www.sabblok.blogspot.com
ਨਵੀਂ ਦਿੱਲੀ : ਰੁਪਏ ਦੀ ਮਜ਼ਬੂਤੀ ਦਾ ਫਾਇਦਾ ਜਲਦੀ ਹੀ ਆਮ ਲੋਕਾਂ ਨੂੰ ਮਿਲ ਸਕਦਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਪਿਛਲੇ ਚਾਰ-ਪੰਜ ਦਿਨਾਂ ਵਿਚ ਆਈ ਤੇਜ਼ੀ ਨਾਲ ਪੈਟਰੋਲ ਡੇਢ ਰੁਪਏ ਸਸਤਾ ਹੋ ਸਕਦਾ ਹੈ। ਹਾਲਾਂਕਿ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਸੰਭਾਵਿਤ ਕੀਮਤ ਵਾਧੇ ਤੋਂ ਕੋਈ ਰਾਹਤ ਮਿਲਦੀ ਨਹੀਂ ਦਿਸ ਰਹੀ। ਇਸ ਬਾਰੇ ਅਗਲੇ ਦੋ-ਤਿੰਨ ਦਿਨਾਂ ਅੰਦਰ ਹੀ ਫ਼ੈਸਲਾ ਹੋਣ ਵਾਲਾ ਹੈ। ਪੈਟਰੋਲੀਅਮ ਸਕੱਤਰ ਵਿਵੇਕ ਰੇਅ ਦਾ ਕਹਿਣਾ ਹੈ ਕਿ ਡਾਲਰ ਦੀ ਕੀਮਤ ਘੱਟ ਕੇ 63.50 ਰੁਪਏ 'ਤੇ ਆ ਗਈ ਹੈ। ਇਸ ਨਾਲ ਤੇਲ ਕੰਪਨੀਆਂ ਨੂੰ ਕਾਫੀ ਰਾਹਤ ਮਿਲੀ ਹੈ। ਸੀਰੀਆ 'ਤੇ ਹਮਲਾ ਟਲਣ ਨਾਲ ਵੀ ਬਿਹਤਰ ਮਾਹੌਲ ਬਣਿਆ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਥੋੜ੍ਹੀ-ਬਹੁਤ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਡੀਜ਼ਲ ਦੀਆਂ ਕੀਮਤਾਂ ਵਿਚ ਤੁਰੰਤ ਵਾਧਾ ਕਰਨ ਵਰਗੀ ਸਥਿਤੀ ਤਾਂ ਨਹੀਂ ਹੈ ਪਰ ਇਸ ਨੂੰ ਜ਼ਿਆਦਾ ਦਿਨਾਂ ਤਕ ਟਾਲਿਆ ਵੀ ਨਹੀਂ ਜਾ ਸਕਦਾ। ਇਹ ਇਕ ਸਿਆਸੀ ਫ਼ੈਸਲਾ ਹੋਵੇਗਾ ਜਿਸ ਵਿਚ ਕੁਝ ਬੋਝ ਜਨਤਾ ਨੂੰ ਸਹਿਣ ਕਰਨਾ ਪਵੇਗਾ ਤੇ ਕੁਝ ਸਰਕਾਰ ਨੂੰ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫ਼ਤੇ ਦੇ ਆਧਾਰ 'ਤੇ ਪੈਟਰੋਲ 'ਤੇ ਘਾਟਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਪੈਟਰੋਲ ਇਕ ਤੋਂ ਡੇਢ ਰੁਪਏ ਤਕ ਸਸਤਾ ਕੀਤਾ ਜਾ ਸਕਦਾ ਹੈ। ਅੰਤਮ ਫ਼ੈਸਲਾ ਤੇਲ ਕੰਪਨੀਆਂ ਇਕ ਸਤੰਬਰ ਤੋਂ 15 ਸਤੰਬਰ ਦੌਰਾਨ ਕੱਚੇ ਤੇਲ (ਕਰੂਡ) ਦੀ ਅੌਸਤ ਕੀਮਤ ਅਤੇ ਡਾਲਰ ਦੀ ਕੀਮਤ ਨੂੰ ਵੇਖਦੇ ਹੋਏ ਕਰਨਗੀਆਂ। ਡੀਜ਼ਲ ਬਾਰੇ ਪੈਟਰੋਲੀਅਮ ਮੰਤਰੀ ਐਮ ਵੀਰੱਪਾ ਮੋਇਲੀ ਲਗਾਤਾਰ ਕਾਂਗਰਸ ਹਾਈ ਕਮਾਂਡ ਦੇ ਸੰਪਰਕ ਵਿਚ ਹਨ। ਤੇਲ ਕੰਪਨੀਆਂ ਡੀਜ਼ਲ ਦੀ ਕੀਮਤ ਵਿਚ ਘੱਟੋ-ਘੱਟ ਪੰਜ ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨਾ ਚਾਹੁੰਦੀਆਂ ਹਨ। ਮੋਇਲੀ ਵੀ ਇਸ ਦੇ ਹੱਕ ਵਿਚ ਹਨ ਪਰ ਰੁਪਏ ਦੀ ਮਜ਼ਬੂਤੀ ਨੂੰ ਵੇਖਦੇ ਹੋਏ ਹੋ ਸਕਦਾ ਹੈ ਕਿ ਹੁਣ ਇਹ ਵਾਧਾ ਥੋੜ੍ਹਾ ਘੱਟ ਹੋਵੇ। ਕੁਝ ਅਜਿਹਾ ਹੀ ਰਸੋਈ ਗੈਸ ਨੂੰ ਲੈ ਕੇ ਹੋਵੇਗਾ। ਦੱਸਣਾ ਬਣਦਾ ਹੈ ਕਿ ਡੀਜ਼ਲ 'ਤੇ ਅਜੇ ਤੇਲ ਕੰਪਨੀਆਂ ਨੂੰ 10.22 ਰੁਪਏ ਪ੍ਰਤੀ ਲਿਟਰ ਅਤੇ ਰਸੋਈ ਗੈਸ 'ਤੇ 412 ਰੁਪਏ ਪ੍ਰਤੀ ਗੈਸ ਸਿਲੰਡਰ ਦਾ ਘਾਟਾ ਹੋ ਰਿਹਾ ਹੈ। ਸਰਕਾਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾਉਣ ਦੀ ਮੰਸ਼ਾ ਰੱਖਦੀ ਹੈ।
No comments:
Post a Comment