ਕਿਸਾਨਾਂ ਨੂੰ ਮੁਆਵਜ਼ੇ ’ਚ ਵਾਧਾ ਕਰੇ ਕੇਂਦਰ ਸਰਕਾਰ : ਬਾਦਲ
www.sabblok.blogspot.com
ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, (ਹਰਜੀਤ ਕੋਹਲੀ, ਸੁਰੇਸ਼ ਗਰਗ, ਬਲਜੀਤ ਸੰਧੂ, ਅਵਤਾਰ ਬਰਾੜ, ਭਜਨ ਸਮਾਘ, ਰਾਜ ਕੰਵਲ) : ਪੰਜਾਬ ਦੇ ਮੁੱਖ ਮੰਤਰੀ ਸ:ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਹੇਠਲੇ ਪੱਧਰ ’ਤੇ ਲੋਕਾਂ ਵੱਲੋਂ ਝੱਲੀਆਂ ਜਾਂਦੀਆਂ ਮੁਸੀਬਤਾਂ ਦੀਆਂ ਹਕੀਕਤਾਂ ਤੋਂ ਅਣਜਾਣ ਕੇਂਦਰ ਸਰਕਾਰ ਦੀ ਅਣਦੇਖੀ ਕਾਰਨ ਹੜ੍ਹ ਪੀੜਤਾਂ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਹੋਇਆ ਹੈ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਖਿੜਕੀਆਂ ਵਾਲੀ, ਭੁੱਟੀ ਵਾਲਾ, ਹਰੀਕੇਕਲਾਂ, ਸ਼ੂਰੇ ਵਾਲਾ ਆਦਿ ਪਿੰਡਾਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਾਰ ਵਾਰ ਕੇਂਦਰ ਸਰਕਾਰ ਕੋਲ ਰਾਹਤ ਅਤੇ ਮੁੜ ਵਸੇਬੇ ਸਬੰਧੀ ਮੁੱਦੇ ਉਠਾਏ ਹਨ ਪਰ ਕੇਂਦਰ ਨੇ ਕੋਈ ਸਾਰਥਕ ਹੁੰਗਾਰਾ ਨਹੀਂ ਭਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿੱਜੀ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮਿਲ ਕੇ ਕਿਸਾਨਾਂ ਨੂੰ ਦਿੱਤੇ ਜਾਂਦੇ ਮੁਆਵਜ਼ੇ ਵਿਚ ਵਾਧੇ ਦੀ ਮੰਗ ਰੱਖੀ ਹੈ, ਪਰ ਕਾਂਗਰਸੀ ਆਗੂ ਅਸਲ ਹਕੀਕਤਾਂ ਤੋਂ ਅਣਜਾਣ ਹਨ ਅਤੇ ਲੋਕ ਮੰਗਾਂ ਦੀ ਸੁਣਵਾਈ ਨਹੀਂ ਕਰਦੇ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੂਰੀ ਤਰਾਂ ਨਾਲ ਹੜ੍ਹ ਪੀੜਤਾਂ ਨਾਲ ਖੜੀ ਹੈ ਅਤੇ ਪੀੜਤਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇਗਾ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਆਵਜਾ ਨੀਤੀ ਸਬੰਧੀ ਲਗਾਈਆਂ ਰੋਕਾਂ ਕਾਰਨ ਰਾਜ ਸਰਕਾਰ ਇਕ ਤੈਅ ਹੱਦ ਤੋਂ ਵੱਧ ਰਾਹਤ ਦੇਣ ਤੋਂ ਅਸਮੱਰਥ ਹੈ ਜਿਸ ਕਾਰਨ ਹਾਲਾਤ ਹੋਰ ਵੀ ਮੁਸਕਿਲ
ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਸਕਿਲ ਦੌਰ ਵਿਚ ਕੇਂਦਰ ਸਰਕਾਰ ਨੂੰ ਨਰਮ ਪਹੁੰਚ ਅਪਨਾ ਕੇ ਹੜ੍ਹ ਪੀੜਤਾਂ ਨੂੰ ਵੱਧ ਤੋਂ ਵੱਧ ਮੁਆਵਜਾ ਦੇਣਾ ਚਾਹੀਦਾ ਹੈ।ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਰਾਜ ਸਰਕਾਰ ਦੇ ਯਤਨਾਂ ਸਦਕਾ 14ਵੇਂ ਵਿੱਤ ਕਮਿਸ਼ਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਜਲਦ ਹੀ ਯੋਜਨਾ ਆਯੋਗ ਦੀ ਇਕ ਹੋਰ ਟੀਮ ਵੀ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਜਾਇਜ਼ੇ ਲਈ ਇੱਥੇ ਆਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਟੀਮ ਇੱਥੋਂ ਸੇਮ ਦੇ ਸਥਾਈ ਹੱਲ ਲਈ ਵੀ ਸਹਿਯੋਗ ਕਰੇਗੀ।ਸ: ਪਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜ ਸਰਕਾਰ ਹੜ੍ਹ ਪੀੜਤਾਂ ਲਈ ਰਾਹਤ ਅਤੇ ਮੁੜ ਵਸੇਬੇ ਦੀ ਮਦਦ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਮ ਦੇ ਖਾਤਮੇ ਅਤੇ ਜਲ ਨਿਕਾਸੀ ਸਬੰਧੀ ਵਿਸਥਾਰਤ ਮਾਸਟਰ ਪਲਾਨ ਤਿਆਰ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ ਜੋ ਕਿ ਇਕ ਮਹੀਨੇ ਵਿਚ ਆਪਣੀ ਰਿਪੋਰਟ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਵਿਚ ਲੱਗੀਆਂ ਏਂਜਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਰਾਹਤ ਕਾਰਜਾਂ ਵਿਚ ਕੋਈ ਕਮੀ ਨਾ ਰਹਿਣ ਦੇਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਵੱਡੀ ਆਪਦਾ ਸਬੰਧੀ ਸਾਰੇ ਪੱਖਾਂ ਤੇ ਵਿਚਾਰ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਸਬੰਧੀ ਵੀ ਸਰਵੇ ਕੀਤਾ ਜਾ ਰਿਹਾ ਹੈ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਵੀ ਮੁੜ ਸੁਰਜੀਤ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਹਲਕਾ ਗਿੱਦੜਬਾਹਾ ਦੇ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਐਸ.ਜੀ.ਪੀ.ਸੀ. ਮੈਂਬਰ ਸ: ਨਵਤੇਜ ਸਿੰਘ ਕਾਉਣੀ, ਅਕਾਲੀ ਆਗੂ ਸ: ਸੰਤ ਸਿੰਘ ਬਰਾੜ ਆਦਿ ਵੀ ਹਾਜਰ ਸਨ।
No comments:
Post a Comment