jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 20 April 2013

ਆਖ਼ਰ ਤੁਰ ਗਿਆ ਆਪਣੇ ਵੇਲੇ ਦਾ ਬੁਲੰਦ ਗਵੱਈਆ ਮਿਲਖੀ ਰਾਮ ਮਿਲਖੀ


www.sabblok.blogspot.com
ਕੋਈ ਦੋ ਮਹੀਨੇ ਪਹਿਲਾਂ ਦੀ ਗੱਲ ਹੋਣੀ, ਮੈਂ ਉਸ ਕਲਾਕਾਰ ਦੀ ਭਾਲ ਵਿੱਚ ਸਾਂ, ਜਿਸ ਦਾ ਕਦੇ ਕੋਈ ਗੀਤ ਨਹੀਂ ਸੀ ਸੁਣਿਆ, ਨਾ ਹੀ ਕੋਈ ਤਸਵੀਰ ਦੇਖੀ ਸੀ ਪਰ ਸੱਤਰਾਂ-ਪਝੱਤਰਾਂ ਨੂੰ ਢੁੱਕੇ ਪੰਜ-ਸੱਤ ਬਜ਼ੁਰਗਾਂ ਤੋਂ ਜ਼ਰੂਰ ਸੁਣਿਆ ਸੀ, ‘‘ਮਿਲਖੀ ਰਾਮ ਮਿਲਖੀ ਦੇ ਬੜੇ ਗਾਣੇ ਵੱਜਦੇ ਸੀ ਰੇਡੀਓ ’ਤੇ…ਪੂਰੀ ਚੜ੍ਹਾਈ ਸੀ ਉਹਦੀ ਆਪਣੇ ਵੇਲ਼ੇ…।’’ ਮੁਸ਼ਕਲ ਇਹ ਸੀ ਕਿ ਮਿਲਖੀ ਰਾਮ ਨੂੰ ਲੱਭਿਆ ਕਿਵੇਂ ਜਾਵੇ…ਹੈ ਕਿੱਥੇ ਉਹ? ਕਿਸੇ ਨਵੇਂ ਨੂੰ ਪੁੱਛਦਾ ਤਾਂ ਉਹ ਨਾਂ ਸੁਣਦਿਆਂ ਸਾਰ ‘ਕੀ…ਕੌਣ’ ਆਖਣ ਲੱਗਦਾ ਤੇ ਜੇ ਪੁਰਾਣੇ ਕੋਲੋਂ ਪੁੱਛਦਾ ਤਾਂ ਉਹ ‘ਪਤਾ ਨਹੀਂ’ ਕਹਿ ਪੱਲਾ ਝਾੜ ਲੈਂਦਾ।Êਹੌਲੀ-ਹੌਲੀ ਪਤਾ ਲੱਗਿਆ ਕਿ ਮਿਲਖੀ ਰਾਮ ਜਲੰਧਰ ਦੇ ਨਜ਼ਾਤਮ ਨਗਰ ਵਿੱਚ ਰਹਿੰਦੈ। ਹੁਣ ਨਵਾਂ ਮਸਲਾ ਸੀ ਕਿ ਪਹਿਲਾਂ ਏਸ ਨਗਰ ਨੂੰ ਲੱਭਾਂ ਤੇ ਫਿਰ ਨਗਰ ਵਿੱਚੋਂ ਮਿਲਖੀ ਨੂੰ। ਹੌਲੀ-ਹੌਲੀ ਨਜ਼ਾਤਮ ਨਗਰ ਲੱਭ ਪਿਆ ਤੇ ਅੱਠ-ਅੱਠ, ਦਸ-ਦਸ ਘਰਾਂ ਬਾਅਦ ਪੁੱਛਣਾ ਸ਼ੁਰੂ ਕੀਤਾ,‘‘ਮਿਲਖੀ ਰਾਮ ਮਿਲਖੀ ਦਾ ਘਰ ਕਿਹੜਾ ਏ ਏਥੇ…।’’ਅੱਗੋਂ ਜਵਾਬ ਮਿਲਦਾ, ‘‘ਸਾਨੂੰ ਏਥੇ ਰਹਿੰਦਿਆਂ ਵੀਹ ਸਾਲ ਹੋ ਚੱਲੇ ਨੇ…ਪੱਚੀ ਹੋ ਗਏ ਨੇ…ਚਾਲੀ ਹੋ ਗਏ….. ਕੋਈ ਮਿਲਖੀ ਨਹੀਂ ਸੁਣਿਆ ਕਦੇ…।’’
ਢਹੇ ਜਹੇ ਮਨ ਨਾਲ ਇੱਕ ਛੋਟੇ ਜਹੇ ਘਰ ਦਾ ਬੂਹਾ ਖੜਕਾਇਆ ਤਾਂ ਤੇੜ ਧੋਤੀ ਵਾਲੇ ਬਜ਼ੁਰਗ ਨੇ ਕੁੰਡਾ ਖੋਲ੍ਹਿਆ। ਪੁੱਛਿਆ ਤਾਂ ਜਵਾਬ ਮਿਲਿਆ, ‘‘ਅੱਛਾ-ਅੱਛਾ, ਮਿਲਖੀ ਬਾਰੇ ਪੁੱਛਨੈਂ…ਪਿਛਲੀ ਗਲੀ ਵਿੱਚ ਅੱਗੇ ਜਾ ਕੇ ਆਸ਼ਰਮ ਏ, ਉਹਦੇ ਨਾਲ ਦਾ ਘਰ ਉਹਦਾ ਏ…ਬਾਹਰ ਮਿਲਖੀ ਦੇ ਨਾਂ ਦਾ ਬੋਰਡ ਲੱਗਾ ਹੋਇਐ…।’’ ਆਖਰ ਘਰ ਲੱਭ ਗਿਆ ਸੀ। ਘਰ ਦੇ ਬਾਹਰ ਨਿੱਕੀ ਜਹੀ ‘ਨਾਂ ਵਾਲੀ ਪਲੇਟ’ ’ਤੇ ਕਾਲੇ ਅੱਖਰਾਂ ਵਿੱਚ ਲਿਖਿਆ ਸੀ, ‘ਮਿਲਖੀ ਰਾਮ ਮਿਲਖੀ-ਰੇਡੀਓ ਆਰਟਿਸਟ’।
ਮਿਲਖੀ ਘਰ ਨਹੀਂ ਸੀ। ਉਸ ਦਾ ਮੁੰਡਾ ਬੁਲਾ ਕੇ ਲਿਆਇਆ ਤੇ ਥੋੜ੍ਹੀ ਦੇਰ ਬਾਅਦ ਛੋਟੇ ਜਿਹੇ ਕੱਦ ਵਾਲਾ, ਤਾਂਬੜ ਜਿਹੇ ਸਰੀਰ ਦਾ ਮਾਲਕ, ਛੋਟੀਆਂ-ਛੋਟੀਆਂ ਅੱਖਾਂ ਤੇ ਮੁਸਕਰਾਉਂਦੇ ਬੁੱਲ੍ਹਾਂ ਵਾਲਾ ਬਜ਼ੁਰਗ ਮੇਰੇ ਮੂਹਰੇ ਆਣ ਖੜ੍ਹਿਆ। ਮੈਂ ਆਖਿਆ, ‘‘ਬਾਪੂ ਜੀ, ਮੁਲਾਕਾਤ ਕਰਨੀ ਸੀ ਥੋਡੇ ਨਾਲ ਅਖ਼ਬਾਰਾਂ ਲਈ…ਬਹੁਤ ਮੁਸ਼ਕਲ ਨਾਲ ਲੱਭਿਆ ਥੋਨੂੰ…।’’ ਉਸ ਨੇ ਅੰਦਰ ਆਉਣ ਦਾ ਇਸ਼ਾਰਾ ਕੀਤਾ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਪਚਾਨਵੇਂ ਸਾਲ ਦੀ ਉਮਰ ਵਿੱਚ ਕੋਈ ਏਨਾ ਜ਼ਿੰਦਾਦਿਲ ਹੋ ਸਕਦੈ, ਜ਼ਿੰਦਗੀ ਏਦਾਂ ਵੀ ਮਾਣ ਸਕਦੈ,ਮੈਨੂੰ ਹਰ ਗੱਲ ’ਤੇ ਹੈਰਾਨੀ ਹੋਈ ਸੀ। ਆਪਣੀ ਤੰਦਰੁਸਤੀ ਦੇ ਰਾਜ਼, ਖੁਰਾਕ, ਗਾਉਣ, ਉਚਾਣ, ਨਿਵਾਣ, ਗ਼ਮੀ, ਖੁਸ਼ੀ ਤੇ ਪਰਿਵਾਰ ਨਾਲ ਸਬੰਧਤ ਕਿੰਨਾ ਹੀ ਕੁਝ ਉਸ ਨੇ ਦੱਸਿਆ ਸੀ, ਜਿਸ ਨੂੰ ਮੈਂ ਮੂਕ ਦਰਸ਼ਕ ਬਣ ਸੁਣਦਾ ਗਿਆ ਸੀ। ਉਮਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਉਹ ਆਪਣੇ ਸਾਹ ਪੂਰੇ ਕਰ ਬੀਤੇ ਦਿਨੀਂ ਇਸ ਜਹਾਨ ਤੋਂ ਕੂਚ ਕਰ ਗਿਆ।
ਮਿਲਖੀ ਹੋਰਾਂ ਨਾਲ ਮਿਲਣੀ ਸਮੇਂ ਜਦੋਂ ਮੈਂ ਜਵਾਨੀ ਵੇਲ਼ੇ ਗਾਏ ਕਿਸੇ ਗੀਤ ਦਾ ਨਮੂਨਾ ਸੁਣਾਉਣ ਲਈ ਕਿਹਾ ਸੀ  ਤਾਂ ਉਹ ਕੀਮਾ-ਮਲਕੀ ਜਾਂ ਪੂਰਨ ਭਗਤ ਦਾ ਕਿੱਸਾ ਸੁਣਾਉਣ ਲੱਗ ਪਿਆ, ਜਿਸ ਦੀ ਅੱਧੀ ਕੁ ਸਮਝ ਪਈ ਅਤੇ ਦਿਮਾਗ਼ ’ਤੇ ਜ਼ੋਰ ਪਾਉਂਦਿਆਂ ਵੀ ਅੱਧਾ ਕੁ ਕੁਝ ਪੱਲੇ ਨਾ ਪਿਆ ਕਿਉਂਕਿ ਵੱਡੀ ਉਮਰੇ ਉਚਾਰਨ ਪਹਿਲਾਂ ਵਰਗਾ ਨਹੀਂ ਰਿਹਾ ਸੀ।
ਮਲਕੀ ਭਰਦੀ ਸੀ ਬਈ ਖੂਹ ਦੇ ਉੱਤੋਂ ਪਾਣੀ,
ਕੀਮਾ ਕੋਲ ਜਾ ਕੇ ਬੇਨਤੀ ਗੁਜ਼ਾਰੇ।
ਓਏ ਉੱਡਦੇ-ਉੱਡਦੇ ਆ ਗਏ ਭੌਰ ਨੀਂ ਪਰਦੇਸੀ ਓਏ,
ਤੇਰੇ ਜੋਬਨ ਦੇ ਲੈਣ ਨੀਂ ਨਜ਼ਾਰੇ।
ਪੱਲਾ ਨਾ ਕਰ ਐਵੇਂ ਚੁੰਨੀ ਸਾੜ ਦੇਏਂਗੀ ਨੀਂ ਕੁੜੀਏ,
ਤੇਰੇ ਘੁੰਡ ਵਿੱਚ ਦੋ ਜਲਦੇ ਨੀਂ ਅੰਗਿਆਰੇ।
ਵੰਡ ਦਾ ਦ੍ਰਿਸ਼ ਤਾਅ ਉਮਰ ਮਿਲਖੀ ਰਾਮ ਦੀਆਂ ਅੱਖਾਂ ਅੱਗੇ ਘੁੰਮਦਾ ਰਿਹਾ। ਉਸ ਦੇ ਦੱਸਣ ਮੁਤਾਬਕ ਜਨਮ ਉਸ ਦਾ ਲਾਹੌਰ ਜ਼ਿਲ੍ਹੇ ਦੇ ਪਿੰਡ ਵਿੱਚ ਹੋਇਆ। ਉੱਥੇ ਹੀ ਰੇਡੀਓ ਲਈ ਆਡੀਸ਼ਨ ਦਿੱਤਾ ਤੇ ਪਾਸ ਵੀ ਹੋ ਗਿਆ ਸੀ ਪਰ ਅਗਲੇ ਸਾਲ ਵੰਡ ਹੋ ਗਈ ਤੇ ਏਧਰ ਆਉਣਾ ਪੈ ਗਿਆ। ਆਡੀਸ਼ਨ ਮੌਕੇ ਉਸ ਨੇ ‘ਹੀਰ’ ਪੇਸ਼ ਕੀਤੀ ਸੀ। ਵੰਡ ਮਗਰੋਂ ਏਧਰ ਆ ਕੇ ਉਸ ਨੇ ਸਭ ਤੋਂ ਪਹਿਲਾਂ ਜਲੰਧਰ ਦੀ ਬਸਤੀ ਸ਼ੇਖ ਵਿੱਚ ਰਹਿਣਾ ਸ਼ੁਰੂ ਕੀਤਾ। ਇੱਥੇ ਜ਼ਿੰਦਗੀ ਮੁੜ ਜ਼ੀਰੋ ਤੋਂ ਸ਼ੁਰੂ ਹੋਈ। ਉਸ ਨੇ ਗਾਉਣ ਦੀ ਕੋਸ਼ਿਸ਼ ਜਾਰੀ ਰੱਖੀ ਤੇ ਰੇਡੀਓ ’ਤੇ ਮੁੜ ਆਡੀਸ਼ਨ ਦਿੱਤਾ, ‘ਮਿਰਜ਼ਾ’ ਗਾਇਆ ਤੇ ‘ਪਾਸ’ ਦਾ ਸਰਟੀਫ਼ਿਕੇਟ ਮਿਲ ਗਿਆ। ਬਸ ਫੇਰ ਸ਼ੁਰੂ ਹੋ ਗਿਆ ਗਾਉਣ ਦਾ ਸਿਲਸਿਲਾ। ਲਗਾਤਾਰ ਰੇਡੀਓ ਤੋਂ ਕੰਮ ਮਿਲਦਾ ਗਿਆ ਤੇ ਚਰਚਾ ਹੋਣ ਮਗਰੋਂ ਬਾਹਰੋਂ ਪ੍ਰੋਗਰਾਮ ਮਿਲਣੇ ਸ਼ੁਰੂ ਹੋ ਗਏ। ਨਜ਼ਾਤਮ ਨਗਰ ਵਿੱਚ ਪਲਾਟ ਲੈ ਲਿਆ ਤੇ ਪਰਿਵਾਰ ਸਮੇਤ ਉੱਥੇ ਰਹਿਣ ਲੱਗ ਪਿਆ।
ਮਿਲਖੀ ਰਾਮ ਮਿਲਖੀ ਦੀ ਘਰਵਾਲੀ ਕਮਲਾਵੰਤੀ ਦੀ ਮੌਤ ਏਧਰ ਆਉਣ ਤੋਂ ਕੁਝ ਸਾਲ ਬਾਅਦ ਹੋ ਗਈ ਸੀ। ਤਿੰਨ ਕੁੜੀਆਂ ਤੇ ਚਾਰ ਪੁੱਤ ਉਸ ਦੇ ਪਰਿਵਾਰ ਦਾ ਹਿੱਸਾ ਬਣੇ। ਇੱਕ ਪੁੱਤ, ਜਿਹੜਾ ਕਲਾਸੀਕਲ ਸੰਗੀਤ ਦਾ ਪ੍ਰੋਫ਼ੈਸਰ ਸੀ, ਗੁਰਦਰਸ਼ਨ ਲਾਲ, ਚਲਾਣਾ ਕਰ ਗਿਆ ਸੀ, ਜਿਸ ਨਾਲ ਮਿਲਖੀ ਨੂੰ ਡੂੰਘਾ ਸਦਮਾ ਲੱਗਿਆ ਸੀ। ਉਸ ਪੁੱਤ ’ਤੇ ਹੱਦੋਂ ਵੱਧ ਮਾਣ ਸੀ ਉਸ ਨੂੰ, ਉਹੀ ਉਸ ਦੇ ਕਲਾ ਪ੍ਰੇਮ ਨੂੰ ਅੱਗੇ ਲਿਜਾ ਰਿਹਾ ਸੀ। ਉਂਜ ਪੋਤਿਆਂ-ਪੜਪੋਤਿਆਂ, ਦੋਹਤਿਆਂ ਵਾਲਾ ਵਾਲੇ ਮਿਲਖੀ ਨੂੰ ਕਦੇ ਜਾਪਿਆ ਹੀ ਨਹੀਂ ਸੀ ਕਿ ਕੋਈ ਹਸਰਤ ਬਾਕੀ ਰਹਿੰਦੀ ਏ।
ਗਾ-ਗਾ ਮਿਲਖੀ ਨੇ ਬਹੁਤ ਕੁਝ ਕਮਾਇਆ ਪਰ ਰਿਕਾਰਡਿੰਗ ਵੱਲ ਬਹੁਤਾ ਧਿਆਨ ਨਾ ਕੀਤਾ। ਉਹ ਮੌਜੀ ਬੰਦਾ ਸੀ, ਜਿਹੜਾ ਭੱਜ-ਦੌੜ ਵਿੱਚ ਯਕੀਨ ਨਹੀਂ ਸੀ ਰੱਖਦਾ, ਬਸ ਜੋ ਮਿਲੀ ਜਾਂਦਾ ਸੀ, ਉਸ ਵਿੱਚ ਹੀ ਖ਼ੁਸ਼ ਸੀ। ਉਸ ਨੂੰ ਕਈ ਕਲਾਕਾਰਾਂ ਨੇ ਕਿਹਾ ਸੀ ਕਿ ਆਪਣੀਆਂ ਰਿਕਾਰਡਿੰਗਾਂ ਕਰਾਓ ਪਰ ਉਸ ਦਾ ਮਨ ਨਾ ਮੰਨਿਆ। ਸਿਰਫ਼ ਇਕੋ ਗੀਤ ਰਿਕਾਰਡ ਹੋਇਆ ‘ਚੜ੍ਹਿਆ ਦਿਨ ਜਦ ਰਾਜੇ ਨੇ ਦਰਬਾਰ ਲਗਾਇਆ’ ਤੇ ਉਸ ਤੋਂ ਬਾਅਦ ਕਈ ਕੰਪਨੀਆਂ ਦੇ ਬੁਲਾਵੇ ਨੂੰ ਉਸ ਨੇ ਨਾਂਹ ਕਰ ਦਿੱਤੀ ਸੀ।’’ ਉਸ ਮੁਤਾਬਕ ਨਰਿੰਦਰ ਬੀਬਾ ਨੇ ਵੀ ਬੜੀ ਵਾਰ ਕਿਹਾ ਸੀ ਕਿ ਮਿਲਖੀ ਜੀ, ਕੁਝ ਰਿਕਾਰਡ ਕਰਾ ਲਵੋ, ਪਛਾਣ ਬਣੀ ਰਹੇਗੀ, ਰਾਇਲਟੀ ਆਈ ਜਾਏਗੀ ਪਰ ਉਸ ਦਾ ਧਿਆਨ ਇਨ੍ਹਾਂ ਗੱਲਾਂ ਵੱਲ ਨਹੀਂ ਸੀ ਕਿਉਂਕਿ ਬਿਨਾਂ ਰਿਕਾਰਡਿੰਗ ਦੇ ਉਸ ਕੋਲ ਏਨਾ ਜ਼ਿਆਦਾ ਕੰਮ ਸੀ ਕਿ ਪੁੱਛੋ ਕੁਝ ਨਾ। ਪੰਜਾਬੋਂ ਬਾਹਰਲੇ ਸੂਬਿਆਂ ਵਿੱਚ ਵੀ ਉਸ ਦੇ ਸੁਣਨ ਵਾਲੇ ਸਨ। ਕਦੇ ਰਾਜਸਥਾਨ, ਕਦੇ ਹਿਮਾਚਲ, ਕਦੇ ਦਿੱਲੀ, ਕਦੇ ਹਰਿਆਣੇ, ਗਾਉਂਦਾ ਰਿਹਾ-ਕਮਾਉਂਦਾ ਰਿਹਾ ਤੇ ਨਿਆਣੇ ਪਾਲਦਾ ਰਿਹਾ।
ਮਿਲਖੀ ਰਾਮ ਦੀਆਂ ਸਾਦੀਆਂ ਜਿਹੀਆਂ ਗੱਲਾਂ ਦੱਸਦੀਆਂ ਨੇ ਕਿ ਕਲਾਕਾਰਾਂ ਦੀ ਇੱਕ ਜਮਾਤ ਇਹੋ ਜਹੀ ਸਾਦ-ਮੁਰਾਦੀ ਜ਼ਿੰਦਗੀ ਵਾਲੀ ਵੀ ਰਹੀ ਹੈ। ਘਟਨਾਵਾਂ, ਪ੍ਰਾਪਤੀਆਂ, ਸਨਮਾਨਾਂ ਦੇ ਬਹੁਤੇ ਵੇਰਵੇ ਜ਼ਿਆਦਾ ਉਮਰ ਕਰਕੇ ਉਸ ਨੂੰ ਯਾਦ ਨਹੀਂ ਸਨ। ਉਸ ਨੇ ਲੋਕ ਗਾਥਾਵਾਂ ਨਿੱਠ ਕੇ ਗਾਈਆਂ, ‘ਪੂਰਨ ਭਗਤ’, ‘ਕੀਮਾ ਮਲਕੀ’, ‘ਢੋਲ ਸੰਮੀ’, ‘ਰਾਜਾ ਹਰੀਸ਼ ਚੰਦਰ’ ਤੇ ਦੇਸ ਭਗਤੀ ਦੇ ਗੀਤਾਂ ਸਮੇਤ ਕਈ ਮਨਚਲੇ ਗੀਤਾਂ ਨੂੰ ਵੀ ਆਵਾਜ਼ ਦਿੱਤੀ।
ਮਿਲਖੀ ਰਾਮ ਮਿਲਖੀ ਤੇ ਅਲਗੋਜ਼ਾਵਾਦਕ ਬੇਲੀ ਰਾਮ ਦੀ ਬੜੀ ਨੇੜਤਾ ਸੀ। ਬੇਲੀ ਰਾਮ ਨੇ ਅਲਗੋਜ਼ੇ ਵਜਾਉਣੇ ਤੇ ਮਿਲਖੀ ਨੇ ਗਾਉਣਾ। ਖ਼ੂਬ ਨਿਭੀ ਦੋਵਾਂ ਦੀ। ਇੱਕ-ਦੂਜੇ ਦੇ ਸਾਹ ਬਣ ਵਿਚਰੇ ਪਰ ਜਦੋਂ ਬੇਲੀ ਰਾਮ ਚਲਾਣਾ ਕਰ ਗਿਆ ਤਾਂ ਮਿਲਖੀ ਰਾਮ ਨੂੰ ਡੂੰਘੀ ਸੱਟ ਵੱਜੀ ਤੇ ਸੋਚ ਲਿਆ ਕਿ ਹੁਣ ਪਹਿਲਾਂ ਵਾਂਗ ਨਹੀਂ ਗਾਉਣਾ। ਚੁੱਪ ਵੱਟ ਲਈ ਪਰ ਬਹੁਤੇ ਨੇੜਲਿਆਂ ਦੇ ਬੁਲਾਵਿਆਂ ’ਤੇ ਜਾਂਦਾ ਰਿਹਾ।
ਹੁਣ ਉਸ ਦੇ ਪਰਿਵਾਰ ਵਿੱਚ ਉਸ ਦਾ ਪੋਤਾ ਗਾਉਂਦੈ ਜੋ ਜਗਰਾਤੇ ਸੋਹਣੇ ਲਾ ਲੈਂਦੈ ਤੇ ਵਿਆਹਾਂ ਦੇ ਪ੍ਰੋਗਰਾਮ ਵੀ ਕਰਦੈ। ਪਰਿਵਾਰ ਦੇ ਸਾਰੇ ਮੈੈਂਬਰ  ਆਪੋ-ਆਪਣੇ ਕੰਮਾਂ ਵਿੱਚ ਲੱਗੇ ਨੇ ਤੇ ਚੰਗੀ ਰੋਟੀ ਖਾਂਦੇ ਨੇ। ਜਿਉਂਦੇ ਜੀਅ ਮਿਲਖੀ ਨੂੰ ਸਰਕਾਰਾਂ ’ਤੇ ਥੋੜ੍ਹਾ ਗਿਲਾ ਜ਼ਰੂਰ ਰਿਹਾ ਕਿ ਉਹ ਕਲਾ ਨੂੰ ਪ੍ਰਣਾਏ ਲੋਕਾਂ ਦੀ ਸਾਰ ਨਹੀਂ ਲੈਂਦੀਆਂ। ਉਸ ਦੇ ਦੱਸਣ ਮੁਤਾਬਕ ਉਸ ਦਾ ਵੀ ਇੱਕ-ਦੋ ਵਾਰ ਸਨਮਾਨ  ਹੋਇਆ ਸੀ। ਉਸ ਨੂੰ ਦੋ-ਚਾਰ ਹਜ਼ਾਰ ਨਾਲ ਸਨਮਾਨਤ ਕੀਤਾ ਗਿਆ ਸੀ ਪਰ ਏਨੇ ਨਾਲ ਕੀ ਬਣਦੈ, ਮਹਿੰਗਾਈ ਕਿੰਨੀ ਏ। ਉਹ ਕਹਿੰਦਾ ਸੀ ਕਿ ਕਲਾਕਾਰਾਂ ਲਈ ਕੁਝ ਤਾਂ ਜ਼ਰੂਰ ਸੋਚਣਾ ਚਾਹੀਦੈ।
ਮਿਲਖੀ ਰਾਮ ਦੀਆਂ ਜਵਾਨੀ ਵੇਲ਼ੇ ਦੀਆਂ ਫੋਟੋਆਂ ਨੂੰ ਯਾਦ ਕਰ ਮੈਂ ਸੋਚਾਂ ਵਿੱਚ ਡੁੱਬ ਜਾਂਦਾ ਕਿ ਜੁੱਸੇ ਦਾ ਏਨਾ ਤਕੜਾ ਬੰਦਾ ਇੱਕ ਦਿਨ ਹੱਡੀਆਂ ਦੀ ਮੁੱਠ ਵੀ ਬਣ ਜਾਂਦੈ ਤੇ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ। ਸੱਚ ਏ ਕਿ ਉਮਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।

No comments: