ਚੈਨਲਾਂ ਅਤੇ ਮੀਡੀਆ 'ਚ ਛਾਏ ਕੇਜਰੀਵਾਲ
ਜਲੰਧਰ -   ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਦੇ   ਅਹੁਦੇ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਭਾਜਪਾ ਦੀਆਂ ਮੁਸ਼ਕਲਾਂ ਕੌਮੀ ਪੱਧਰ 'ਤੇ ਹੋਰ ਵਧ ਗਈਆਂ ਹਨ। ਭਾਜਪਾ ਦੀ ਪਹਿਲਾਂ ਹੀ ਇਹ ਸ਼ਿਕਾਇਤ ਰਹੀ ਹੈ ਕਿ ਇਲੈਕਟ੍ਰਾਨਿਕ ਚੈਨਲਾਂ ਅਤੇ ਪਿੰ੍ਰਟ ਮੀਡੀਆ 'ਚ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਕਵਰੇਜ ਘੱਟ ਆ ਰਹੀ ਹੈ ਜਦਕਿ ਸਾਰੇ ਚੈਨਲਾਂ 'ਚ ਕੇਜਰੀਵਾਲ ਨੂੰ ਜ਼ਿਆਦਾ ਸਥਾਨ ਦਿੱਤਾ ਜਾ ਰਿਹਾ ਹੈ। ਖੁਦ ਮੋਦੀ ਨੇ ਵੀ ਇਕ ਰੈਲੀ 'ਚ ਇਸ ਦਾ ਜ਼ਿਕਰ ਕੀਤਾ ਸੀ। ਹੁਣ ਕੇਜਰੀਵਾਲ ਦੇ ਨਵੇਂ ਧਮਾਕੇ ਨਾਲ ਭਾਜਪਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਸਾਰੇ ਚੈਨਲਾਂ 'ਤੇ ਕੇਜਰੀਵਾਲ ਛਾ ਗਏ ਹਨ। ਹਰੇਕ ਚੈਨਲ 'ਚ ਕੇਜਰੀਵਾਲ ਨੂੰ ਲੈ  ਕੇ ਖਬਰਾਂ  ਅਤੇ ਚਰਚਾਵਾਂ ਚੱਲ ਰਹੀਆਂ ਹਨ। 5 ਸੂਬਿਆਂ 'ਚ ਹੋਈਆਂ ਚੋਣਾਂ ਤੋਂ ਪਹਿਲਾਂ ਜ਼ਿਆਦਾ ਚੈਨਲਾਂ 'ਤੇ ਨਰਿੰਦਰ ਮੋਦੀ ਛਾਏ ਰਹਿੰਦੇ ਸਨ। ਉਨ੍ਹਾਂ  ਨੂੰ ਰਾਹੁਲ ਗਾਂਧੀ ਤੋਂ ਜ਼ਿਆਦਾ ਕਵਰੇਜ ਅਤੇ ਮਹੱਤਵ ਦਿੱਤਾ ਜਾਂਦਾ ਸੀ  ਪਰ  ਜਦੋਂ ਦਿੱਲੀ ਚੋਣਾਂ ਦੇ ਨਤੀਜਿਆਂ 'ਚ ਕੇਜਰੀਵਾਲ ਨੂੰ 28 ਸੀਟਾਂ ਮਿਲ ਗਈਆਂ ਤਾਂ ਅਚਾਨਕ ਕੇਜਰੀਵਾਲ ਦੀ ਮਹੱਤਤਾ ਰਾਸ਼ਟਰੀ ਚੈਨਲਾਂ 'ਚ ਵਧ ਗਈ। ਉਸ ਦੇ ਬਾਅਦ  ਹੀ ਚੈਨਲਾਂ 'ਚ ਕੇਜਰੀਵਾਲ ਨੂੰ ਲੈ ਕੇ ਹੀ ਚਰਚਾਵਾਂ ਚਲਦੀਆਂ ਰਹੀਆਂ। ਹੁਣ ਕੇਜਰੀਵਾਲ ਵਲੋਂ ਮੁੱਖ ਮੰਤਰੀ ਦੇ ਅਹੁਦੇ ਨੂੰ ਠੁਕਰਾ ਦੇਣ ਨਾਲ ਸਿਆਸੀ ਹਲਕਿਆਂ 'ਚ ਇਸ  ਨੂੰ ਹਿੰਮਤੀ   ਕਦਮ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਭਾਜਪਾ 'ਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ  ਕਿ ਅਗਲੇ  ਦੋ ਮਹੀਨੇ  ਸਿਆਸੀ ਦ੍ਰਿਸ਼ਟੀ  ਤੋਂ ਕਾਫੀ ਮਹੱਤਵਪੂਰਨ ਹਨ।