ਸਰਕਾਰ ਅਤੇ ਟੀਚਰਾਂ ਵਿਚਕਾਰ ਰੱਸਾਕਸ਼ੀ ਬਣੀ ਲੋਕਾਂ 'ਚ ਚਰਚਾ, ਪੁਲਸ ਕਾਰਵਾਈ ਦੀ ਹੋ ਰਹੀ ਨਿੰਦਾ
ਲੁਧਿਆਣਾ,  - ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਸੁਧਾਰਨ ਲਈ ਜਿਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹੀਂ ਦਿਨੀਂ ਖੁਦ ਸਕੂਲਾਂ ਦਾ ਵਿਜ਼ਿਟ ਕਰਕੇ ਸਕੂਲਾਂ ਵਿਚ ਢਾਂਚਾਗਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਖਰਚ ਹੋਣ ਵਾਲੇ ਬਜਟ ਨੂੰ ਹਰੀ ਝੰਡੀ ਦੇ ਰਹੇ ਹਨ, ਉਥੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਅਧਿਆਪਕ ਵਰਗ ਵੱਖ-ਵੱਖ ਯੂਨੀਅਨਾਂ ਦੇ ਬੈਨਰ ਹੇਠ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਆਏ ਦਿਨ ਟੈਂਕੀਆਂ ਅਤੇ ਸੜਕਾਂ 'ਤੇ ਉਤਰਿਆ ਹੋਇਆ ਹੈ।  ਸਰਕਾਰ ਅਤੇ ਅਧਿਆਪਕ ਯੂਨੀਅਨਾਂ ਵਿਚਕਾਰ ਚੱਲ ਰਹੀ ਇਹ ਰੱਸਾਕਸ਼ੀ ਇਨ੍ਹੀਂ ਦਿਨੀਂ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ।
ਆਪਣੀਆਂ ਮੰਗਾਂ ਦੇ ਸੰਬੰਧ ਵਿਚ ਜਿਥੇ ਲੁਧਿਆਣਾ ਅਤੇ ਬਠਿੰਡਾ ਸਮੇਤ ਹੋਰਨਾਂ ਜ਼ਿਲਿਆਂ ਵਿਚ ਵੀ ਵੱਖ-ਵੱਖ ਅਧਿਆਪਕ ਯੂਨੀਅਨਾਂ ਨੇ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ ਹੋਇਆ ਹੈ, ਉਥੇ ਅਧਿਆਪਕਾਂ ਦੇ ਸੰਘਰਸ਼ ਨੂੰ ਰੋਕਣ ਲਈ ਪੁਲਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਨਿੰਦਾ ਵੀ ਹੋਣ ਲੱਗੀ ਹੈ, ਜਿਸ ਨੂੰ ਲੈ ਕੇ ਸਰਕਾਰ ਦੇ ਸਿੱਖਿਆ ਸੁਧਾਰ ਦੇ ਦਾਅਵਿਆਂ 'ਤੇ ਵੀ ਸਵਾਲੀਆ ਨਿਸ਼ਾਨ ਲੱਗਣ ਲੱਗੇ ਹਨ।  ਚਰਚਾ ਹੈ ਕਿ ਜੇਕਰ ਸਕੂਲਾਂ ਵਿਚ ਅਧਿਆਪਕ ਹੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਬਜਾਏ ਆਪਣੀਆਂ ਮੰਗਾਂ ਲਈ ਆਏ ਦਿਨ ਧਰਨੇ-ਪ੍ਰਦਰਸ਼ਨਾਂ ਦਾ ਸਹਾਰਾ ਲੈਣਗੇ ਤਾਂ ਮੁੱਖ ਮੰਤਰੀ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਵਾਈਆਂ ਜਾਣ ਵਾਲੀਆਂ ਨਵੀਆਂ ਸਕੂਲੀ ਇਮਾਰਤਾਂ ਵਿਚ ਵਿਦਿਆਰਥੀ ਕਿਤਾਬਾਂ ਲੈ ਕੇ ਕਿਸ ਕੋਲ ਪੜ੍ਹਨ ਆਉਣਗੇ, ਜੋ ਕਿ ਇਕ ਗੰਭੀਰ ਵਿਸ਼ਾ ਹੈ।
ਗੱਲ ਜੇਕਰ ਸਰਕਾਰ ਦੇ ਖਿਲਾਫ ਅਧਿਆਪਕਾਂ ਦੇ ਲੱਗ ਰਹੇ ਧਰਨੇ-ਪ੍ਰਦਰਸ਼ਨਾਂ ਦੇ ਤਾਜ਼ਾ ਮਾਮਲਿਆਂ ਦੀ ਕਰੀਏ ਤਾਂ 2 ਫਰਵਰੀ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਸਥਿਤ ਦਾਣਾ ਮੰਡੀ ਵਿਚ ਰੈਲੀ ਕਰਨ ਦੇ ਬਾਅਦ ਸ਼ਾਂਤੀਪੂਰਵਕ ਰੋਸ ਮਾਰਚ ਕਰਨ ਦੀ ਤਿਆਰੀ ਕਰ ਰਹੇ ਐੱਸ. ਐੱਸ. ਏ., ਰਸਮਾ ਅਧਿਆਪਕ ਯੂਨੀਅਨ ਪੰਜਾਬ ਦੇ ਨੇਤਾਵਾਂ ਸਮੇਤ 50 ਤੋਂ ਵੱਧ ਅਧਿਆਪਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਨੂੰ ਐਤਵਾਰ ਦੀ ਰਾਤ ਵੱਖ-ਵੱਖ ਥਾਣਿਆਂ ਵਿਚ ਬਿਤਾਉਣੀ ਪਈ, ਉਥੇ ਬਠਿੰਡਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਿੱਖਿਆ ਪ੍ਰੋਵਾਈਡਰਜ਼ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ 'ਤੇ ਵੀ ਪੁਲਸ ਵਲੋਂ ਲਾਠੀਚਾਰਜ ਕਰਨ ਦੇ ਬਾਅਦ 300 ਦੇ ਕਰੀਬ ਅਧਿਆਪਕਾਂ ਨੂੰ ਹਿਰਾਸਤ ਵਿਚ ਲਿਆ ਗਿਆ, ਜਦਕਿ ਸਕੂਲ ਵਿਚ ਨਿਯੁਕਤੀ ਲਈ ਪੱਤਰ ਜਾਰੀ ਕਰਨ ਦੀ ਮੰਗ ਲੈ ਕੇ ਏ. ਆਈ. ਈ., ਈ. ਜੀ. ਐੱਸ. ਅਧਿਆਪਕਾਂ ਨੇ ਤੜਕੇ 4 ਵਜੇ ਹੀ 50 ਫੁੱਟ ਉੱਚੀਆਂ ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹਨ ਤੋਂ ਗੁਰੇਜ਼ ਨਹੀਂ ਕੀਤਾ। ਉਧਰ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਕੰਪਿਊਟਰ ਟੀਚਰਾਂ ਨੇ ਵੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ 10 ਫਰਵਰੀ ਨੂੰ ਭੁੱਖ ਹੜਤਾਲ 'ਤੇ ਜਾਣ ਦੀ ਚੇਤਾਵਨੀ ਦਿਤੀ ਹੈ।
ਇਸ ਤੋਂ ਪਹਿਲਾਂ 26 ਜਨਵਰੀ ਨੂੰ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਚਤਰ ਸਿੰਘ ਪਾਰਕ ਵਿਚ ਰੈਲੀ ਕਰ ਰਹੇ ਟੀ. ਈ. ਟੀ. ਪਾਸ ਬੇਰੋਜ਼ਗਾਰ ਅਧਿਆਪਕ ਨੇਤਾਵਾਂ ਨੂੰ ਉਠਾ ਕੇ ਪੁਲਸ ਨੇ ਜੇਲ ਭੇਜ ਦਿਤਾ, ਹਾਲਾਂਕਿ ਇਕ ਹਫਤੇ ਬਾਅਦ ਉਨ੍ਹਾਂ ਨੂੰ ਕਲ ਰਿਹਾਅ ਕਰ ਦਿਤਾ ਗਿਆ ਪਰ ਸਰਕਾਰ ਦੀਆਂ ਸ਼ਰਤਾਂ ਦੇ ਮੁਤਾਬਕ ਟੀ. ਈ. ਟੀ. ਪਾਸ ਕਰਨ ਦੇ ਬਾਅਦ ਵੀ ਉਕਤ ਬੇਰੋਜ਼ਗਾਰ ਅਧਿਆਪਕ ਆਪਣੇ ਲਈ ਰੋਜ਼ਗਾਰ ਦੀ ਮੰਗ ਕਰ ਰਹੇ ਸਨ। ਅਧਿਆਪਕ ਯੂਨੀਅਨਾਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਦੇ ਨਾਲ ਪੈਨਲ ਮੀਟਿੰਗਾਂ ਤੋਂ ਇਲਾਵਾ ਉਥੇ ਪਹਿਲਾਂ ਤੋਂ ਹੀ ਮਿਲੇ ਭਰੋਸਿਆਂ ਬਾਰੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਰੋਧ ਕਰ ਰਹੇ ਹਨ ਪਰ ਰਾਜ ਦੇ ਮੁੱਖ ਮੰਤਰੀ ਦੇ ਕੋਲ ਆਪਣੇ ਹੀ ਸੂਬੇ ਦੇ ਅਧਿਆਪਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਸਿਰੇ ਚੜ੍ਹਾਉਣ ਦਾ ਸਮਾਂ ਨਹੀਂ ਤਾਂ ਆਮ ਆਦਮੀ ਸਰਕਾਰ ਤੋਂ ਕੀ ਉਮੀਦ ਕਰ ਸਕਦਾ ਹੈ।
ਇਸ ਬਾਰੇ ਗੱਲ ਕਰਨ 'ਤੇ ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਸਾਰੀਆਂ ਅਧਿਆਪਕ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਮੰਨ ਰਹੀ ਹੈ ਪਰ ਕੁਝ ਯੂਨੀਅਨਾਂ ਸਰਕਾਰ 'ਤੇ ਦਬਾਅ ਬਣਾ ਕੇ ਅਜਿਹੀਆਂ ਮੰਗਾਂ ਵੀ ਮੰਨਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਨੂੰ ਮੰਨਿਆ ਜਾਣਾ ਸੰਭਵ ਹੀ ਨਹੀਂ ਹੈ।