ਟਾਂਡਾ(ਮੋਮੀ, ਜੌੜਾ)-ਜਨ ਲੋਕਪਾਲ ਦੇ ਮੁੱਦੇ 'ਤੇ ਕੋਰੀ ਸਿਆਸਤ ਕਰਨ ਵਾਲੇ ਅਰਵਿੰਦ ਕੇਜਰੀਵਾਲ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਤੋਂ ਭੱਜੇ ਹਨ ਅਤੇ ਕੇਜਰੀਵਾਲ ਦਾ ਝਾੜੂ ਘੱਟ ਚੱਲਣ ਵਾਲਾ ਚਾਈਨੀ ਝਾੜੂ ਹੀ ਸਾਬਤ ਹੋਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਨਤਾ 'ਤੇ ਇਕ ਵਾਰ ਫਿਰ ਵੋਟਾਂ ਦਾ ਬੋਝ ਪਾਉਣ ਵਾਲੇ ਕੇਜਰੀਵਾਲ ਨੂੰ ਦਿੱਲੀ ਦੇ ਲੋਕ ਜਨਤਾ ਦੁਬਾਰਾ ਤੋਂ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਪ੍ਰਧਾਨ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਕੀਤੀ ਗਈ ਭਾਜਪਾ ਖਿਲਾਫ਼ ਗਲਤ ਬਿਆਨਬਾਜ਼ੀ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਇਤਿਹਾਸਕ ਲਿਖਤਾਂ ਅਨੁਸਾਰ ਸਿੱਖਾਂ ਦੀ ਰਾਖੀ ਪੰਜਾਬ ਆਗੂਆਂ ਨੇ ਮੋਹਰੀ ਹੋ ਕੇ ਕਰਨ ਦੀ ਸੱਚਾਈ ਨੂੰ ਝੁਠਲਾ ਕੇ ਕੈਪਟਨ ਜੇਕਰ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀਆਂ ਨੂੰ ਨੰਗਾ ਕਰਦੇ ਤਾਂ ਵਧੀਆ ਹੁੰਦਾ। ਇਸ ਮੌਕੇ ਕਮਲ ਸ਼ਰਮਾ ਨੇ 23 ਫਰਵਰੀ ਦੀ ਜਗਰਾਓਂ ਰੈਲੀ ਸਬੰਧੀ ਕਿਹਾ ਕਿ ਨਰਿੰਦਰ ਮੋਦੀ ਦੀ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਭਾਜਪਾ ਤੇ ਅਕਾਲੀ ਵਰਕਰਾਂ ਤੋਂ ਇਲਾਵਾ ਸੂਬੇ ਦੀ ਜਨਤਾ ਵੀ ਪੱਬਾਂ ਭਾਰ ਹੈ, ਜਿਸ ਵਿਚ ਲੱਖਾਂ ਹੀ ਲੋਕ ਇਹ ਸਾਬਤ ਕਰਨਗੇ ਕਿ ਕੇਂਦਰ ਦੀ ਕਾਂਗਰਸ ਸਰਕਾਰ ਦਾ ਪਤਨ ਹੋ ਚੁੱਕਾ ਹੈ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ, ਚੇਅਰਮੈਨ ਜਵਾਹਰ ਲਾਲ ਖੁਰਾਣਾ, ਰਾਣਾ ਪ੍ਰਤਾਪ ਸਿੰਘ, ਸੋਨੂੰ ²ਸ਼ਰਮਾ, ਜੀਤਪਾਲ, ਰਣਜੋਧ ਸਿੰਘ ਧਾਲੀਵਾਲ ਤੇ ਤੁਲਸੀ ਰਾਮ ਆਦਿ ਵੀ ਹਾਜ਼ਰ ਸਨ।