ਨੂਰਮਹਿਲ, - ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਅੱਜ ਸ਼ਾਮ 5 ਵਜੇ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਦੇ ਪੱਤਰਕਾਰਾਂ ਨੇ ਹਿੱਸਾ ਲਿਆ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਆਸ਼ਰਮ ਦੇ ਬੁਲਾਰਿਆਂ ਵਲੋਂ ਉਹੀ ਪੁਰਾਣੇ ਜਵਾਬ ਦਿੱਤੇ ਗਏ ਕਿ ਆਸ਼ੂਤੋਸ਼ ਮਹਾਰਾਜ ਅਜੇ ਤਕ ਡੂੰਘੀ ਸਮਾਧੀ ਵਿਚ ਹਨ। ਇਕ ਸਵਾਲ ਦੇ ਜਵਾਬ ਵਿਚ ਚੰਡੀਗੜ੍ਹ ਤੋਂ ਆਏ ਮਹਾਰਾਜ ਦੇ ਪੈਰੋਕਾਰ ਅਤੇ ਚੰਡੀਗੜ੍ਹ ਵਿਖੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਡਾ. ਹਰਪਾਲ ਨੇ ਕਿਹਾ ਕਿ ਮਹਾਰਾਜ ਜੀ ਨੂੰ ਜ਼ੀਰੋ ਟੈਂਪਰੇਚਰ ਵਿਚ ਰੱਖਿਆ ਗਿਆ ਹੈ। ਇਹ ਪੁੱਛਣ 'ਤੇ ਕਿ ਕੀ ਉਨ੍ਹਾਂ ਨੂੰ ਮੋਰਚਰੀ ਵਿਚ ਰੱਖਿਆ ਗਿਆ ਹੈ ਜਾਂ ਕਿਤੇ ਹੋਰ ਤਾਂ ਉਨ੍ਹਾਂ ਕਿਹਾ ਕਿ ਮਹਾਰਾਜ ਨੂੰ ਸਪੈਸ਼ਲ ਤੌਰ 'ਤੇ ਬਣਾਏ ਗਏ ਚੈਂਬਰ ਵਿਚ ਰੱਖਿਆ ਗਿਆ ਹੈ ਨਾ ਕਿ ਭੂਤਨਾਥ ਮੰਦਰ ਤੋਂ ਲਿਆਂਦੇ ਗਏ ਫ੍ਰੀਜ਼ਰਾਂ ਵਿਚ। ਪੱਤਰਕਾਰਾਂ ਵਲੋਂ ਸਵਾਲ ਪੁੱਛਣ 'ਤੇ ਡਾ. ਹਰਪਾਲ ਨੇ ਕਿਹਾ ਕਿ ਮਹਾਰਾਜ ਜੀ ਦੀ ਚਮੜੀ ਦਾ ਰੰਗ ਵੀ ਬਦਲ ਰਿਹਾ ਹੈ ਅਤੇ ਉਹ ਲੇਟੀ ਹੋਈ ਅਵਸਥਾ ਵਿਚ ਹਨ। ਆਸ਼ਰਮ ਦੇ ਸੰਪਤੀ ਵਿਵਾਦ ਸੰਬੰਧੀ ਕਿਹਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ।
ਸਵਾਮੀ ਆਦਿਤਿਆ ਨੰਦ ਨੇ ਕਿਹਾ ਕਿ ਕੁਝ ਸਮਾਚਾਰ ਪੱਤਰਾਂ ਵਿਚ ਜਿਨ੍ਹਾਂ ਚਾਰ ਲੋਕਾਂ ਦੇ ਆਪਸ ਵਿਚ ਵਿਵਾਦ ਸੰਬੰਧੀ ਲਿਖਿਆ ਗਿਆ ਹੈ, ਉਨ੍ਹਾਂ ਵਿਚੋਂ ਸਵਾਮੀ ਅਰਵਿੰਦਾਨੰਦ, ਸਵਾਮੀ ਨਰਿੰਦਰਾਨੰਦ ਅਤੇ ਸਵਾਮੀ ਸਰਵਾਨੰਦ ਆਪ ਦੇ ਸਾਹਮਣੇ ਮੌਜੂਦ ਹਨ। ਡੇਰੇ ਦੀ ਸਾਂਭ-ਸੰਭਾਲ ਵਾਸਤੇ ਬਾਕਾਇਦਾ ਸੁਸਾਇਟੀ ਬਣੀ ਹੋਈ ਹੈ। ਅਸੀਂ ਆਪਸ ਵਿਚ ਇਕਜੁੱਟ ਹਾਂ ਅਤੇ ਸੰਪਤੀ ਸੰਬੰਧੀ ਸਾਡੇ ਵਿਚ ਕੋਈ ਵਿਵਾਦ ਨਹੀਂ ਹੈ ਪਰ ਹੁਣ ਤਕ ਵੀ ਉਥੇ ਪੁਲਸ ਦੇ ਸੁਰੱਖਿਆ ਪ੍ਰਬੰਧ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਆਉਣਾ-ਜਾਣਾ ਅਤੇ ਮਹਾਰਾਜ ਦੀ ਚਮੜੀ ਦੇ ਖਰਾਬ ਹੋਣ ਦੀ ਗੱਲ ਆਸ਼ਰਮ ਵਲੋਂ ਸਵੀਕਾਰ ਕਰਨਾ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਸੱਚਾਈ ਕੀ ਹੈ।