www.sabblok.blogspot.com
ਬਾਦਲ ਦਾ ਸ਼੍ਰੋਮਣੀ ਕਮੇਟੀ 'ਚ ਕੋਈ ਦਖਲ ਨਹੀਂ
ਜਲੰਧਰ, -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਰਿਸਰ ਅੰਦਰ ਬਣਨ ਵਾਲੀ ਸ਼ਹੀਦਾਂ ਦੀ ਯਾਦਗਾਰ ਬਾਰੇ ਦਿੱਤੇ ਗਏ ਆਪਣੇ ਬਿਆਨ ਵਿਚ ਖੁਦ ਹੀ ਫਸਦੇ ਨਜ਼ਰ ਆ ਰਹੇ ਹਨ। ਮੱਕੜ ਨੇ ਕਿਹਾ ਸੀ ਕਿ ਇਹ ਯਾਦਗਾਰ ਮੁੱਖ ਮੰਤਰੀ ਬਾਦਲ ਸਾਹਿਬ ਦੀ ਸਹਿਮਤੀ ਨਾਲ ਬਣੀ ਹੈ। ਇਸ ਮਾਮਲੇ ਵਿਚ ਅੱਜ ਜਿਥੇ ਬਾਦਲ ਨੇ ਮੱਕੜ ਦੇ ਇਸ ਬਿਆਨ ਨੂੰ ਸਿੱਧੇ ਰੂਪ 'ਚ ਝੂਠਾ ਕਰਾਰ ਦਿੱਤਾ, ਉਥੇ ਹੀ ਅਕਾਲੀ ਹਲਕੇ ਵਿਚ ਇਹ ਚਰਚਾ ਛਿੜ ਗਈ ਕਿ ਹੋ ਸਕਦਾ ਹੈ ਕਿ ਮੱਕੜ ਸਾਹਿਬ ਦੀ ਪ੍ਰਧਾਨਗੀ ਤੋਂ ਛੁੱਟੀ ਹੋ ਜਾਵੇ। ਭਾਵੇਂ ਇਹ ਕਦਮ ਤੁਰੰਤ ਨਾ ਚੁੱਕਿਆ ਜਾਵੇ ਕਿਉਂਕਿ ਇਸਦਾ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਮੁੱਦਾ ਮਿਲ ਸਕਦਾ ਹੈ ਪਰ ਸੂਤਰਾਂ ਮੁਤਾਬਕ ਆਪਣੇ ਇਸ ਬਿਆਨ ਦੇ ਬਾਅਦ ਮੱਕੜ ਦੀ ਖੂਬ ਕਿਰਕਰੀ ਹੋ ਰਹੀ ਹੈ। ਮਾਮਲੇ ਬਾਰੇ ਜਲੰਧਰ ਵਿਚ ਕਰਵਾਏ ਗਏ ਅਕਾਲੀ ਦਲ ਦੇ ਇਕ ਪ੍ਰੋਗਰਾਮ ਵਿਚ ਪਹੁੰਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੱਕੜ ਵਲੋਂ ਜੇਕਰ ਇਹ ਬਿਆਨ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਬਾਦਲ ਦੇ ਕਹਿਣ 'ਤੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ ਤਾਂ ਇਹ ਸਰਾਸਰ ਗਲਤ ਹੈ ਕਿਉਂਕਿ ਬਾਦਲ ਸਾਹਿਬ ਦਾ ਧਾਰਮਿਕ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਕੋਈ ਦਖਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਬਾਦਲ ਸਾਹਿਬ ਸਲਾਹ ਤਾਂ ਦੇ ਸਕਦੇ ਹਨ ਪਰ ਆਖਰੀ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਲੈ ਸਕਦਾ ਹੈ। ਇਸ ਸਭ ਤੋਂ ਬਾਅਦ ਅਕਾਲੀ ਦਲ ਅੰਦਰ ਬਾਦਲ ਅਤੇ ਮੱਕੜ ਦੇ ਵਿਚ ਖਿੱਚੀ ਗਈ ਬਿਆਨਬਾਜ਼ੀ ਦੀ ਤਰੇੜ ਸ਼ਰੇਆਮ ਨਜ਼ਰ ਆਉਣ ਲੱਗੀ ਹੈ ਅਤੇ ਅਜਿਹੀ ਚਰਚਾ ਛਿੜ ਗਈ ਹੈ ਕਿ ਇਸ ਗਰਮਾਉਂਦੇ ਮਾਮਲੇ ਦੇ ਚਲਦਿਆਂ ਮੱਕੜ ਨੂੰ ਪ੍ਰਧਾਨਗੀ ਤੋਂ ਹੱਥ ਧੋਣੇ ਪੈ ਸਕਦੇ ਹਨ।
No comments:
Post a Comment