www.sabblok.blogspot.com
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਗਏ ਬਿਆਨ ਨੂੰ ਇਕ ਸਿਰਿਓਂ ਰੱਦ ਕਰਦਿਆਂ ਕਿਹਾ ਹੈ ਕਿ ਜੇ ਮੱਕੜ ਨੇ ਯਾਦਗਾਰ ਬਾਰੇ ਅਕਾਲੀ ਦਲ ਦੀ ਵਿਚੋਲਗੀ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੈ ਤਾਂ ਉਹ ਸਰਾਸਰ ਝੂਠ ਬੋਲ ਰਹੇ ਹਨ। ਇਸ ਮੌਕੇ ਬਾਦਲ ਨੇ ਆਪ੍ਰੇਸ਼ਨ ਬਲਿਊ ਸਟਾਰ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੀ ਬਿਆਨਬਾਜ਼ੀ 'ਚ ਆਪਣਾ ਸਟੈਂਡ ਬਦਲਦੇ ਹੋਏ ਕਿਹਾ ਕਿ ਆਪ੍ਰੇਸ਼ਨ ਤੋਂ ਕਾਫੀ ਸਮੇਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ। ਇਥੇ ਅਕਾਲੀ ਵਰਕਰਾਂ ਦੀ ਇਕ ਬੈਠਕ 'ਚ ਹਿੱਸਾ ਲੈਣ ਲਈ ਆਏ ਹੋਏ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋ ਟੁੱਕ ਸ਼ਬਦਾਂ 'ਚ ਕਿਹਾ ਕਿ ਅਕਾਲੀ ਦਲ ਦਾ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰਨਾਂ ਦੀਆਂ ਯਾਦਗਾਰਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਸਬੰਧੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਹੈ। ਬਾਦਲ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਜਥੇਦਾਰ ਮੱਕੜ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਫੈਸਲਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਪੁੱਛੇ ਬਿਨਾਂ ਨਹੀਂ ਲਿਆ ਜਾਂਦਾ ਤਾਂ ਉਨ੍ਹਾਂ ਕਿਹਾ ਕਿ ਮੱਕੜ ਦਾ ਇਹ ਬਿਆਨ ਝੂਠਾ ਹੈ। ਯਾਦਗਾਰ ਦੀ ਹਮਾਇਤ ਬਾਰੇ ਪੁੱਛੇ ਗਏ ਸਵਾਲ 'ਤੇ ਬਾਦਲ ਨੇ ਕੋਈ ਵੀ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਗੱਲ ਨੂੰ ਗੋਲਮੋਲ ਕਰ ਦਿੱਤਾ। ਆਪ੍ਰੇਸ਼ਨ ਬਲਿਊ ਸਟਾਰ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਵੀ ਬਾਦਲ ਨੇ ਇਕ ਸਿਰਿਓਂ ਰੱਦ ਕਰਦਿਆਂ ਕਿਹਾ ਕਿ ਕੈਪਟਨ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਕੈਪਟਨ ਉਸ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਜਿਸ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ। ਕੈਪਟਨ ਨੇ ਉਸ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਵਜੋਂ ਅਜਿਹਾ ਕੋਈ ਬਿਆਨ ਉਦੋਂ ਕਿਉਂ ਨਹੀਂ ਦਿੱਤਾ ਜਦਕਿ ਹੁਣ ਲੋਕਸਭਾ ਦੀਆਂ ਚੋਣਾਂ ਨੇੜੇ ਆਉਣ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ। ਪੰਜਾਬ 'ਚ ਹਿੰਦੂਆਂ ਨਾਲ ਹੋ ਰਹੀ ਬੇਧਿਆਨੀ ਬਾਰੇ ਪੁੱਛੇ ਜਾਣ 'ਤੇ ਬਾਦਲ ਨੇ ਕਿਹਾ ਕਿ ਇਥੇ ਹਿੰਦੂ-ਸਿੱਖ ਆਪਸ 'ਚ ਭਰਾਵਾਂ ਵਾਂਗ ਰਹੇ ਹਨ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਸੂਬੇ ਦੇ ਹਿੱਤਾਂ ਬਾਰੇ ਸੋਚਿਆ ਹੈ। ਇਸ ਮੌਕੇ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਅਜੀਤ ਸਿੰਘ ਕੋਹਾੜ, ਕੇ. ਡੀ. ਭੰਡਾਰੀ, ਮਨੋਰੰਜਨ ਕਾਲੀਆ ਅਤੇ ਹੋਰ ਵੀ ਮੌਜੂਦ ਸਨ।
No comments:
Post a Comment