www.sabblok.blogspot.com
ਮੁਕੇਰੀਆਂ ਤੋਂ ਪੱਤਰ ਪ੍ਰੇਰਕ ਅਨੁਸਾਰ ਬੀਤੀ ਰਾਤ ਮੁਕੇਰੀਆਂ ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਜੰਡਵਾਲ ਨੇੜੇ ਤੇਜ਼ ਰਫਤਾਰ ਬੱਸ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ 25 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਸਥਾਨਕ ਲੋਕਾਂ ਵਲੋਂ ਐਂਬੂਲੈਂਸ ਅਤੇ ਪੁਲੀਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ। ਇਹ ਸਾਰੇ ਯਾਤਰੀ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਲਕਾਨਾ ਪਿੰਡ ਤੋਂ ਵੈਸ਼ਨੂੰ ਦੇਵੀ ਨੂੰ ਜਾ ਰਹੇ ਸਨ। ਇਸ ਹਾਦਸੇ ਦਾ ਕਾਰਨ ਬੱਸ ਦੀ ਤੇਜ਼ ਰਫ਼ਤਾਰ ਅਤੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਬੱਸ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਜਾਣਾ ਦੱਸਿਆ ਜਾ ਰਿਹਾ ਹੈ। ਬੱਸ ਦੇ ਡਰਾਈਵਰ ਤੇ ਕੰਡਕਟਰ ਫਰਾਰ ਹੋ ਗਏ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸਬੰਧਤ 36 ਦੇ ਕਰੀਬ ਲੋਕ ਗੁਪਤਾ ਟਰੈਵਲਰਜ਼ ਦੀ ਬੱਸ (ਯੂ.ਪੀ. 17 ਟੀ 4358) ਵਿੱਚ ਸਵਾਰ ਹੋ ਕੇ ਵੈਸ਼ਨੂੰ ਦੇਵੀ ਦੀ ਯਾਤਰਾ ਲਈ ਬੀਤੀ ਰਾਤ ਕਰੀਬ 8.40 ਵਜੇ ਉਲਕਾਨਾ ਤੋਂ ਚੱਲੇ ਸਨ। ਜਦੋਂ ਉਹ ਰਾਤ ਕਰੀਬ 2.45 ਵਜੇ ਜਲੰਧਰ ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਪਿੰਡ ਜੰਡਵਾਲ ਕੋਲ ਪੁੱਜੇ ਤਾਂ ਬੱਸ ਤੇਜ਼ ਰਫਤਾਰ ਹੋਣ ਅਤੇ ਡਰਾਈਵਰ ਨੂੰ ਨੀਂਦ ਆ ਜਾਣ ਕਰਕੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਹ ਬੱਸ ਇੰਨੀ ਜ਼ੋਰ ਨਾਲ ਦਰੱਖਤ ਵਿੱਚ ਵੱਜੀ ਕਿ ਸਵਾਰੀਆਂ ਬੱਸ ਵਿੱਚੋਂ ਦੂਰ ਜਾ ਡਿੱਗੀਆਂ। ਇਸ ਦਾ ਰੌਲਾ ਪੈਣ ’ਤੇ ਨਜ਼ਦੀਕੀ ਪਿੰਡ ਜੰਡਵਾਲ ਅਤੇ ਲਤੀਫ਼ਪੁਰ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਬੱਸਾਂ ਵਿੱਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ। ਇਸ ਹਾਦਸੇ ਵਿੱਚ 6 ਵਿਅਕਤੀਆਂ, ਜਿਨ੍ਹਾਂ ਵਿੱਚ ਇੱਕ ਹਿੰਦੀ ਅਖਬਾਰ ਦਾ ਪੱਤਰਕਾਰ ਮਦਨ ਲਾਲ ਸਿੰਗਲਾ (50) ਪੁੱਤਰ ਪੂਰਨ ਚੰਦ, ਸੁਰਜੀਤ ਸਿੰਘ (60) ਪੁੱਤਰ ਖੁੰਬੀ ਰਾਮ, ਮਾਨ ਸਿੰਘ (53) ਪੁੱਤਰ ਲਾਲ ਚੰਦ, ਸੁਭਾਸ਼ ਨਾਰੰਗ (55) ਸ਼ਾਮ ਲਾਲ ਨਾਰੰਗ, ਮਹਿੰਦਰ ਸਿੰਘ (50) ਸ਼ੋਭਾ ਚੰਦ, ਸੱਤਪਾਲ (60) ਪਿਰਥੀ ਸ਼ਾਮਲ ਹਨ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਕਰੀਬ 25 ਹੋਰ ਜਿਨ੍ਹਾਂ ਵਿੱਚ 3 ਬੱਚੇ ਅਤੇ ਕਰੀਬ 6 ਔਰਤਾਂ ਸ਼ਾਮਲ ਹਨ, ਜ਼ਖਮੀ ਹੋ ਗਈਆਂ। ਇਸ ਹਾਦਸੇ ’ਚ ਜ਼ਖਮੀ ਹੋਏ ਸਤਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਮੌਕੇ ਬੱਸ ਤੇਜ਼ ਰਫਤਾਰ ਵਿੱਚ ਸੀ ਅਤੇ ਇਹ ਹਾਦਸਾ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਇਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਹੈ ਅਤੇ ਇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 304 ਏ ਤਹਿਤ ਮਾਮਲਾ ਦਰਜ ਕਰਕੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
No comments:
Post a Comment