ਵਰਜੀਨੀਆ—ਅੱਜ ਦੀ ਨੌਜਵਾਨ ਪੀੜ੍ਹੀ ਘਰ ਦੀਆਂ ਬਣੀਆਂ ਸਾਫ-ਸੁਥਰੀਆਂ ਚੀਜ਼ਾਂ ਖਾਣੀਆਂ ਪਸੰਦ ਨਹੀਂ ਕਰਦੀ ਪਰ ਬਾਹਰ ਦਾ ਗੰਦ-ਮੰਦ ਵੀ ਖੁਸ਼ ਹੋ ਕੇ ਖਾ ਜਾਂਦੀ ਹੈ। ਅਜਿਹੇ ਇਕ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਪੀਜ਼ਾ ਹੱਟ ਦਾ ਮੈਨੇਜਰ ਸਿੰਕ ਵਿਚ ਪਿਸ਼ਾਬ ਕਰਦਾ ਦੇਖਿਆ ਗਿਆ, ਜਿਸ ਤੋਂ ਲੋਕ ਬੜੇ ਖੁਸ਼ ਹੋ ਕੇ ਪੀਜ਼ਾ ਖਾਂਦੇ ਸਨ। ਜੇਕਰ ਤੁਸੀਂ ਵੀ ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਪੜ੍ਹਨ ਤੋਂ ਬਾਅਦ ਸ਼ਾਇਦ ਤੁਸੀਂ ਪੀਜ਼ਾ ਅਤੇ ਬਾਹਰ ਦੀਆਂ ਹੋਰ ਚੀਜ਼ਾ ਖਾਣੀਆਂ ਬੰਦ ਕਰ ਦੇਵੋਗੇ, ਕਿਉਂਕਿ ਘਰ ਵਰਗਾ ਸਵਾਦ ਅਤੇ ਸਾਫ-ਸੁੱਥਰਾ ਖਾਣਾ ਵੱਡੀ ਤੋਂ ਵੱਡੀ ਦੁਕਾਨ 'ਤੇ ਨਹੀਂ ਮਿਲਦਾ। ਇਹ ਘਟਨਾ ਪੱਛਮੀ ਵਰਜੀਨੀਆ ਦੀ ਹੈ। ਕਰਮਿਟ ਪੀਜ਼ਾ ਹੱਟ ਬ੍ਰਾਂਚ ਦੇ ਮੈਨੇਜਰ ਦੀ ਇਸ ਸ਼ਰਮਨਾਕ ਹਰਕਤ ਨਾਲ ਇਟਾਲੀਅਨ ਫੂਡ ਚੇਨ ਸ਼ਰਮਸਾਰ ਹੋ ਗਈ। ਇਸ ਪੀਜ਼ਾ ਹੱਟ ਦੀ ਆਊਟਲੇਟ ਵਿਚ ਉਥੋਂ ਦੇ ਇਕ ਮੈਨੇਜਰ ਨੂੰ ਸਿੰਕ ਵਿਚ ਪਿਸ਼ਾਬ ਕਰਦੇ ਦੇਖਿਆ ਗਿਆ। ਸੀ. ਸੀ. ਟੀ. ਵੀ. ਫੁਟੇਜ਼ ਵਿਚ ਇਹ ਸਾਰਾ ਮਾਮਲਾ ਕੈਦ ਹੋ ਗਿਆ ਅਤੇ ਫੁਟੇਜ਼ ਮੀਡੀਆ ਦੇ ਸਾਹਮਣੇ ਆਉਣ ਨਾਲ ਬਵਾਲ ਖੜ੍ਹਾ ਹੋ ਗਿਆ। ਮਿੰਗੋ ਕਾਊਂਟੀ ਦੇ ਸਿਹਤ ਅਧਿਕਾਰੀਆਂ ਨੇ ਇਸ ਪੀਜ਼ਾ ਹੱਟ ਸਟੋਰ ਨੂੰ ਬੰਦ ਕਰਵਾ ਦਿੱਤਾ ਹੈ ਅਤੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੀਜ਼ਾ ਹੱਟ ਦੇ ਮੈਨੇਜਰ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੌਰਾਨ ਪੀਜ਼ਾ ਹੱਟ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕ ਇਸ ਘਟਨਾ ਤੋਂ ਬਾਅਦ ਭੜਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੜ ਕੇ ਇਸ ਪੀਜ਼ਾ ਹੱਟ ਵਿਚ ਪੀਜ਼ਾ ਖਾਣ ਲਈ ਨਹੀਂ ਆਉਣਗੇ।
ਦੱਸਿਆ ਜਾ ਰਿਹਾ ਹੈ ਕਿ ਬੰਦ ਹੋਈ ਪੀਜ਼ਾ ਹੱਟ ਛੇਤੀ ਫਿਰ ਤੋਂ ਖੁੱਲ੍ਹ ਜਾਵੇਗੀ ਪਰ ਜਦੋਂ ਵੀ ਲੋਕ ਇਸ ਹੱਟ ਤੋਂ ਜਾਂ ਫਿਰ ਕਿਸੇ ਹੋਰ ਫੂਡ ਸਟੋਰ ਤੋਂ ਪੀਜ਼ਾ ਖਾਣਗੇ ਤਾਂ ਉਨ੍ਹਾਂ ਦੇ ਦਿਮਾਗ ਵਿਚ ਸਾਫ-ਸਫਾਈ ਨੂੰ ਲੈ ਕੇ ਸ਼ੱਕ ਬਣਿਆ ਰਹੇਗਾ।