
www.sabblok.blogspot.com
ਬਾਲੀਵੁੱਡ ਨੂੰ ਮੁਕੁਲ ਦੇਵ, ਮਾਹੀ ਗਿੱਲ, ਕੁਲਭੂਸ਼ਣ ਖਰਬੰਦਾ, ਰਮਾ ਵਿੱਜ ਅਭਿਨੀਤ ਫ਼ਿਲਮ ‘ਹਵਾਏਂ’ ਅਤੇ ਸੰਨੀ ਦਿਓਲ, ਸੁਦੇਸ਼ ਬੇਰੀ ਅਭਿਨੀਤ ਫ਼ਿਲਮ ‘ਕਾਫ਼ਿਲਾ’ ਦੇ ਚੁੱਕੇ ਨਿਰਦੇਸ਼ਕ ਅਮਿਤੋਜ ਮਾਨ ਹੁਣ ਪੰਜਾਬੀ ਫ਼ਿਲਮ ‘ਹਾਣੀ’ ਬਣਾ ਕੇ ਪਾਲੀਵੁੱਡ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਇਨ੍ਹਾਂ ਦਿਨੀਂ ਉਹ ਆਪਣੀ ਪੰਜਾਬੀ ਫ਼ਿਲਮ ‘ਹਾਣੀ’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।
ਪਿਛਲੇ ਕੁਝ ਦਿਨਾਂ ਤੋਂ ਇਸ ਫ਼ਿਲਮ ਦੀ ਸ਼ੂਟਿੰਗ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਫ਼ਾਜ਼ਿਲਕਾ ਦੇ ਆਸ-ਪਾਸ ਦੇ ਖੇਤਰਾਂ ਵਿੱਚ ਚੱਲ ਰਹੀ ਹੈ। ਇਸ ਮੌਕੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਨਿਰਦੇਸ਼ਕ ਅਮਿਤੋਜ ਮਾਨ ਨੇ ਦੱਸਿਆ ਕਿ ਫ਼ਿਲਮ ‘ਹਾਣੀ’ ਪੰਜਾਬੀ ਸਿਨੇਮਾ ਨੂੰ ਇੱਕ ਨਵਾਂ ਮੁਕਾਮ ਦੇਵੇਗੀ। ਇਸ ਫ਼ਿਲਮ ਜ਼ਰੀਏ ਉਹ ਪੰਜਾਬੀ ਸਿਨੇਮਾ ਦੇ ਸਹੀ ਕਿਰਦਾਰਾਂ ਨੂੰ ਪੇਸ਼ ਕਰਨ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਅਮਿਤੋਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੰਜਾਬੀ ਫ਼ਿਲਮ ਉਦਯੋਗ ਹੁਣ ਬੁਲੰਦੀਆਂ ਛੂਹ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਫ਼ਿਲਮਾਂ ਸੱਚਾਈ ਤੇ ਅਸਲੀਅਤ ਤੋਂ ਭਟਕ ਰਹੀਆਂ ਹਨ। ਸਿਰਫ਼ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮਾਂ ਹੀ ਬਣ ਰਹੀਆਂ ਹਨ ਪਰ ਉਨ੍ਹਾਂ ਦੀ ਫ਼ਿਲਮ ‘ਹਾਣੀ’ ਇਸ ਮਿੱਥ ਨੂੰ ਤੋੜੇਗੀ ਅਤੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਇਹ ਫ਼ਿਲਮ ਤਿੰਨ ਪੀੜ੍ਹੀਆਂ ਦੀ ਕਹਾਣੀ ਨੂੰ ਦਰਸਾਉਂਦੀ ਰੋਮਾਂਟਿਕ ਕਹਾਣੀ ’ਤੇ ਆਧਾਰਿਤ ਹੈ, ਜਿਸ ਵਿੱਚ ਦਾਦੇ, ਪੁੱਤ ਅਤੇ ਪੋਤਰੇ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਇਹ ਕਹਾਣੀ ਤਿੰਨ ਦੋਸਤਾਂ ਹਰਭਜਨ ਮਾਨ, ਸਰਬਜੀਤ ਚੀਮਾ ਅਤੇ ਦਿਲਖੁਸ਼ ਦੀ ਹੈ। ਸਰਬਜੀਤ ਚੀਮਾ ਨੇ ਇਸ ਫ਼ਿਲਮ ਵਿੱਚ ਤੀਜੀ ਪੀੜ੍ਹੀ ਤਕ ਦਾ ਕਿਰਦਾਰ ਨਿਭਾਇਆ ਹੈ। ਚੀਮਾ ਇਸ ਫ਼ਿਲਮ ਵਿੱਚ ਤਿੰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਫ਼ਿਲਮ ਦੇ ਜ਼ਰੀਏ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚਾਹੇ ਕਿਹੋ ਜਿਹਾ ਵੀ ਸਮਾਂ ਆਵੇ, ਨੌਜਵਾਨਾਂ ਨੂੰ ਆਪਣੇ ਮਾਪਿਆਂ ਦੀ ਕਦਰ ਅਤੇ ਇੱਜ਼ਤ ਹਮੇਸ਼ਾਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਕਦਰਾਂ-ਕੀਮਤਾਂ ਪੱਖੋਂ ਗਿਰਾਵਟ ਆ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਫ਼ਿਲਮ ਦੀ ਕਹਾਣੀ ਖ਼ੁਦ ਅਮਿਤੋਜ ਮਾਨ ਨੇ ਲਿਖੀ ਹੈ ਜਦੋਂਕਿ ਸੰਵਾਦਾਂ ਵਿੱਚ ਸਰਦਾਰ ਸੋਹੀ ਹੋਰਾਂ ਨੇ ਸਾਥ ਦਿੱਤਾ ਹੈ। ਇਸ ਫ਼ਿਲਮ ਦੇ ਜ਼ਰੀਏ ਹਰਭਜਨ ਮਾਨ ਵੀ ਲੰਮੇ ਸਮੇਂ ਬਾਅਦ ਫ਼ਿਲਮ ਵਿੱਚ ਵਾਪਸੀ ਕਰਨ ਜਾ ਰਹੇ ਹਨ ਜਦੋਂਕਿ ਸਰਬਜੀਤ ਚੀਮਾ ਵੀ ਫ਼ਿਲਮ ਵਿੱਚ ਸ਼ਾਨਦਾਰ ਭੂਮਿਕਾ ਨਿਭਾ ਰਹੇ ਹਨ। ਸਟਾਰ ਪਲੱਸ ਦੇ ਪ੍ਰਸਿੱਧ ਸੀਰੀਅਲ ‘ਸਬ ਕੀ ਲਾਡਲੀ ਬੇਬੋ’ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਅਦਾਕਾਰ ਅਨੁਜ ਸਚਦੇਵਾ ਵੀ ਇਸ ਫ਼ਿਲਮ ਦੇ ਜਰੀਏ ਫ਼ਿਲਮੀ ਖੇਤਰ ਵੱਲ ਰੁਖ਼ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਸੋਨੀਆ ਮਾਨ, ਮਨਪ੍ਰੀਤ ਅਖ਼ਤਰ, ਨਵੀ ਅਖ਼ਤਰ, ਰੂਪਮ ਬੱਲ ਕੈਨੇਡਾ, ਦਿਲਖੁਸ਼ ਬ੍ਰਦਰ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਗੀਤ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦੋਂਕਿ ਸੰਗੀਤ ਪ੍ਰਸਿੱਧ ਸੰਗੀਤਕਾਰ ਜੈ ਦੇਵ ਕੁਮਾਰ ਨੇ ਦਿੱਤਾ ਹੈ। ਇਹ ਫ਼ਿਲਮ ਸਤੰਬਰ ਮਹੀਨੇ ਤਕ ਦਰਸ਼ਕਾਂ ਦੇ ਸਾਹਮਣੇ ਹੋਵੇਗੀ।




No comments:
Post a Comment