www.sabblok.blogspot.com
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਦਿੱਲੀ ਦੀ ਕੇਜਰੀਵਾਲ ਸਰਕਾਰ ਸੰਕਟਾਂ 'ਚ ਘਿਰਦੀ ਜਾ ਰਹੀ ਹੈ। ਆਜ਼ਾਦ ਵਿਧਾਇਕ ਰਾਮਬੀਰ ਸ਼ੌਕੀਨ ਨੇ ਕੇਜਰੀਵਾਲ ਤੋਂ ਸਮਰਥਨ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਉਹ ਉਪ-ਰਾਜਪਾਲ ਨੂੰ ਸਮਰਥਨ ਵਾਪਸੀ ਦੀ ਚਿੱਠੀ ਦੇਣਗੇ। ਰਾਮਵੀਰ ਸ਼ੌਕੀਨ ਦਿੱਲੀ ਦੇ ਮੁੰਡਕਾ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਵਿਧਾਇਕ ਹਨ। ਸ਼ੌਕੀਨ ਨੇ ਕੇਜਰੀਵਾਲ 'ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਆਂ ਸਮਰਥਨ ਵਾਪਸੀ ਦਾ ਐਲਾਨ ਕੀਤਾ ਹੈ। ਨਾਲ ਹੀ ਸ਼ੌਕੀਨ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਆਪਣੀਆਂ ਸਾਰੀਆਂ ਗੱਲਾਂ ਰੱਖਣਗੇ। ਵਰਣਨਯੋਗ ਹੈ ਕਿ ਇਕ ਹੋਰ ਵਿਧਾਇਕ ਵਿਨੋਦ ਕੁਮਾਰ ਬਿੰਨੀ ਕੇਜਰੀਵਾਲ ਸਰਕਾਰ ਤੋਂ ਆਪਣਾ ਸਮਰਥਨ ਵਾਪਿਸ ਲੈ ਚੁੱਕੇ ਹਨ। ਇਸ ਤੋਂ ਪਹਿਲਾਂ ਰਾਮਵੀਰ ਸ਼ੌਕੀਨ ਅਤੇ ਬਿੰਨੀ ਦੇ ਨਾਲ ਹੀ ਜਨਤਾ ਦਲ (ਯੂ) ਵਿਧਾਇਕ ਸ਼ੋਇਬ ਇਕਬਾਲ ਨੇ ਕੇਜਰੀਵਾਲ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਹਾਲਾਂਕਿ 24 ਘੰਟਿਆਂ ਦੇ ਅੰਦਰ ਸ਼ੌਕੀਨ ਅਤੇ ਸ਼ੋਇਬ ਕੇਜਰੀਵਾਲ ਨੂੰ ਦੁਬਾਰਾ ਸਮਰਥਨ ਦੇਣ ਨੂੰ ਤਿਆਰ ਹੋ ਗਏ ਸਨ। ਇਸ ਸਮੇਂ ਆਮ ਆਦਮੀ ਪਾਰਟੀ ਦੇ 27 ਵਿਧਾਇਕ ਹਨ। ਕਾਂਗਰਸ ਆਪਣੇ 8 ਵਿਧਾਇਕਾਂ ਨਾਲ ਕੇਜਰੀਵਾਲ ਦੇ ਸਮਰਥਨ 'ਚ ਖੜ੍ਹੀ ਹੈ। ਇਸ ਤਰ੍ਹਾਂ ਕੁਲ 35 ਵਿਧਾਇਕ ਕੇਜਰੀਵਾਲ ਸਰਕਾਰ ਦੇ ਸਮਰਥਨ 'ਚ ਹਨ ਪਰ ਵਿਧਾਨ ਸਭਾ 'ਚ ਬਹੁਮਤ ਲਈ 36 ਵਿਧਾਇਕਾਂ ਦਾ ਸਾਥ ਚਾਹੀਦਾ ਹੈ।
No comments:
Post a Comment