ਬਟਾਲਾ/ਜਲੰਧਰ-ਬੀਤੇ ਦਿਨ ਹੋਈ ਭਾਰੀ ਬਰਫਬਾਰੀ ਨੇ ਪੰਜਾਬ 'ਚ ਕਈ ਥਾਵਾਂ 'ਤੇ ਕਾਲੀਆਂ ਸੜਕਾਂ ਨੂੰ ਚਿੱਟੀਆਂ ਕਰ ਦਿੱਤਾ। ਸ਼ਨੀਵਾਰ ਨੂੰ ਬਟਾਲਾ ਦੇ ਨੇੜਲੇ ਕਸਬੇ ਹਰਚੋਵਾਲ 'ਚ ਹੋਈ ਭਾਰੀ ਬਰਫਬਾਰੀ ਨੇ ਅੱਜ ਤੱਕ ਦੇ ਇਤਿਹਾਸ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਜਿਵੇਂ ਸ਼੍ਰੀ ਹਰਿਗੋਬਿੰਦ ਪੁਰ, ਹਰਚੋਵਾਲ, ਘੁਮਾਣ, ਜਲੰਧਰ, ਲੁਧਿਆਣਾ, ਆਦਮਪੁਰ, ਕਾਲਕਾ, ਯਮੁਨਾ, ਪਿੰਡ ਮਠੋਲਾ, ਭਾਮ, ਭਾਮੜੀ ਅਤੇ ਬਸਰਾਵਾਂ ਆਦਿ ਪਿੰਡਾਂ 'ਚ ਭਾਰੀ ਬਾਰਸ਼ ਹੋਈ ਅਤੇ ਗੜ੍ਹੇ ਵੀ ਪਏ, ਜਿਸ ਕਾਰਨ ਕਾਫੀ ਠੰਡ ਹੋ ਗਈ। ਕਰੀਬ 15 ਮਿੰਟਾਂ ਤੱਕ ਹੋਈ ਭਾਰੀ ਬਰਫਬਾਰੀ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਆਮ ਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ। ਇਨ੍ਹਾਂ ਖੇਤਰਾਂ 'ਚ ਗੜ੍ਹਿਆਂ ਦੇ ਰੂਪ 'ਚ ਹੋਈ ਭਾਰੀ ਬਰਫਬਾਰੀ ਨੇ ਸੜਕਾਂ ਅਤੇ ਖੇਤਾਂ 'ਚ ਚਿੱਟੀ ਚਾਦਰ ਤਾਣ ਦਿੱਤੀ।
ਹਰਚੋਵਾਲ ਇਲਾਕੇ ਦੇ ਲੋਕਾਂ ਨੇ 'ਜਗ ਬਾਣੀ' ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ 'ਚ ਅੱਜ ਤੱਕ 50 ਸਾਲਾ ਦੇ ਇਤਿਹਾਸ 'ਚ ਅਜਿਹੇ ਗੜ੍ਹੇ ਅਤੇ ਬਰਫ ਦੇਖਣ ਨੂੰ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਮੇਂ 'ਚ ਕਰੀਬ ਅੱਧਾ-ਅੱਧਾ ਫੁੱਟ ਬਰਫ ਪੈ ਗਈ, ਜਿਸ ਕਾਰਨ ਸੜਕਾਂ 'ਤੇ ਜਾਮ ਲੱਗ ਗਏ ਅਤੇ ਰਾਹਗੀਰਾਂ ਨੂੰ ਗੜ੍ਹੇਮਾਰੀ ਬੰਦ ਹੋਣ ਦੀ ਉਡੀਕ ਕਰਨੀ ਪਈ।