿ ਬਾਦਲ ਪਰਿਵਾਰ ਲੋਕਾਂ ਨੂੰ ਗੁੰਮਰਾਹ ਕਰਨ 'ਚ ਮਾਸਟਰ ਹੈ। ਭੱਠਲ ਨੇ ਕਿਹਾ ਕਿ ਬਾਦਲ ਨੂੰ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਬਾਦਲ ਨੂੰ ਫੁੱਲਾਂ ਦਾ ਹਾਰ ਭੇਟ ਕਰੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸ਼ਰਮਾ, ਕੰਵਲਜੀਤ ਲਾਲੀ, ਅਨਿਲ ਦੱਤਾ, ਅਰੁਣ ਵਾਲੀਆ ਤੇ ਹੋਰ ਹਾਜ਼ਰ ਸਨ।