www.sabblok.blogspot.com
ਅਜਨਾਲਾ 19 ਨਵੰਬਰ--ਸਰਹੱਦੀ ਪਿੰਡ ਮੰਦਰਾਂਵਾਲਾ ਨਜ਼ਦੀਕ ਵਗਦੇ ਨੌਮਨੀ ਨਾਲੇ ਦੇ ਬਿਨਾਂ ਰੇਲਿੰਗ ਪੁਲ 'ਤੇ ਵਾਪਰੇ ਹਾਦਸੇ ਦੌਰਾਨ ਵਿਆਹ ਸਮਾਰੋਹ ਵਿਚ ਸ਼ਾਮਿਲ ਹੋ ਕੇ ਵਾਪਸ ਪਰਤ ਰਹੇ ਇਕ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਤਿੰਨ ਔਰਤਾਂ ਪੰਜ ਬੱਚੇ ਸ਼ਾਮਿਲ ਹਨ | ਜਾਣਕਾਰੀ ਅਨੁਸਾਰ ਆਬਾਦੀ ਚੰਡੀਗੜ੍ਹ ਦੇ ਸਰਪੰਚ ਜਸਪਾਲ ਸਿੰਘ ਦੇ ਲੜਕੇ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਆਏ ਪਿੰਡ ਅੱਕੂ ਮਸਤੇਕੇ (ਫਿਰੋਜ਼ਪੁਰ) ਤੋਂ ਲੜਕੇ ਦੇ ਨਾਨਕੇ ਪਰਿਵਾਰ ਦੇ 9 ਮੈਂਬਰਾਂ ਨੂੰ ਰਮਦਾਸ ਤੋਂ ਵਿਦਾ ਕਰਨ ਆ ਰਹੀ ਇੰਡੀਕਾ ਕਾਰ ਪੀ. ਬੀ. 29 ਕੇ 1454 ਨੂੰ ਬਿਨਾਂ ਰੇਲਿੰਗ ਪੁਲ 'ਤੇ ਹਾਦਸਾ ਵਾਪਰ ਗਿਆ ਤੇ ਕਾਰ ਡੂੰਘੇ ਪਾਣੀ ਵਿਚ ਡੁੱਬ ਗਈ, ਜਿਸ ਨਾਲ ਕਾਰ ਵਿਚ ਸਵਾਰ ਬਲਦੇਵ ਸਿੰਘ ਪੁੱਤਰ ਬਲਕਾਰ ਸਿੰਘ, ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ, ਰਾਜਵਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ, ਪਲਵਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ, ਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ, ਜਸਬੀਰ ਕੌਰ ਪਤਨੀ ਲਖਵਿੰਦਰ ਕੌਰ, ਕੁਲਵਿੰਦਰ ਕੌਰ ਪਤਨੀ ਸੁਖਦੇਵ ਸਿੰਘ, ਕਰਮਜੀਤ ਕੌਰ, ਪੁੱਤਰੀ ਸੁਖਦੇਵ ਸਿੰਘ, ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਕਾਰ ਚਲਾ ਰਹੇ ਇੰਦਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ | ਪਿੰਡ ਮੰਦਰਾਂਵਾਲਾ ਦੇ ਸਰਪੰਚ ਜਸਪਾਲ ਸਿੰਘ ਨੇ ਦੱਸਿਆ 'ਅੱਜ ਸਵੇਰੇ ਕਰੀਬ ਛੇ ਵਜੇ ਮੈਂ ਰੋਜ਼ਾਨਾ ਦੀ ਤਰ੍ਹਾਂ ਸੈਰ ਲਈ ਜਾ ਰਿਹਾ ਸੀ ਤਾਂ ਪੁਲ ਤੋਂ ਕਿਸੇ ਗੱਡੀ ਦੇ ਡਿੱਗਣ ਦਾ ਜ਼ੋਰਦਾਰ ਖੜਾਕ ਹੋਇਆ ਤਾਂ ਮੈਂ ਇਸ ਸਬੰਧੀ ਪਿੰਡ ਦੇ ਲੋਕਾਂ ਨੂੰ ਇਕੱਤਰ ਕਰਕੇ ਟਰੈਕਟਰ ਸਮੇਤ ਮੌਕੇ 'ਤੇ ਪਹੁੰਚਾ ਅਤੇ ਇਸ ਕਾਰ ਨੂੰ ਰੱਸਿਆਂ ਦੇ ਸਹਾਰੇ ਬਾਹਰ ਕੱਢਿਆ, ਜਿਸ ਵਿਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ |' ਘਟਨਾ ਦਾ ਪਤਾ ਲੱਗਦਿਆਂ ਹੀ ਐੱਸ. ਡੀ. ਅੱੈਮ. ਅਜਨਾਲਾ, ਨਾਇਬ ਤਹਿਸੀਲਦਾਰ ਰਮਦਾਸ, ਡੀ. ਐੱਸ. ਪੀ. ਅਜਨਾਲਾ ਤੇ ਐੱਸ. ਐੱਚ. ਓ. ਰਮਦਾਸ ਮੌਕੇ 'ਤੇ ਪਹੁੰਚੇ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਨੌਮਨੀ ਨਾਲੇ ਦੇ ਪੁਲ ਦਾ ਉਚੇਚੇ ਤੌਰ 'ਤੇ ਜ਼ਾਇਜ਼ਾ ਲੈਣ ਲਈ ਜ਼ਿਲ੍ਹਾ ਅੰਮਿ੍ਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਪੁੱਜੇ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਵੱਲੋਂ ਹਮਦਰਦੀ ਪ੍ਰਗਟ ਕੀਤੀ | ਇਸ ਘਟਨਾ 'ਤੇ ਹਲਕੇ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਵੀ ਪੀੜਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ |
No comments:
Post a Comment