ਹੁਸ਼ਿਆਰਪੁਰ— ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਆਪਣੇ ਮੁਹਾਰਤ ਅਤੇ ਸੇਵਾ ਨਾਲ ਮੌਤ ਦੇ ਮੂੰਹ 'ਚੋਂ ਮਰੀਜ਼ ਨੂੰ ਬਚਾ ਲਿਆਉਂਦੇ ਹਨ, ਪਰ ਪੰਜਾਬ ਦੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਇਕ ਮੰਤਰੀ ਦੀ ਆਓ ਭਗਤ ਵਿੱਚ ਲੱਗੇ ਡਾਕਟਰ ਆਪਣਾ ਇਹ ਫਰਜ਼ ਭੁੱਲ ਗਏ, ਜਿਸ ਕਾਰਨ ਇਕ ਮਰੀਜ਼ ਨੇ ਤੜਪ-ਤੜਪ ਕੇ ਦਮ ਤੋੜ ਦਿੱਤਾ। ਐਮਰਜੈਂਸੀ ਵਿਭਾਗ ਦੇ ਬਾਹਰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸੰਤੋਸ਼ ਚੌਧਰੀ ਦਾ ਸਿਹਤ ਸੂਚਨਾ ਜਨ ਮੁਹਿੰਮ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ 'ਚ ਹਸਪਤਾਲ ਦਾ ਸਾਰਾ ਸਟਾਫ ਅਤੇ ਡਾਕਟਰ ਵੀ ਮੰਤਰੀ ਸਾਹਿਬਾ ਦੀ ਆਓ ਭਗਤ 'ਚ ਲੱਗੇ ਹੋਏ ਸਨ। ਇਸ ਦੌਰਾਨ ਇਕ ਵਿਅਕਤੀ ਨੇ ਪ੍ਰੋਗਰਾਮ ਦੇ ਵਿੱਚ ਆ ਕੇ ਉੱਥੇ ਬੈਠੇ ਡਾਕਟਰਾਂ ਨੂੰ ਆਪਣੀ ਤੜਪਦੀ ਮਾਂ ਕਾਂਤਾ ਦੇਵੀ ਨੂੰ ਦੇਖਣ ਦੀ ਗੁਹਾਰ ਲਗਾਈ ਪਰ ਕਿਸੇ ਵੀ ਡਾਕਟਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਐੱਸ. ਐੱਮ. ਓ. ਵੱਲੋਂ ਮਾਮਲੇ 'ਚ ਦਖਲ ਦਿੱਤੇ ਜਾਣ ਤੋਂ ਬਾਅਦ ਡਾਕਟਰ ਪ੍ਰੋਗਰਾਮ ਤੋਂ ਉੱਠ ਕੇ ਐਮਰਜੈਂਸੀ ਵਿਭਾਗ 'ਚ ਕਾਂਤਾ ਦੇਵੀ ਨਾਂ ਦੀ ਮਰੀਜ਼ ਨੂੰ ਦੇਖਣ ਗਏ ਤਾਂ ਉਹ ਆਪਣੇ ਆਖਰੀ ਸਾਹ ਲੈ ਰਹੀ ਸੀ। ਕਾਂਤਾ ਦੇਵੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਭੜਕ ਗਏ ਅਤੇ ਉਨ੍ਹਾਂ ਨੇ ਇਸ ਦਾ ਸਾਰਾ ਜ਼ਿੰਮਾ ਹਸਪਤਾਲ ਪ੍ਰਸ਼ਾਸਨ ਦੇ ਸਿਰ ਮੜ੍ਹ ਦਿੱਤਾ। ਜਿਸ ਸਮੇਂ ਕਾਂਤਾ ਦੇਵੀ ਦੀ ਮੌਤ ਹੋਈ ਉਸ ਸਮੇਂ ਮਹਿਜ਼ ਦਸ ਕਦਮ ਦੀ ਦੂਰੀ 'ਤੇ ਹੀ ਸਿਹਤ ਪ੍ਰੋਗਰਾਮ 'ਚ ਰੁੱਝੀ ਕੇਂਦਰੀ ਸਿਹਤ ਮੰਤਰੀ ਸੰਤੋਸ਼ ਚੌਧਰੀ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦੇਣ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਆਪਣਾ ਰੋਸ ਜ਼ਾਹਿਰ ਕੀਤਾ। ਇੰਨਾਂ ਹੀ ਨਹੀਂ ਇਸ ਮੌਤ ਦੇ ਸੰਬੰਧ ਵਿਚ ਸਿਹਤ ਮੰਤਰੀ ਨੇ ਜੋ ਜਵਾਬ ਦਿੱਤਾ ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਕਈ ਵਾਰ ਮਰੀਜ਼ਾਂ ਦੀਆਂ ਮੌਤਾਂ ਹੋ ਜਾਂਦੀਆਂ ਹਨ।