ਜਲੰਧਰ— ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੈਨੇਡਾ ਦੇ ਐੱਸ. ਵੀ. ਪੀ. (ਸੁਚਾਰੂ ਵੀਜ਼ਾ ਪ੍ਰਕਿਰਿਆ) ਦੇ ਮੁਕਾਬਲੇ ਆਸਟ੍ਰੇਲੀਆ ਨੇ ਐੱਸ. ਵੀ. ਪੀ. ਨਿਯਮਾਂ ਦੇ ਤਹਿਤ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀਜ਼ਾ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਪਰ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਦੀ ਘਾਟ ਕਾਰਨ ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀ ਲਗਾਤਾਰ ਟ੍ਰੈਵਲ ਏਜੰਟਾਂ ਅਤੇ ਆਸਟ੍ਰੇਲੀਆ 'ਚ ਪੜ੍ਹ ਰਹੇ ਵਿਦਿਆਰਥੀ ਰੂਪੀ ਏਜੰਟਾਂ ਦੇ ਮਾਇਆਜਾਲ 'ਚ ਫਸਕੇ ਆਪਣਾ ਪੈਸਾ ਤੇ ਸਮਾਂ ਖਰਾਬ ਕਰ ਰਹੇ ਹਨ।
ਜਾਣਕਾਰ ਸੂਤਰਾਂ ਦੀ ਮੰਨੀਏ ਤਾਂ ਜਿਹੜੇ ਵਿਦਿਆਰਥੀ ਪਿਛਲੇ ਕੁਝ ਸਾਲਾਂ 'ਚ ਆਸਟ੍ਰੇਲੀਆ ਪੜ੍ਹਨ ਗਏ ਹਨ ਜਾਂ ਆਸਟ੍ਰੇਲੀਆ ਤੋਂ ਪੜ੍ਹ ਕੇ ਆ ਚੁੱਕੇ ਹਨ, ਉਨ੍ਹਾਂ 'ਚ ਕਈ ਆਪ ਟ੍ਰੈਵਲ ਏਜੰਸੀ ਦਾ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਸਰਪ੍ਰਸਤੀ ਜਾਂ ਤਾਂ ਪੰਜਾਬ 'ਚ ਬੈਠੇ ਹੀ ਕਈ ਟ੍ਰੈਵਲ ਏਜੰਟ ਜਾਂ ਫਿਰ ਆਸਟ੍ਰੇਲੀਆ 'ਚ ਬੈਠੇ ਟ੍ਰੈਵਲ ਏਜੰਟ ਦੇ ਰਹੇ ਹਨ।
ਸੂਤਰਾਂ ਦੇ ਅਨੁਸਾਰ ਇਹ ਵਿਦਿਆਰਥੀ ਰੂਪੀ ਏਜੰਟ ਕਈ ਹੋਰ ਟ੍ਰੈਵਲ ਏਜੰਟ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਲਿਜਾਣ ਲਈ ਪੁਰਾਣੇ ਨਿਯਮਾਂ ਦਾ ਹੀ ਹਵਾਲਾ ਦੇ ਕੇ ਉਨ੍ਹਾਂ ਨੂੰ ਦੱਸਦੇ ਹਨ ਕਿ ਆਸਟ੍ਰੇਲੀਆ 'ਚ ਪੜ੍ਹਨ ਜਾਣ ਲਈ ਇਥੋਂ ਤੁਸੀਂ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਚਲੇ ਜਾਓ ਅਤੇ ਉਥੇ ਜਾ ਕੇ ਜਦੋਂ ਮਰਜ਼ੀ ਮਨਚਾਹੀ ਯੂਨੀਵਰਸਿਟੀ ਜਾਂ ਕਾਲਜ 'ਚ ਸ਼ਿਫਟ ਹੋ ਜਾਓ। ਪਰ ਇਹ ਨਿਯਮ ਹੁਣ ਖਤਮ ਹੋ ਚੁੱਕੇ ਹਨ। ਨਵੇਂ ਐੱਸ. ਵੀ. ਪੀ. ਨਿਯਮਾਂ ਦੇ ਅਧੀਨ ਜੇਕਰ ਵਿਦਿਆਰਥੀ ਐੱਸ. ਵੀ. ਪੀ. ਪ੍ਰੋਗਰਾਮ ਦੇ ਅਧੀਨ ਆਸਟ੍ਰੇਲੀਆ ਪੜ੍ਹਨ ਜਾਂਦਾ ਹੈ ਤਾਂ ਉਹ ਉਥੇ ਜਾ ਕੇ ਕੇਵਲ ਐੱਸ. ਵੀ. ਪੀ. ਯੂਨੀਵਰਸਿਟੀ ਜਾਂ ਕਾਲਜ 'ਚ ਹੀ ਸ਼ਿਫਟ ਹੋ ਸਕਦਾ ਹੈ।
ਇਸ ਦੇ ਇਲਾਵਾ ਇਕ ਹੋਰ ਤਕੀਰੇ ਨਾਲ ਟ੍ਰੈਵਲ ਏਜੰਟ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨਾਲ ਠੱਗੀ ਕਰ ਰਹੇ ਹਨ। ਇਹ ਤਰੀਕਾ ਹੈ ਆਫਰ ਲੈਟਰ ਦੇ ਨਾਂ 'ਤੇ ਵਸੂਲੀ ਜਾ ਰਹੀ ਫੀਸ ਦਾ ਹੈ। ਆਸਟ੍ਰੇਲੀਆ ਵੀਜ਼ਾ ਮਾਹਿਰਾਂ ਦੀ ਮੰਨੀਏ ਤਾਂ ਆਫਰ ਲੈਟਰ ਜੋ ਆਸਟ੍ਰੇਲੀਆ ਦੇ ਸਿੱਖਿਆ ਅਦਾਰਿਆਂ ਵਲੋਂ ਜਾਰੀ ਕੀਤਾ ਜਾਂਦਾ ਹੈ, ਉਸ ਦੇ ਲਈ  ਕੋਈ ਫੀਸ ਵਸੂਲੀ ਨਹੀਂ ਜਾ ਸਕਦੀ। ਜਾਣਕਾਰ ਦੱਸਦੇ ਹਨ ਕਿ ਕਈ ਟ੍ਰੈਵਲ ਏਜੰਟ ਵਿਦਿਆਰਥੀਆਂ ਤੋਂ ਕੇਵਲ ਆਫਰ ਲੈਟਰ ਦੇ ਨਾਂ 'ਤੇ 10-15 ਹਜ਼ਾਰ ਰੁਪਏ ਵਸੂਲ ਰਹੇ ਹਨ।  ਵਿਦਿਆਰਥੀ ਜੇਕਰ  ਅਪਲਾਈ ਕਰਨ ਦੇ ਕੁਝ ਸਮੇਂ ਬਾਅਦ ਏਜੰਟ ਨੂੰ ਕਹਿੰਦਾ ਹੈ ਕਿ ਮੈਂ ਹੁਣ ਉਕਤ ਕਾਲਜ ਜਾਂ ਯੂਨੀਵਰਸਿਟੀ ਵਿਚ ਨਹੀਂ ਜਾਣਾ ਚਾਹੁੰਦਾ ਹਾਂ ਤਾਂ ਏਜੰਟਾਂ ਵਲੋਂ ਉਨ੍ਹਾਂ ਤੋਂ ਆਫਰ ਲੈਟਰ ਦੀ ਫੀਸ ਮੰਗੀ ਜਾਂਦੀ ਹੈ, ਜੇਕਰ ਵਿਦਿਆਰਥੀ ਫੀਸ ਦੇਣ ਤੋਂ ਨਾ ਕਰਦਾ ਹੈ ਤਾਂ ਅਕਸਰ ਏਜੰਟ ਉਸ ਦੇ ਸਿੱਖਿਆ ਨਾਲ ਸਬੰਧਤ ਕਾਗਜ਼ਾਤ ਮੋੜਨ ਤੋਂ ਮਨ੍ਹਾ ਕਰ ਦਿੰਦੇ ਹਨ, ਜੋ ਕਿ ਬਿਲਕੁੱਲ ਗਲਤ ਹੈ।
ਮਾਮਲੇ ਸਬੰਧੀ ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਤੇ ਆਈ ਵੀਜ਼ਾ ਸੰਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਆਫਰ ਲੈਟਰ ਜਾਂ ਪ੍ਰੋਸੈਸਿੰਗ ਟੀਮ ਦੇ ਨਾਂ 'ਤੇ ਏਜੰਟਾਂ ਨੂੰ ਕੋਈ ਪੈਸਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਚੰਗਾ ਇਹ ਰਹੇਗਾ ਕਿ ਵਿਦਿਆਰਥੀ ਆਸਟ੍ਰੇਲੀਆ ਪੜ੍ਹਨ ਜਾਣ ਤੋਂ ਪਹਿਲਾਂ ਐੱਸ. ਵੀ. ਪੀ. ਨਿਯਮਾਂ ਦੀ ਪੂਰੀ ਜਾਣਕਾਰੀ ਲੈਣ।