www.sabblok.blogspot.com
ਨਵੀਂ ਦਿੱਲੀ 26 ਨਵੰਬਰ : ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਵੇਂ ਅਜੇ ਵੀ ਬਹੁਤੀ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ। ਪਰ ਦਿੱਲੀ ਦੇ ਪੰਜਾਬੀ ਅਤੇ ਸਿੱਖ ਆਬਾਦੀ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਚੋਣ ਮੁਹਿੰਮ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਅਗਲੇ 2 ਦਿਨਾਂ ਵਿਚ ਇਸਦੇ ਸਿਖਰ 'ਤੇ ਪਹੁੰਚ ਜਾਣ ਦੇ ਆਸਾਰ ਹਨ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦਿੱਲੀ ਪਹੁੰਚ ਗਏ ਹਨ ਤੇ ਉਨ੍ਹਾਂ ਨੇ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ: ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਚੋਣਾਂ ਦੇ ਸਬੰਧ ਵਿੱਚ ਅਕਾਲੀ ਦਲ ਵੱਲੋਂ ਰੱਖੀਆਂ ਕਈ ਮੀਟਿੰਗਾਂ 'ਚ ਸ਼ਾਮਿਲ ਹੋਣਗੇ। ਅੱਜ ਸ੍ਰੀ ਕਮਲ ਸ਼ਰਮਾ ਨਾਲ ਪੰਜਾਬ ਦੇ ਮੰਤਰੀ ਭਗਤ ਚੁੰਨੀ ਲਾਲ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਚੋਣ ਮੁਹਿੰਮ ਵਿਚ ਕੁੱਦ ਪਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ 'ਚ ਲੱਗੇ ਮੰਤਰੀਆਂ ਨੂੰ ਛੱਡ ਕੇ ਪੰਜਾਬ ਦੇ ਲਗਭਗ ਸਾਰੇ ਮੌਜੂਦਾ ਤੇ ਸਾਬਕਾ ਮੰਤਰੀ ਇਥੇ ਪਹੁੰਚ ਚੁੱਕੇ ਹਨ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਸ੍ਰੀ ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦਮਾਜਰਾ, ਸੇਵਾ ਸਿੰਘ ਸੇਖਵਾਂ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਸ਼ੇਰ ਸਿੰਘ ਘੁਬਾਇਆ, ਰਤਨ ਸਿੰਘ ਅਜਨਾਲਾ, ਸਵਰਨ ਸਿੰਘ ਫਿਲੌਰ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਅਜੀਤ ਸਿੰਘ ਕੁਹਾੜ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਬਚਨ ਸਿੰਘ ਬੱਬੇਹਾਲੀ, ਦੇਸ ਰਾਜ ਧੁੱਗਾ, ਬੀਬੀ ਕਿਰਨਜੋਤ ਕੌਰ, ਮਨਪ੍ਰੀਤ ਸਿੰਘ ਇਆਲੀ, ਰਣਜੀਤ ਸਿੰਘ ਤਲਵੰਡੀ, ਇਕਬਾਲ ਸਿੰਘ ਚੰਨੀ, ਇੰਦਰਇਕਬਾਲ ਸਿੰਘ ਅਟਵਾਲ, ਗੁਰਚਰਨ ਸਿੰਘ ਗਰੇਵਾਲ ਆਦਿ ਇਸ ਚੋਣ ਮੁਹਿੰਮ ਵਿਚ ਲੱਗੇ ਹੋਏ ਹਨ। ਅਕਾਲੀ ਦਲ ਭਾਵੇਂ ਸਿਰਫ਼ 4 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਿਹਾ ਹੈ ਪਰ ਉਸਦੇ ਚੋਣ ਦਫ਼ਤਰ ਵਿਚ ਇੱਕ ਦਰਜ਼ਨ ਤੋਂ ਵਧੇਰੇ ਆਗੂ ਕੰਮ ਕਰ ਰਹੇ ਹਨ। ਦਫ਼ਤਰ ਇੰਚਾਰਜ ਵਜੋਂ ਡਾ: ਦਲਜੀਤ ਸਿੰਘ ਚੀਮਾ, ਗੁਰਚਰਨ ਸਿੰਘ ਚੰਨੀ ਅਤੇ ਪਰਮਜੀਤ ਸਿੰਘ ਸਿੱਧਵਾਂ ਦੇ ਨਾਲ ਦਵਿੰਦਰ ਸਿੰਘ ਸਹੋਤਾ, ਗੁਰਜੀਤ ਸਿੰਘ ਧਨਦਰਨ ਤੇ ਹਰਿੰਦਰ ਸਿੰਘ ਵੀ ਸਹਾਇਕ ਵਜੋਂ ਕੰਮ ਕਰ ਰਹੇ ਹਨ। ਇੱਕ ਅੰਦਾਜ਼ੇ ਮੁਤਾਬਿਕ ਇਸ ਵੇਲੇ ਇੱਕ ਹਜ਼ਾਰ ਤੋਂ ਵਧੇਰੇ ਅਕਾਲੀ ਆਗੂ ਦਿੱਲੀ ਚੋਣਾਂ 'ਚ ਪਾਰਟੀ ਵਰਕਰਾਂ ਵਜੋਂ ਕੰਮ ਕਰ ਰਹੇ ਹਨ। ਅਕਾਲੀ ਦਲ ਦੇ ਕਈ ਸਾਬਕਾ ਵਿਧਾਇਕਾਂ ਦੇ ਜਿੰਮੇ ਸਿਰਫ਼ ਦੋ-ਦੋ ਬੂਥਾਂ ਦੀ ਜਿੰਮੇਵਾਰੀ ਹੀ ਸੌਂਪੀ ਗਈ ਹੈ। ਬਹੁਤੇ ਮੰਤਰੀਆਂ ਤੇ ਸਾਬਕਾ ਮੰਤਰੀਆਂ ਕੋਲ ਨਗਰ ਕੌਂਸਲ ਦੇ ਦੋ-ਦੋ ਵਾਰਡਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੀ ਹੈ।
No comments:
Post a Comment