ਜਲੰਧਰ, 3 ਫਰਵਰੀ-ਦਿਵਿਆ ਜੋਤੀ ਜਾਗਿ੍ਤੀ ਸੰਸਥਾ ਦੇ ਪ੍ਰਬੰਧਕ ਅੱਜ ਆਖਰ ਮੰਨ ਹੀ ਗਏ ਕਿ ਆਸ਼ੂਤੋਸ਼ ਦਾ 'ਸਰੀਰ' ਸੰਭਾਲਣ ਲਈ ਫਰੀਜ਼ਰ ਵਿਚ ਰੱਖਿਆ ਹੋਇਆ ਹੈ | ਵਿਸ਼ੇਸ਼ ਤੌਰ 'ਤੇ ਬੁਲਾਏ ਪੱਤਰਕਾਰ ਸੰਮੇਲਨ ਦੌਰਾਨ ਭਾਵੇਂ ਸੰਸਥਾਨ ਦੇ ਬੁਲਾਰਿਆਂ ਤੇ ਪ੍ਰਬੰਧਕਾਂ ਨੇ ਸਚਾਈ ਉੱਪਰ ਪਰਦਾ ਪਾਏ ਰੱਖਣ ਲਈ ਲੱਛੇਦਾਰ ਭਾਸ਼ਾ ਤੇ ਸੁਆਲਾਂ ਨੂੰ ਟਾਲਣ ਦਾ ਬੜਾ ਯਤਨ ਕੀਤਾ, ਪਰ ਪੱਤਰਕਾਰ ਸੰਮੇਲਨ ਵਿਚ ਪ੍ਰਬੰਧਕਾਂ ਵੱਲੋਂ ਲਿਆਂਦੇ ਚੰਡੀਗੜ੍ਹ ਦੇ ਡਾ: ਹਰਪਾਲ ਦੀ ਜਵਾਬ ਤਲਬੀ ਦੌਰਾਨ ਇਹ ਗੱਲ ਸਾਹਮਣੇ ਆ ਹੀ ਗਈ ਕਿ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਸਰੀਰ ਵਿਗੜਨਾ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਜ਼ੀਰੋ ਤਾਪਮਾਨ ਵਾਲੇ ਫਰੀਜ਼ਰ ਵਿਚ ਰੱਖਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਪੱਤਰਕਾਰਾਂ ਵੱਲੋਂ ਪਿਛਲੇ ਚਾਰ ਦਿਨ ਤੋਂ ਇਕ ਸੁਆਲ ਦਾ ਜੁਆਬ ਪ੍ਰਬੰਧਕਾਂ ਕੋਲੋਂ ਮੰਗਿਆ ਜਾ ਰਿਹਾ ਸੀ ਕਿ ਭੂਤਨਾਥ ਮੰਦਿਰ ਕਮੇਟੀ ਨੂਰਮਹਿਲ ਤੋਂ ਲਿਆਂਦੇ ਦੋ ਲਾਸ਼ ਸੰਭਾਲ ਫਰੀਜ਼ਰ ਕਿਸ ਮੰਤਵ ਲਈ ਵਰਤੇ ਜਾ ਰਹੇ ਹਨ, ਪਰ ਪ੍ਰਬੰਧਕ ਲਗਾਤਾਰ ਇਸ ਸੁਆਲ ਤੋਂ ਟਾਲਾ ਵਟਦੇ ਆ ਰਹੇ ਸਨ | ਮਿਲੀ ਜਾਣਕਾਰੀ ਅਨੁਸਾਰ ਸੋਮਵਾਰ 3 ਫਰਵਰੀ ਨੂੰ ਕਰੀਬ ਇਕ ਵਜੇ ਪ੍ਰਬੰਧਕਾਂ ਵੱਲੋਂ ਇਕ ਫਰੀਜ਼ਰ ਮੰਦਿਰ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਸੀ | ਪਰ ਆਸ਼ੂਤੋਸ਼ ਦਾ ਸਰੀਰ ਮੰਦਿਰ ਕਮੇਟੀ ਦੇ ਫਰੀਜ਼ਰ ਵਿਚ ਹੀ ਰੱਖਿਆ ਹੈ ਜਾਂ ਕਿਸੇ ਹੋਰ ਫਰੀਜ਼ਰ ਵਿਚ, ਇਸ ਦਾ ਜੁਆਬ ਦੇਣ ਤੋਂ ਪ੍ਰਬੰਧਕ ਫਿਰ ਟਾਲਾ ਵੱਟ ਗਏ |
ਕਾਫੀ ਮਾਨਸਿਕ ਦਬਾਅ ਹੇਠ ਬੈਠੇ ਡਾ: ਹਰਪਾਲ ਨੇ ਦੱਸਿਆ ਕਿ ਉਹ ਬੁੱਧਵਾਰ 29 ਜਨਵਰੀ ਨੂੰ ਤੜਕੇ ਕਰੀਬ ਦੋ ਵਜੇ ਸੰਸਥਾਨ ਵਿਚ ਪੁੱਜੇ ਸਨ ਤੇ ਉਸ ਸਮੇਂ ਅਪੋਲੋ ਹਸਪਤਾਲ ਲੁਧਿਆਣਾ ਤੋਂ ਆਇਆ ਇਕ ਡਾਕਟਰ ਤੇ ਸਹਾਇਕ ਉਨ੍ਹਾਂ ਦਾ ਮੁਆਇਨਾ ਕਰ ਰਹੇ ਸਨ | ਡਾਕਟਰੀ ਚੈੱਕਅੱਪ ਦੌਰਾਨ ਅਸੀਂ ਪਾਇਆ ਕਿ ਆਸ਼ੂਤੋਸ਼ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੀ ਨਬਜ਼ ਤੇ ਦਿਲ ਦੀ ਧੜਕਣ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ | ਉਨ੍ਹਾਂ ਦੇ ਨਾਲ ਬੈਠੀ, ਸਾਧਵੀ ਜਿਆ ਭਾਰਤੀ ਦੇ ਇਕਦਮ ਦਖਲ ਬਾਅਦ ਡਾਕਟਰ ਨੇ ਕਿਹਾ ਕਿ ਬਾਕੀ ਸਮਾਧੀ 'ਚ ਜਾਣ ਬਾਰੇ ਇਹ (ਪ੍ਰਬੰਧਕ) ਦੱਸਣਗੇ | ਜਦ ਡਾ: ਹਰਪਾਲ ਨੂੰ ਪੁੱਛਿਆ ਕਿ ਆਖਰੀ ਸਮੇਂ ਉਨ੍ਹਾਂ ਆਸ਼ੂਤੋਸ਼ ਦੇ ਸਰੀਰ ਨੂੰ ਕਦ ਦੇਖਿਆ ਤਾਂ ਉਨ੍ਹਾਂ ਦੱਸਿਆ ਐਤਵਾਰ ਨੂੰ ਜਦ ਉਨ੍ਹਾਂ ਆਸ਼ੂੂੂਤੋਸ਼ ਦਾ ਸਰੀਰ ਦੇਖਿਆ ਤਾਂ ਉਨ੍ਹਾਂ ਦੀ ਚਮੜੀ ਬਦਲਣੀ ਸ਼ੁਰੂ ਹੋ ਚੁੱਕੀ ਸੀ ਤੇ ਸਾਰੇ ਸਰੀਰ 'ਚ ਤਬਦੀਲੀ ਨਜ਼ਰ ਆ ਰਹੀ ਸੀ | ਇਸ ਕਰਕੇ ਸਰੀਰ ਨੂੰ ਜ਼ੀਰੋ ਤਾਪਮਾਨ 'ਚ ਰੱਖਿਆ ਗਿਆ ਹੈ | ਸੁਆਲ ਦੇ ਜੁਆਬ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ੀਰੋ ਤਾਪਮਾਨ ਵਾਲੇ ਬਿਜਲਈ ਫਰੀਜ਼ਰ ਵਿਚ ਸਰੀਰ ਨੂੰ ਰੱਖਿਆ ਗਿਆ ਹੈ | ਜਦ ਡਾ: ਹਰਪਾਲ ਨੇ ਪੱਤਰਕਾਰਾਂ ਵੱਲੋਂ ਕੀਤੀ ਸਖਤ ਜੁਆਬ-ਤਲਬੀ ਸਮੇਂ ਇਹ ਪ੍ਰਗਟਾਵੇ ਕੀਤੇ ਤਾਂ ਸਾਰੇ ਹੀ ਪ੍ਰਬੰਧਕਾਂ ਦੇ ਚਿਹਰਿਆਂ ਉੱਪਰ ਫਿਕਰਮੰਦੀ ਪੜ੍ਹੀ ਜਾ ਸਕਦੀ ਸੀ | ਅੱਖ ਝਪਕਦਿਆਂ ਹੀ ਪ੍ਰਬੰਧਕਾਂ ਨੇ ਡਾਕਟਰ ਨੂੰ ਪੱਤਰਕਾਰ ਸੰਮੇਲਨ ਵਿਚੋਂ ਬਾਹਰ ਬੁਲਾ ਲਿਆ | ਸੰਸਥਾਨ ਦੀ ਬੁਲਾਰਾ ਸਾਧਵੀ ਜਿਆ ਭਾਰਤੀ, ਸਾਧਵੀ ਤਪੇਸ਼ਵਰੀ ਭਾਰਤੀ, ਸਵਾਮੀ ਵਿਸ਼ਾਲਾਨੰਦ ਦੇ ਨਾਲ ਅੱਜ ਸਵਾਮੀ ਅਰਵਿੰਦਾ ਨੰਦ, ਆਦਿਤਿਆ ਨੰਦ, ਨਰੇਂਦਰਾ ਨੰਦ ਅਤੇ ਸਵਾਮੀ ਸਰਵਾ ਨੰਦ ਵੀ ਹਾਜ਼ਰ ਸਨ | ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਸਾਧਵੀ ਜਿਆ ਭਾਰਤੀ ਨੇ 'ਸਮਾਧੀ' ਬਾਰੇ ਵਿਖਿਆਨ ਕਰਦਿਆਂ ਮੰਨਿਆ ਕਿ ਆਸ਼ੂਤੋਸ਼ ਅਜੇ ਵੀ ਸਮਾਧੀ ਵਿਚ ਹਨ ਤੇ ਉਨ੍ਹਾਂ ਦੇ ਸਰੀਰ ਨੂੰ ਸੰਭਾਲਣਾ ਸਾਡਾ ਪਹਿਲਾ ਫਰਜ਼ ਹੈ, ਇਸੇ ਕਾਰਨ ਅਸੀਂ ਜ਼ੀਰੋ ਤਾਪਮਾਨ ਵਿਚ ਉਨ੍ਹਾਂ ਦੇ ਸਰੀਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ | ਡਾ: ਹਰਪਾਲ ਨੇ ਗੱਲਬਾਤ 'ਚ ਇਹ ਵੀ ਦੱਸਿਆ ਕਿ ਆਸ਼ੂਤੋਸ਼ ਬੁੱਧਵਾਰ ਸਵੇੇਰੇ ਤੜਕੇ ਬਿਸਤਰੇ ਉੱਪਰ ਲੇਟੇ ਹੋਣ ਦੀ ਮੁਦਰਾ 'ਚ ਪਏ ਹੋਏ ਸਨ, ਪਰ ਪ੍ਰਬੰਧਕ ਉਸ ਦਿਨ ਕਹਿ ਰਹੇ ਸਨ ਕਿ ਉਹ ਸਮਾਧੀ ਦੇ ਆਸਣ ਵਿਚ ਸਿੱਧੇ ਬੈਠੇ ਹਨ | ਸਵਾਮੀ ਆਦਿਤਿਆ ਨੰਦ ਤੇ ਅਰਵਿੰਦਾ ਨੰਦ ਨੇ ਸੰਸਥਾਨ ਦੇ ਆਗੂਆਂ ਵਿਚਕਾਰ ਵਾਰਸ ਨੂੰ ਲੈ ਕੇ ਟਕਰਾਅ ਜਾਂ ਕਿਸੇ ਤਰ੍ਹਾਂ ਦੀ ਕਸ਼ਮਕਸ਼ ਚਲਣ ਦੀ ਗੱਲ ਨੂੰ ਖਾਰਜ ਕਰਦਿਆਂ ਕਿਹਾ ਕਿ ਸੰਸਥਾਨ ਦੀ ਸਮੁੱਚੀ ਜਾਇਦਾਦ ਟਰੱਸਟ ਦੇ ਨਾਂਅ ਹੈ, ਕਿਸੇ ਵਿਅਕਤੀ ਵਿਸ਼ੇਸ਼ ਦਾ ਇਸ ਉੱਪਰ ਕੋਈ ਹੱਕ ਨਹੀਂ | ਅਸੀਂ ਸਾਰੇ ਇਥੇ ਸੇਵਾ ਲਈ ਆਏ ਹਾਂ ਤੇ ਸੇਵਾ ਹੀ ਸਾਡੀ ਸੰਸਥਾ ਦਾ ਆਦਰਸ਼ ਹੈ | ਉਨ੍ਹਾਂ ਕਿਸੇ ਪੂਰਨ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਹਾਈਕੋਰਟ 'ਚ ਜਨ ਹਿਤ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾਨ ਵਿਖੇ ਕੋਈ ਡਰਾਈਵਰ ਨਹੀਂ | ਇਥੇ ਤਾਂ ਸਾਰੇ ਵਲੰਟੀਅਰ ਹਨ | ਖਬਰ ਦੀ ਵੀਡੀਓ ਦੇਖਣ ਲਈ ਕਲਿੱਕ ਕਰੋ
No comments:
Post a Comment