www.sabblok.blogspot.com
ਚੰਡੀਗੜ੍ਹ : ਰਾਹਲੁ ਗਾਂਧੀ ਵੱਲੋਂ ਆਪਣੀ ਇੰਟਰਵਿਊ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕੁਝ ਕਾਂਗਰਸੀਆਂ ਦੀ ਸ਼ਮੂਲੀਅਤ ਦਾ ਖ਼ਦਸ਼ਾ ਪ੍ਰਗਟ ਕਰਨ ਤੋਂ ਬਾਅਦ ਹੁਣ ਇਕ ਹੋਰ ਸੱਚਾਈ ਦਾ ਖ਼ੁਲਾਸਾ ਹੋਇਆ ਹੈ ਜਿਸ ਨਾਲ ਕਾਂਗਰਸ ਦੀਆਂ ਮੁਸ਼ਕਿਲਾਂ ਨਾ ਕੇਵਲ ਵਧਣ ਵਾਲੀਆਂ ਹਨ ਬਲਕਿ ਵਿਰੋਧੀ ਧਿਰ ਨੂੰ ਵੀ ਇਕ ਵੱਡਾ ਚੋਣ ਮੁੱਦਾ ਮਿਲ ਗਿਆ ਹੈ। ਤੱਤਕਾਲੀਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਬੇਟੀ ਗੁਰਦੀਪ ਕੌਰ ਨੇ ਜੂਨ 1984 'ਚ ਹੋਏ ਆਪ੍ਰੇਸ਼ਨ ਬਲਿਊ ਸਟਾਰ ਅਤੇ ਉਸੇ ਸਾਲ ਨਵੰਬਰ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਤੋਂ ਠੀਕ 30 ਸਾਲ ਬਾਅਦ ਤੱਤਕਾਲੀਨ ਪੀਐਮਓ ਅਤੇ ਕਾਂਗਰਸ ਨੇਤਾਵਾਂ ਦੀ ਕਾਰਜਪ੍ਰਣਾਲੀ 'ਤੇ ਸਵਾਲੀਆਂ ਨਿਸ਼ਾਨ ਲਾਏ ਹਨ। ਗੁਰਦੀਪ ਕੌਰ ਨੇ ਗਿਆਨੀ ਜੀ ਨੂੰ ਗੁਰਮੁੱਖ ਅਤੇ ਸੱਚਾ ਦੇਸ਼ ਭਗਤ ਕਰਾਰ ਦਿੰਦਿਆਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਅਤੇ ਸਿੱਖ ਵਿਰੋਧੀ ਦੰਗਿਆਂ ਸਮੇਂ ਉਹ ਬਿਲਕੁਲ ਬੇਵੱਸ ਮਹਿਸੂਸ ਕਰ ਰਹੇ ਸਨ। ਆਪ੍ਰੇਸ਼ਨ ਬਲਿਊ ਸਟਾਰ ਵੇਲੇ ਉਨ੍ਹਾਂ ਨੂੰ ਕਿਸੇ ਵੀ ਪੱਧਰ 'ਤੇ ਭਰੋਸੇ ਵਿਚ ਨਹੀਂ ਸੀ ਲਿਆ ਗਿਆ। ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤੇ ਗਏ ਪਰ ਦੇਸ਼ ਤੇ ਸਿੱਖਾਂ ਦੇ ਹਿੱਤ 'ਚ ਉਨ੍ਹਾਂ ਅਸਤੀਫ਼ਾ ਨਹੀਂ ਦਿੱਤਾ। ਗੁਰਦੀਪ ਕੌਰ ਨੇ ਦੱਸਿਆ ਕਿ ਉਹ ਆਪ੍ਰੇਸ਼ਨ ਬਲਿਊ ਸਟਾਰ ਵੇਲੇ ਬੇਹੱਦ ਦਰਦ ਵਿਚ ਸਨ ਤੇ ਪਰਿਵਾਰ ਨੇ ਇਹ ਦਰਦ ਮਹਿਸੂਸ ਕੀਤਾ। ਉਨ੍ਹਾਂ ਨੇ ਖੁਦ ਆਪਣੀ ਵੇਦਨਾ ਇੰਦਰਾ ਗਾਂਧੀ ਨੂੰ ਦੱਸੀ ਪਰ ਇਸ ਦਾ ਕੁਝ ਅਸਰ ਨਾ ਹੋਇਆ। ਬਕੌਲ ਗੁਰਦੀਪ ਕੌਰ ਕਈ ਕਾਂਗਰਸੀਆਂ ਨੇ ਉਨ੍ਹਾਂ ਨੂੰ ਚਿੱਟੀ ਪੱਗ ਵਾਲਾ ਅਕਾਲੀ ਦੱਸਿਆ ਸੀ। ਸਿੱਖ ਵਿਰੋਧੀ ਦੰਗਿਆਂ ਵੇਲੇ ਵੇਲੇ ਗਿਆਨੀ ਜ਼ੈਲ ਸਿੰਘ ਨੇ ਪੀਐਮ ਹਾਊਸ, ਪੀਐਮਓ ਅਤੇ ਗ੍ਰਹਿ ਮੰਤਰਾਲੇ 'ਚ ਕਈ ਫੋਨ ਕੀਤੇ ਪਰ ਕਿਸੇ ਨੇ ਵੀ ਉਨ੍ਹਾਂ ਦੇ ਫੋਨ ਦਾ ਜਵਾਬ ਤਕ ਨਹੀਂ ਦਿੱਤਾ। ਇੱਥੋਂ ਤਕ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਰਸਮੀ ਸੂਚਨਾ ਤਕ ਨਹੀਂ ਦਿੱਤੀ ਜਦਕਿ ਅਜਿਹੀ ਘਟਨਾ ਵੇਲੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਜਾਂਦਾ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬੀਬੀ ਗੁਰਦੀਪ ਕੌਰ ਨੇ ਉਹੀ ਗੱਲ ਕਹੀ ਹੈ ਜੋ ਅਕਾਲੀ ਦਲ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹੈ। ਰਾਹੁਲ ਗਾਂਧੀ ਨੇ ਵੀ ਪਿਛਲੇ ਦਿਨੀਂ ਇਹ ਗੱਲ ਮੰਨੀ ਹੈ ਕਿ ਕੁਝ ਕਾਂਗਰਸੀ ਇਨ੍ਹਾਂ ਦੰਗਿਆਂ ਵਿਚ ਸ਼ਾਮਲ ਸਨ। ਹੁਣ ਜਦੋਂ ਤੱਤਕਾਲੀਨ ਰਾਸ਼ਟਰਪਤੀ ਦੇ ਬੇਟੀ ਅਜਿਹਾ ਕਹਿੰਦੀ ਹੈ ਤਾਂ ਇਸ ਨਾਲ ਇਸ ਗੱਲ ਨੂੰ ਹੋਰ ਬਲ ਮਿਲਦਾ ਹੈ ਕਿ ਦੰਗਿਆਂ ਵਿਚ ਕਾਂਗਰਸੀ ਸ਼ਾਮਲ ਸਨ ਜਿਸ ਕਾਰਨ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਾਰਟੀ ਅੱਖਾਂ ਬੰਦ ਕਰੀ ਰੱਖੀਆਂ। ਇਸ ਦਰਮਿਆਨ ਕਾਂਗਰਸ ਅਤੇ ਭਾਜਪਾ ਨੇਤਾਵਾਂ ਨੇ ਗੁਰਦੀਪ ਕੌਰ ਦੀ ਗੱਲ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
No comments:
Post a Comment