*ਬਾਦਲ ਮਾਰੇ ਗਏ 35000 ਬੇਕਸੂਰ ਲੋਕਾਂ ਦੇ ਹੱਕ 'ਚ ਕਿਉਂ ਨਹੀ ਬੋਲੇ : ਅਮਰਿੰਦਰ
ਜਲੰਧਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਆਪ੍ਰੇਸ਼ਨ ਬਲਿਊ ਸਟਾਰ ਦਾ ਮਾਮਲਾ ਵਾਰ-ਵਾਰ ਉਠਾਉਣ 'ਤੇ ਉਨ੍ਹਾਂ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਹੈ ਕਿ ਬਾਦਲ ਉਸ ਮੌਕੇ ਭੱਜ ਗਏ ਸਨ ਅਤੇ ਆਪਣੇ ਉਤਰਾਖੰਡ ਸਥਿਤ ਬਾਜਪੁਰ ਦੇ ਫਾਰਮ ਹਾਊਸ 'ਚ ਲੁਕ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਬਾਦਲ ਵਲੋਂ ਸਿਆਸੀ ਲਾਭ ਲੈਣ ਲਈ ਆਪ੍ਰੇਸ਼ਨ ਬਲਿਊ ਸਟਾਰ ਦਾ ਮਾਮਲਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਬਾਦਲ ਤੋਂ ਪੁੱਛਿਆ ਕਿ ਅੱਤਵਾਦ ਦੇ ਦੌਰ 'ਚ ਪੰਜਾਬ 'ਚ ਮਾਰੇ ਗਏ 35000 ਨਿਰਦੋਸ਼ ਲੋਕਾਂ ਦੇ ਹੱਕ 'ਚ ਉਨ੍ਹਾਂ ਅਜੇ ਤਕ ਇਕ ਸ਼ਬਦ ਵੀ  ਕਿਉਂ ਨਹੀਂ ਬੋਲਿਆ ਹੈ।  ਬਾਦਲ ਵਲੋਂ ਅਜਿਹੇ ਦੋਹਰੇ ਮਾਪਦੰਡ ਕਿਉਂ ਅਪਨਾਏ ਜਾ ਰਹੇ ਹਨ। ਬਾਦਲ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਤਵਾਦੀਆਂ ਨੇ ਬੱਸਾਂ ਅਤੇ ਰੇਲ ਗੱਡੀਆਂ 'ਚੋਂ ਬੇਕਸੂਰ ਲੋਕਾਂ ਨੂੰ ਕੱਢ ਕੇ ਉਨ੍ਹਾਂ ਦਾ ਕਤੇਲਆਮ ਕੀਤਾ ਸੀ। ਬਾਦਲ ਨੂੰ ਹੁਣ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਬੰਦ ਕਰ ਦੇਣਾ ਚਾਹੀਦਾ ਹੈ। '84 ਦੇ ਸਿੱਖ ਵਿਰੋਧੀ ਦੰਗਿਆਂ 'ਚ ਭਾਜਪਾ ਤੇ ਆਰ. ਐੱਸ. ਐੱਸ. ਦੀ ਵਰਕਰਾਂ ਦੀ ਸ਼ਮੂਲੀਅਤ ਬਾਰੇ ਵੀ ਬਾਦਲ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ 26 ਮਈ 1984 ਨੂੰ ਦਿੱਲੀ ਗੈਸਟ ਹਾਊਸ 'ਚ ਇਕ ਬੈਠਕ ਹੋਈ ਸੀ, ਜਿਸ 'ਚ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਿੰਨ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਦੋ ਸਾਥੀ ਤੁਰੰਤ ਪੰਜਾਬ ਨੂੰ ਛੱਡ ਕੇ ਚਲੇ ਗਏ ਸਨ ਅਤੇ ਬਾਦਲ ਵੀ ਆਪਣੇ ਫਾਰਮ ਹਾਊਸ 'ਤੇ ਜਾ ਕੇ ਲੁਕ ਗਏ ਸੀ। ਕੈਪਟਨ ਨੇ ਕਿਹਾ ਕਿ ਬਾਦਲ ਨੂੰ ਦਰਬਾਰ ਸਾਹਿਬ 'ਤੇ ਹੋਣ ਵਾਲੀ ਕਾਰਵਾਈ ਬਾਰੇ ਪਤਾ ਸੀ ਪਰ ਉਹ ਚੁੱਪ ਰਹੇ। ਉਨ੍ਹਾਂ ਆਪਣੇ ਸਾਥੀਆਂ ਨਾਲ ਕੀਤਾ ਵਾਅਦਾ ਵੀ ਪੂਰਾ ਨਹੀਂ ਕੀਤਾ, ਜਿਸ 'ਚ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਫੌਜ ਨਾਲ ਟਕਰਾਉਣ ਦੀ ਗੱਲ ਕਹੀ ਸੀ। ਇਹ ਸਹੁੰ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੁੱਕੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਕ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਕਿਹਾ ਕਿ ਬਾਦਲ ਨੇ ਉਸ ਸਮੇਂ ਬੀ. ਬੀ. ਸੀ. ਦੇ ਪੱਤਰਕਾਰਾਂ ਮਾਰਕ ਤੁਲੀ, ਸਤੀਸ਼ ਜੈਕਅਪ ਦਾ ਟੈਲੀਫੋਨ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ 'ਤੇ ਕੋਈ ਦੋਸ਼ ਨਹੀਂ ਲਗਾ ਸਕਦਾ ਕਿਉਂਕਿ ਉਹ ਉਸ ਸਮੇਂ ਵਿਦੇਸ਼ 'ਚ ਪੜ੍ਹ ਰਿਹਾ ਸੀ। ਉਨ੍ਹਾਂ ਬਾਦਲ ਨੂੰ ਕਿਹਾ ਕਿ ਉਹ ਆਪ੍ਰੇਸ਼ਨ ਬਲਿਊ ਸਟਾਰ ਨੂੰ ਲੈ ਕੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਣਾ ਛੱਡ ਦੇਣ। ਰਾਹੁਲ ਇਕ ਸੱਚਾ ਇਨਸਾਨ ਹੈ।