ਮੋਟਾਪਾ ਨਾਂ ਦੀ ਬੀਮਾਰੀ ਦੀ ਸਮੱਸਿਆ ਅੱਜ ਪੂਰੀ ਦੁਨੀਆ ਦੇ ਲੋਕਾਂ ਨੂੰ ਹੈ। ਆਮ ਤੌਰ 'ਤੇ ਮੋਟਾਪਾ ਸਿਰਫ ਚੰਗੀ ਸਰੀਰਕ ਮਿਹਨਤ ਨਾਲ ਹੀ ਦੂਰ ਹੁੰਦਾ ਹੈ। ਕਈ ਲੋਕ ਜੋ ਚੰਗੀ ਕਸਰਤ ਦੇ ਨਾਲ-ਨਾਲ ਡਾਈਟਿੰਗ ਵੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵਿਸ਼ੇਸ਼ ਡਾਈਟ ਪਲਾਨ ਵੀ ਹੈ, ਜੋ ਸਰੀਰ ਨੂੰ ਕਮਜ਼ੋਰ ਨਹੀਂ ਹੋਣ ਦਿੰਦਾ, ਸਗੋਂ ਇਹੋ ਜਿਹੇ ਖਾਣ-ਪੀਣ ਨਾਲ ਅਸੀਂ ਸਿਹਤਮੰਦ ਵੀ ਰਹਿੰਦੇ ਹਾਂ ਅਤੇ ਮੋਟਾਪੇ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਤੋਂ ਵੀ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਾਂ। ਜਦੋਂ ਅਸੀਂ ਜ਼ਿਆਦਾ ਡਾਈਟਿੰਗ ਕਰਦੇ ਹਾਂ ਤਾਂ ਸਾਡੇ ਸਰੀਰ ਅੰਦਰ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ, ਜੋ ਸਾਡੀ ਸਿਹਤ ਨੂੰ ਠੀਕ ਤਾਂ ਦੂਰ, ਉਲਟਾ ਖਰਾਬ ਕਰਦਾ ਜਾਂਦਾ ਹੈ। ਮੋਟਾਪੇ ਦੇ ਰੋਗੀ ਨੂੰ ਇਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦੈ ਕਿ ਉਹ ਕਿਸੇ ਵੀ ਸਬਜ਼ੀ ਵਿਚ ਆਲੂ ਦੀ ਵਰਤੋਂ ਨਾ ਕਰਨ। ਦੱਸ ਰਹੇ ਹਾਂ ਪੂਰੇ ਦਿਨ ਦਾ ਡਾਈਟ ਚਾਰਟ, ਜੋ ਤੁਹਾਨੂੰ ਭੁੱਖਾ ਵੀ ਮਹਿਸੂਸ ਨਹੀਂ ਹੋਣ ਦੇਵੇਗਾ ਅਤੇ ਸਰੀਰ ਬਿਲਕੁਲ ਤੰਦਰੁਸਤ ਵੀ ਰਹੇਗਾ।
ਸਵੇਰ ਵੇਲੇ-ਸਭ ਤੋਂ ਪਹਿਲਾਂ ਸਵੇਰੇ ਛੇਤੀ ਉੱਠਣ ਦੀ ਆਦਤ ਪਾਓ। 5.30 ਵਜੇ ਉੱਠ ਜਾਓ, 2-3 ਗਲਾਸ ਗਰਮ ਪਾਣੀ ਦੇ ਪੀਓ, ਜਿਸ ਨਾਲ ਤੁਹਾਡਾ ਪੇਟ ਸਾਫ ਹੋ ਜਾਵੇਗਾ, ਫਿਰ 6 ਤੋਂ 7 ਵਜੇ ਤੱਕ ਕੁਝ ਕਸਰਤ ਕਰੋ ਜਿਵੇਂਕਿ ਯੋਗਾ, ਤੇਜ਼-ਤੇਜ਼ ਦੌੜਨਾ, ਸਾਈਕਲ ਚਲਾਉਣਾ ਜਾਂ ਫਿਰ ਕੋਈ ਹੋਰ ਖੇਡ। ਲੱਗਭਗ 8 ਕੁ ਵਜੇ  ਇਕ ਗਲਾਸ ਤਾਜ਼ੇ ਅਤੇ ਕੁਝ ਕੁ ਕੋਸੇ ਪਾਣੀ ਵਿਚ 1 ਨਿੰਬੂ ਨਿਚੋੜ ਲਓ। ਨਾਲ 1 ਚੱਮਚ ਸ਼ਹਿਦ ਵੀ ਪਾ ਲਵੋ, ਫਿਰ ਉਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨਿੰਬੂ ਅਤੇ ਸ਼ਹਿਦ ਵਾਲੇ ਪਾਣੀ ਨਾਲ 200 ਗ੍ਰਾਮ ਪਪੀਤਾ ਖਾਓ ਅਤੇ ਜੋ ਲੋਕ ਇਸ ਤੋਂ ਸੰਤੁਸ਼ਟ ਨਾ ਹੋਣ ਉਹ ਕੁਝ ਕੁ ਮਾਤਰਾ ਵਿਚ (ਇਕ ਕਟੋਰੀ) ਨਮਕੀਨ ਦਲੀਆ ਬਣਾ ਕੇ ਖਾ ਸਕਦੇ ਹਨ। ਉਸ ਤੋਂ ਬਾਅਦ ਕੁਝ ਵੀ ਨਾ ਖਾਓ। ਆਪਣਾ ਜੋ ਕੰਮ ਕਰਦੇ ਹੋ ਕਰੀ ਜਾਓ, ਨੌਕਰੀ ਜਾਂ ਕੋਈ ਕੰਮ।
ਦੁਪਹਿਰ ਸਮੇਂ-ਇਹ ਖਾਣਾ 12 ਤੋਂ 1 ਵਜੇ ਦੇ ਵਿਚਕਾਰ ਖਾ ਲੈਣਾ ਚਾਹੀਦੈ। ਸਭ ਤੋਂ ਪਹਿਲਾਂ ਸਾਨੂੰ ਇਹ ਧਿਆਨ ਵਿਚ ਰੱਖਣਾ ਚਾਹੀਦੈ ਕਿ ਸਾਨੂੰ ਕਦੇ ਵੀ ਆਟੇ ਨੂੰ ਛਾਣਨਾ ਨਹੀਂ ਚਾਹੀਦਾ, ਉਸ ਵਿਚਲਾ ਬੂਰਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਹੁਣ 2 ਰੋਟੀਆਂ, ਇਕ ਕਟੋਰੀ ਸਬਜ਼ੀ, ਇਕ ਕਟੋਰੀ ਦਾਲ (ਘੱਟ ਘਿਓ ਵਾਲੀ ਅਤੇ ਬਹੁਤਾ ਮਸਾਲਾ ਵੀ ਨਾ ਹੋਵੇ, ਹਰੀਆਂ ਸਬਜ਼ੀਆਂ ਅਤੇ ਦਾਲਾਂ), ਕੁਝ ਕੁ ਸਲਾਦ, ਨਾਲ ਘਰ ਦਾ ਬਣਿਆ ਤਾਜ਼ਾ ਸਬਜ਼ੀਆਂ ਦਾ ਸੂਪ। ਪਾਣੀ ਤੁਸੀਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿਚ ਪੀ ਸਕਦੇ ਹੋ। ਦੁਪਹਿਰ ਦੇ ਖਾਣੇ ਨਾਲ ਵੀ ਕੁਝ ਕੁ ਪਪੀਤਾ ਖਾ ਸਕਦੇ ਹੋ।
ਸ਼ਾਮ ਸਮੇਂ-ਜੋ ਲੋਕ ਮੋਟਾਪੇ ਤੋਂ ਪੀੜਤ ਹਨ, ਉਹ 4 ਕੁ ਵਜੇ 1 ਗਲਾਸ ਪਾਣੀ ਵਿਚ 1 ਨਿੰਬੂ ਨਿਚੋੜ ਕੇ ਨਾਲ 1 ਚੱਮਚ ਸ਼ਹਿਦ ਮਿਲਾ ਕੇ ਪੀਣ। ਫਿਰ 30 ਕੁ ਮਿੰਟ ਬਾਅਦ 1 ਘੰਟੇ ਤੱਕ ਕਸਰਤ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਥੋੜ੍ਹਾ ਸਮਾਂ ਆਰਾਮ ਕਰ ਲਓ।
ਰਾਤ ਸਮੇਂ-7 ਤੋਂ 8 ਵਜੇ ਤੱਕ ਰਾਤ ਦਾ ਖਾਣਾ ਖਾ ਲੈਣਾ ਚਾਹੀਦੈ। ਇਸ ਖਾਣੇ 'ਚ ਭੋਜਨ ਤਾਂ ਦੁਪਹਿਰ ਵਾਂਗ ਹੀ ਹੋਵੇਗਾ ਪਰ ਰੋਟੀ ਦੀ ਥਾਂ 'ਤੇ 2 ਕੁ ਕਟੋਰੀ ਖਿਚੜੀ ਲਈ ਜਾਵੇਗੀ। ਪਾਣੀ ਉਸੇ ਤਰ੍ਹਾਂ ਹੀ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਵਿਚ। ਉਸ ਤੋਂ ਬਾਅਦ ਕੁਝ ਮਿੱਠਾ ਖਾ ਸਕਦੇ ਹੋ, ਇਸ ਵਿਚ 1 ਚੱਮਚ ਸ਼ੱਕਰ ਲਈ ਜਾ ਸਕਦੀ ਹੈ। ਘੱਟ ਮੋਟਾਪੇ ਵਾਲੇ ਰਾਤ ਨੂੰ ਸੌਣ ਵੇਲੇ 1 ਗਲਾਸ ਦੁੱਧ 'ਚ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਪੀ ਸਕਦੇ ਹਨ।
ਉਸ ਤੋਂ ਬਾਅਦ ਕੁਝ ਸਮਾਂ ਸੈਰ ਆਦਿ ਕਰਕੇ 10.00 ਤੋਂ 10.30 ਦਰਮਿਆਨ ਸੌਂ ਜਾਣਾ ਚਾਹੀਦੈ।
ਦਿਨ ਵੇਲੇ ਜਿਸ ਸਮੇਂ ਵੀ ਭੁੱਖ ਮਹਿਸੂਸ ਹੋਵੇ ਤਾਂ ਉਸ ਵੇਲੇ ਕੁਝ ਕੁ ਫਲ ਖਾਧੇ ਜਾ ਸਕਦੇ ਹਨ। ਇਸ ਵਿਚ ਕੇਲਾ ਨਾ ਖਾਧਾ ਜਾਵੇ, ਸੇਬ, ਸੰਤਰਾ, ਅਨਾਨਾਸ, ਪਪੀਤਾ, ਅਨਾਰ, ਮੌਸੰਮੀ, ਕੀਵੀ, ਹਦਵਾਣਾ ਆਦਿ ਖਾ ਸਕਦੇ ਹੋ। ਦਿਨ ਵੇਲੇ ਗਾਜਰ ਦਾ ਜੂਸ ਵੀ ਪੀਤਾ ਜਾ ਸਕਦਾ ਹੈ।
ਨਾਲ ਹੀ ਘਰੇਲੂ ਔਰਤਾਂ ਨੂੰ ਚਾਹੀਦੈ ਕਿ ਉਹ ਆਪਣੇ ਘਰ ਵਿਚ ਵਿਹਲੇ ਸਮੇਂ 10 ਕੁ ਮਿੰਟ ਰੱਸੀ ਟੱਪਣ, 10 ਕੁ ਮਿੰਟ ਘਰ ਦੀਆਂ ਪੌੜੀਆਂ ਚੜ੍ਹਨ-ਉਤਰਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਵਧੀਆ ਸਿਹਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਰਹੀ ਗੱਲ ਚਾਹ ਦੀ ਤਾਂ ਇਸ ਦੀ ਥਾਂ ਗਰੀਨ ਟੀ ਨੂੰ ਉਬਾਲ ਕੇ ਪੀਤਾ ਜਾ ਸਕਦਾ ਹੈ। ਇਸ ਚਾਹ ਨਾਲ ਮੋਟਾਪਾ ਘੱਟ ਹੁੰਦਾ ਹੈ।