ਸਿਗਰੇਟਾਂ, ਤੰਮਾਕੂ ਉਤਪਾਦਾਂ 'ਤੇ ਵੈਟ ਵਧਾਓ ਨਹੀਂ ਤਾਂ ਜਾਵਾਂਗੀ ਹਾਈਕੋਰਟ
ਚੰਡੀਗੜ੍ਹ - ਕੁੱਝ ਸਮੇਂ ਤਕ ਸ਼ਾਂਤ ਰਹਿਣ ਤੋਂ ਬਾਅਦ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਇਕ ਵਾਰ ਫਿਰ ਆਪਣੀ ਹੀ ਸਰਕਾਰ ਦੇ ਵਿਰੁੱਧ ਮੈਦਾਨ-ਏ-ਜੰਗ ਵਿਚ ਡਟ ਗਈ ਹੈ। ਇਸ ਵਾਰ ਉਨ੍ਹਾਂ ਨੇ ਰਾਜ ਸਰਕਾਰ ਵਲੋਂ ਸਿਗਰੇਟਾਂ ਤੇ ਤੰਬਾਕੂ ਦੇ ਉਤਪਾਦਾਂ 'ਤੇ ਵੈਟ ਨੂੰ 55 ਫੀਸਦੀ ਤੋਂ ਘਟਾਕੇ 22 ਫੀਸਦੀ ਕੀਤੇ ਜਾਣ ਦੇ ਫੈਸਲੇ ਨੂੰ ਗਲਤ ਠਹਿਰਾਉਂਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਲਟੀਮੇਟਮ ਦਿੰਦਿਆਂ ਘੋਸ਼ਣਾ ਕੀਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਇਸ ਨੂੰ ਵਾਪਸ ਨਾ ਲਿਆ ਗਿਆ ਤਾਂ ਉਹ ਪੰਜਾਬ ਦੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਵੇਗੀ। ਸਕੱਤਰੇਤ ਵਿਚ ਆਪਣੇ ਦਫ਼ਤਰ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਗ ਜ਼ਾਹਿਰ ਹੈ ਕਿ ਸਿਗਰੇਟ ਪੀਣ ਜਾਂ ਤੰਬਾਕੂ ਦੇ ਉਤਪਾਦਾਂ ਦਾ ਸੇਵਨ ਕਰਨਾ ਮਨੁੱਖ ਲਈ ਕਿੰਨਾ ਹਾਨੀਕਾਰਕ ਹੈ। ਆਦਮੀ ਵਿਚ ਕੈਂਸਰ ਦਾ ਮੁੱਖ ਕਾਰਨ ਇਹ ਹੀ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਿਗਰੇਟਾਂ ਅਤੇ ਤੰਬਾਕੂ ਉਤਪਾਦਾਂ ਵਿਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਜਿਹੇ ਰਾਜਾਂ ਵਿਚ ਵੈਟ ਦੀ ਦਰ ਵਧਾ ਕੇ 50 ਫੀਸਦੀ ਕਰ ਦਿੱਤੀ ਗਈ ਹੈ ਜਦੋਂ ਕਿ ਗੁਰੂਆਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿਚ ਇਹ ਦਰ ਘਟਾ ਕੇ 22 ਫੀਸਦੀ ਕਰ ਦਿੱਤੀ ਗਈ ਹੈ।