ਜਲੰਧਰ,-ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸਿਆਸੀ ਹਮਲੇ ਹੋਰ ਤਿੱਖੇ ਕਰਦਿਆਂ ਕਿਹਾ ਕਿ ਬਾਦਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਬਣ ਰਹੀ ਆਪ੍ਰੇਸ਼ਨ ਬਲਿਊ ਸਟਾਰ ਯਾਦਗਾਰ ਨੂੰ ਲੈਕੇ ਆਪਣੀ ਜ਼ਿੰਮੇਦਾਰੀ ਤੋਂ ਦੌੜ ਗਏ ਹਨ। ਸ਼ਨੀਵਾਰ ਇਥੇ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਬਾਦਲ ਨੇ ਹਮੇਸ਼ਾ ਹੀ ਬੁਜ਼ਦਿਲਾਨਾ ਕਾਰਵਾਈ ਕੀਤੀ ਹੈ। ਉਨ੍ਹਾਂ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਝੂਠਾ ਕਰਾਰ ਦੇਣ ਵਾਲੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਹਮੇਸ਼ਾ ਹੀ ਖੁਦ ਨੂੰ ਛੱਡ ਕੇ ਹੋਰਨਾਂ ਨੂੰ ਝੂਠਾ ਤੇ ਡਰਪੋਕ ਸਮਝਦੇ ਹਨ। ਹੁਣ ਉਨ੍ਹਾਂ ਮੱਕੜ ਨੂੰ ਝੂਠਾ ਕਹਿ ਦਿੱਤਾ ਹੈ,ਜਦਕਿ ਸੱਚਾਈ ਕੀ ਹੈ, ਇਹ ਸਭ ਜਾਣਦੇ ਹਨ।
ਕੈਪਟਨ ਨੇ ਕਿਹਾ ਕਿ ਬਾਦਲ ਝੂਠ ਬੋਲ ਰਹੇ ਹਨ। ਆਪ੍ਰੇਸ਼ਨ ਬਲਿਊ ਸਟਾਰ ਯਾਦਗਾਰ ਨੂੰ ਲੈ ਕੇ ਜਦੋਂ ਲੋਕਾਂ ਵਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਤਾਂ ਬਾਦਲ ਨੇ ਖੁਦ ਜਨਤਕ ਤੌਰ 'ਤੇ ਕਿਹਾ ਸੀ ਕਿ ਮੈਮੋਰੀਅਲ ਬਣਨ ਨਾਲ ਅਮਨ-ਸ਼ਾਂਤੀ ਭੰਗ ਨਹੀਂ ਹੋਵੇਗੀ। ਬਾਦਲ ਨੇ ਤਾਂ ਇਥੋਂ ਤਕ ਕਿਹਾ ਸੀ ਕਿ ਯਾਦਗਾਰ ਇਕ ਗੁਰਦੁਆਰਾ ਹੈ। ਉਨ੍ਹਾਂ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਸੰਚਾਲਨ ਸਿੱਧੇ ਤੌਰ 'ਤੇ ਬਾਦਲ ਪਰਿਵਾਰ ਦੇ ਹੱਥਾਂ ਵਿਚ ਹੈ, ਵਲੋਂ ਆਪ੍ਰੇਸ਼ਨ ਬਲਿਊ ਸਟਾਰ  ਮੈਮੋਰੀਅਲ  ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬਣ ਜਾਵੇ। ਮੱਕੜ ਦੀ ਨਿਯੁਕਤੀ ਬਾਦਲ ਨੇ ਕੀਤੀ ਹੈ ਅਤੇ ਮੱਕੜ ਆਪਣੇ-ਆਪ ਕੋਈ ਫੈਸਲਾ ਨਹੀਂ ਲੈਂਦੇ।  ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਕੋਈ ਹੈਰਾਨੀ ਨਹੀਂ ਹੋਈ ਕਿ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਝੂਠਾ ਕਿਹਾ ਹੈ ਕਿਉਂਕਿ ਬਾਦਲ ਦੀ ਆਦਤ ਝੂਠ ਬੋਲਣ ਦੀ ਹੈ ਅਤੇ ਉਹ ਇਹ ਗੱਲ ਕਈ ਸਾਲਾਂ ਤੋਂ ਜਾਣਦੇ ਹਨ। ਬਾਦਲ ਨੇ ਪਿਛਲੇ ਇਕ ਹਫਤੇ ਦ ੌਰਾਨ ਦੂਜਾ ਝੂਠ ਬੋਲਿਆ ਹੈ। ਪਹਿਲਾ ਝੂਠ ਇਹ ਬੋਲਿਆ ਸੀ ਕਿ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਉਹ ਜੇਲ ਵਿਚ ਬੰਦ ਸਨ ਪਰ ਕਲ ਖੁਦ ਹੀ ਆਪਣੇ ਪੁਰਾਣੇ ਬਿਆਨ ਤੋਂ ਉਹ  ਮੁਕਰ ਗਏ ਅਤੇ ਕਹਿ ਦਿੱਤਾ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ਕਾਫੀ ਦਿਨ ਪਿਛੋਂ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ।
ਬਾਦਲ ਦਾ ਨਾਰਕੋ ਟੈਸਟ ਕਰਵਾਇਆ ਜਾਵੇ : ਰੰਧਾਵਾ
ਪੰਜਾਬ ਕਾਂਗਰਸ ਦੇ ਵਿਧਾਇਕਾਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ  ਬਾਜਵਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਤੇ ਸ਼ਵਿੰਦਰ ਸਿੰਘ ਕੱਥੂਨੰਗਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਕਾਸ਼ ਸਿੰਘ  ਬਾਦਲ ਦਾ ਨਾਰਕੋ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਸੱਚ ਤੇ ਝੂਠ ਦਾ ਪਤਾ ਲੱਗ ਸਕੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸਲ ਵਿਚ ਆਪ੍ਰੇਸ਼ਨ ਬਲਿਊ ਸਟਾਰ ਮੈਮੋਰੀਅਲ ਬਾਦਲ ਦੀ ਸਹਿਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਇਆ ਜਾ ਰਿਹਾ ਹੈ ਪਰ ਬਾਦਲ ਨੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫੌਜੀ ਕਾਰਵਾਈ ਅਤੇ  ਆਪਣੀ ਗ੍ਰਿਫਤਾਰੀ ਨੂੰ ਲੈ ਕੇ ਬਾਦਲ ਨੇ ਝੂਠ ਬੋਲਿਆ ਸੀ। ਰੰਧਾਵਾ ਨੇ ਕਿਹਾ ਕਿ ਜਦੋਂ ਵੀ ਬਾਦਲ 'ਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਦੌੜਨ ਦੇ ਯਤਨ 'ਚ ਰਹਿੰਦੇ ਹਨ।