ਗੜ੍ਹਦੀਵਾਲਾ- ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਇਥੇ ਲਗਭਗ 97 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਬ-ਤਹਿਸੀਲ ਕੰਪਲੈਕਸ ਅਤੇ ਪਟਵਾਰ ਵਰਕ ਸਟੇਸ਼ਨ ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਜੇਕਰ ਗੜ੍ਹਦੀਵਾਲਾ ਵਿਚ ਸਬ-ਤਹਿਸੀਲ ਨਹੀਂ ਬਣ ਸਕੀ ਤਾਂ ਇਸ ਦੇ ਲਈ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਜ਼ਿਮੇਵਾਰ ਹੈ, ਜਿਸ ਨੇ ਸਭ ਤੋਂ ਵੱਧ ਸਮਾਂ ਦੇਸ਼ ਉਪਰ ਰਾਜ ਕੀਤਾ। ਕਾਂਗਰਸ ਪਾਰਟੀ ਪੰਜਾਬ ਅੰਦਰ ਖਜ਼ਾਨਾ ਖਾਲੀ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੀ ਹੈ ਪਰ ਜੇਕਰ ਪੰਜਾਬ ਦਾ ਖਜ਼ਾਨਾ ਖਾਲੀ ਹੁੰਦਾ ਤਾਂ ਪੰਜਾਬ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ਼ ਨਾ ਹੁੰਦੇ। ਉਨ੍ਹਾਂ ਕਿਹਾ ਕਿ ਹੁਣ ਖਜ਼ਾਨਾ ਖਾਲੀ ਹੋਣ ਦਾ ਪ੍ਰਚਾਰ ਕਰ ਰਹੀ ਕਾਂਗਰਸ ਪਾਰਟੀ ਇਹ ਦੱਸੇ ਕਿ ਆਪਣੇ ਕਾਰਜ਼ਕਾਲ ਦੌਰਾਨ ਉਸ ਨੇ ਪੰਜਾਬ ਦੇ ਕਿਹੜੇ ਵਿਕਾਸ ਦੇ ਕੰਮ ਕਰਵਾਏ। ਇਸ ਦਾ ਮੁੱਖ ਮੰਤਰੀ ਤਾਂ ਲੱਭਦਾ ਹੀ ਨਹੀਂ ਸੀ, ਕਦੇ ਬਾਰਡਰ ਟੱਪ ਜਾਂਦਾ ਸੀ ਤੇ ਕਦੇ ਰਾਜਸਥਾਨ ਦੀ ਸੈਰ ਕਰਦਾ ਸੀ। ਅੱਜ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਇੰਨੀ ਜਿਆਦਾ ਮਾੜੀ ਹੋ ਚੁੱਕੀ ਹੈ ਕਿ ਇਹ ਪਾਰਟੀ ਆਗਾਮੀ ਲੋਕਸਭਾ ਚੋਣਾਂ ਵਿਚ 100 ਸੀਟਾਂ ਵੀ ਨਹੀਂ ਜਿੱਤ ਸਕੇਗੀ।
ਮਜੀਠੀਆ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜਮੰਤਰੀ ਸੰਤੋਸ਼ ਚੌਧਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਦੇ ਉਹ ਮੰਤਰੀ ਬਣੇ ਹਨ, ਉਨ੍ਹਾਂ ਇਸ ਗੱਲ ਨੂੰ ਹੀ ਮੁੱਖ ਰੱਖਿਆ ਕਿ 108 ਐਂਬੂਲੈਂਸ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਉਤਾਰੀ ਜਾਵੇ, ਲੇਕਿਨ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲੇ ਅਤੇ ਲੋਕਸਭਾ ਹਲਕੇ ਦੇ ਵਿਕਾਸ ਲਈ ਕਦੇ ਕੋਈ ਗੱਲ ਨਹੀਂ ਕੀਤੀ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀਆਂ ਲੱਤਾਂ ਵਿਚ ਜਾਨ ਹੈ ਤਾਂ ਉਹ ਗੁਰਦਾਸਪੁਰ ਹਲਕੇ ਤੋਂ ਆਪ ਚੋਣ ਲੜੇ, ਬਾਜਵਾ ਤਾਂ ਚੋਣ ਮੈਦਾਨ ਛੱਡਣ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਅੰਦਰ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ, ਜਿਸ ਕਾਰਨ ਹੀ ਉਹ ਬਿਨ੍ਹਾਂ ਕਿਸੇ ਸਬੂਤ ਦੇ ਨਸ਼ਿਆਂ ਦੇ ਮਾਮਲੇ ਵਿਚ ਉਨ੍ਹਾਂ ਦਾ ਝੂਠਾ ਨਾਂ ਉਛਾਲ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਸਮੇਤ ਭਾਰੀ ਗਿਣਤੀ ਵਿਚ ਲੋਕ, ਰਾਜਸੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।