ਨਵੀਂ ਦਿੱਲੀ- ਜਨਲੋਕਪਾਲ ਬਿੱਲ ਪਾਸ ਕਰਵਾਉਣ 'ਚ ਨਾਕਾਮਯਾਬ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫਾ ਦਿੱਲੀ ਦੇ ਉਪਰਾਜਪਾਲ ਨਜ਼ੀਬ ਜੰਗ ਨੂੰ ਭੇਜ ਦਿੱਤਾ ਹੈ। ਪੀ. ਟੀ. ਆਈ. ਦੀ ਖਬਰ ਦੇ ਮੁਤਾਬਕ ਜਨਲੋਕਪਾਲ ਬਿੱਲ ਨੂੰ ਪੇਸ਼ ਨਾ ਕਰਵਾਉਣ ਦੇ ਚਲਦਿਆਂ ਹੀ ਕੇਜਰੀਵਾਲ ਨੇ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੁਪਹਿਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀ ਵਿਧਾਨ ਸਭਾ 'ਚ ਜਨਲੋਕਪਾਲ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ 47 ਵਿਧਾਇਕਾਂ ਵਲੋਂ ਬਿੱਲ ਦਾ ਵਿਰੋਧ ਕੀਤੇ ਜਾਣ ਦੇ ਚਲਦਿਆਂ ਇਹ ਬਿੱਲ ਪੇਸ਼ ਨਹੀਂ ਹੋ ਸਕਿਆ। ਕੇਜਰੀਵਾਲ ਨੇ ਵਿਧਾਨ ਸਭਾ 'ਚ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਵਿਧਾਨ ਸਭਾ ਸੈਸ਼ਨ ਹੈ। ਸ਼ੁੱਕਰਵਾਰ ਸ਼ਾਮ ਕਰੀਬ 8.15 ਵਜੇ ਕੇਜਰੀਵਾਲ ਨੇ ਆਪਣਾ ਅਸਤੀਫਾ ਉਪ ਰਾਜਪਾਲ ਨੂੰ ਭੇਜ ਦਿੱਤਾ। ਕੇਜਰੀਵਾਲ ਨੇ ਅਸਤੀਫੇ 'ਚ ਵਿਧਾਨ ਸਭਾ ਨੂੰ ਭੰਗ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਜਨਲੋਕਪਾਲ ਬਿੱਲ ਨੂੰ ਵਿਧਾਨ ਸਭਾ 'ਚ ਰੱਖੇ ਜਾਣ ਦੇ ਮਾਮਲੇ 'ਚ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਹੋਰ ਵਿਧਾਇਕ ਸਰਕਾਰ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਪ ਰਾਜਪਾਲ ਨਜ਼ੀਬ ਜੰਗ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇਕ ਪੱਤਰ ਲਿੱਖ ਕੇ ਇਹ ਬਿੱਲ ਪੇਸ਼ ਨਾ ਕਰਨ ਲਈ ਕਿਹਾ ਸੀ। ਉਪ ਰਾਜ ਪਾਲ ਦੇ ਪੱਤਰ ਦੇ ਆਧਾਰ 'ਤੇ ਹੀ ਕਾਂਗਰਸ ਅਤੇ ਭਾਜਪਾ ਇਸ ਬਿੱਲ ਦਾ ਵਿਰੋਧ ਕਰ ਰਹੇ ਸਨ। ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਹੁਣ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਦਿੱਲੀ 'ਚ ਇਕ ਵਾਰ ਫਿਰ ਵਿਧਾਨ ਸਭਾ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਦਿੱਲੀ 'ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਸਕਦਾ ਹੈ।